Arca da aliança
A Arca da Aliança era o símbolo mais sagrado de Israel — representava a presença de Deus no meio do seu povo. Sobre ela brilhava a glória do Senhor entre os querubins.
ਨੇਮ ਦਾ ਸੰਦੂਕ
ਉਹ ਸ਼ਿੱਟੀਮ ਦੀ ਲੱਕੜੀ ਦਾ ਇੱਕ ਸੰਦੂਕ ਬਣਾਉਣ ਜਿਸ ਦੀ ਲੰਬਾਈ ਢਾਈ ਹੱਥ ਅਤੇ ਚੌੜਾਈ ਡੇਢ ਹੱਥ ਅਤੇ ਉਚਾਈ ਡੇਢ ਹੱਥ ਹੋਵੇ। ਤੂੰ ਉਸ ਉੱਤੇ ਕੁੰਦਨ ਸੋਨਾ ਮੜ੍ਹੀਂ ਅਤੇ ਤੂੰ ਉਸ ਨੂੰ ਅੰਦਰੋਂ ਬਾਹਰੋਂ ਮੜ੍ਹੀਂ ਅਤੇ ਤੂੰ ਉਸ ਉੱਤੇ ਸੋਨੇ ਦੀ ਬਨੇਰੀ ਚੁਫ਼ੇਰੇ ਬਣਾਈਂ। ਉਸ ਦੇ ਲਈ ਸੋਨੇ ਦੇ ਚਾਰ ਕੜੇ ਢਾਲ਼ ਕੇ ਉਹ ਦਿਆਂ ਚੌਹਾਂ ਪਾਵਿਆਂ ਵਿੱਚ ਲਾਈਂ ਅਰਥਾਤ ਦੋ ਕੜੇ ਇੱਕ ਪਾਸੇ ਦੋ ਕੜੇ ਦੂਜੇ ਪਾਸੇ। ਨਾਲੇ ਤੂੰ ਸ਼ਿੱਟੀਮ ਦੀ ਲੱਕੜੀ ਦੀਆਂ ਚੋਬਾਂ ਬਣਾਈਂ ਅਤੇ ਉਨ੍ਹਾਂ ਉੱਤੇ ਸੋਨਾ ਮੜ੍ਹੀਂ। ਤੂੰ ਉਨ੍ਹਾਂ ਚੋਬਾਂ ਨੂੰ ਸੰਦੂਕ ਦੇ ਪਾਸਿਆਂ ਦੇ ਕੜਿਆਂ ਵਿੱਚ ਪਾਵੀਂ ਤਾਂ ਜੋ ਉਨ੍ਹਾਂ ਨਾਲ ਸੰਦੂਕ ਚੁੱਕਿਆ ਜਾਵੇ। ਚੋਬਾਂ ਸੰਦੂਕ ਦੇ ਕੜਿਆਂ ਵਿੱਚ ਰਹਿਣ ਅਤੇ ਉਹ ਉਨ੍ਹਾਂ ਵਿੱਚੋਂ ਕੱਢੀਆਂ ਨਾ ਜਾਣ। ਤੂੰ ਉਸ ਸੰਦੂਕ ਵਿੱਚ ਉਹ ਸਾਖੀ ਰੱਖੀਂ ਜਿਹੜੀ ਮੈਂ ਤੈਨੂੰ ਦੇਵਾਂਗਾ। ਤੂੰ ਪ੍ਰਾਸਚਿਤ ਦਾ ਸਰਪੋਸ਼ ਕੁੰਦਨ ਸੋਨੇ ਦਾ ਬਣਾਈਂ ਜਿਸ ਦੀ ਲੰਬਾਈ ਢਾਈ ਹੱਥ ਅਤੇ ਚੌੜਾਈ ਡੇਢ ਹੱਥ ਹੋਵੇ। ਤੂੰ ਸੋਨੇ ਦੇ ਦੋ ਕਰੂਬੀ ਬਣਾਈਂ। ਤੂੰ ਉਨ੍ਹਾਂ ਨੂੰ ਘੜ੍ਹ ਕੇ ਪ੍ਰਾਸਚਿਤ ਦੇ ਸਰਪੋਸ਼ ਦੇ ਦੋਹਾਂ ਸਿਰਿਆਂ ਤੋਂ ਘੜ੍ਹ ਕੇ ਬਣਾਈਂ। ਤੂੰ ਇੱਕ ਕਰੂਬੀ ਇੱਕ ਸਿਰੇ ਤੋਂ ਅਤੇ ਦੂਜਾ ਕਰੂਬੀ ਦੂਜੇ ਸਿਰੇ ਤੋਂ ਬਣਾਈਂ। ਪ੍ਰਾਸਚਿਤ ਦੇ ਸਰਪੋਸ਼ ਹੀ ਤੋਂ ਤੁਸੀਂ ਦੋਹਾਂ ਪਾਸਿਆਂ ਉੱਤੇ ਕਰੂਬੀਆਂ ਨੂੰ ਬਣਾਇਓ। ਅਤੇ ਉਹ ਕਰੂਬੀ ਆਪਣੇ ਦੋਵੇਂ ਖੰਭ ਉਤਾਹਾਂ ਨੂੰ ਖਿਲਾਰੇ ਹੋਣ ਅਤੇ ਉਹ ਆਪਣੇ ਖੰਭਾਂ ਨਾਲ ਪ੍ਰਾਸਚਿਤ ਦੇ ਸਰਪੋਸ਼ ਨੂੰ ਢੱਕਦੇ ਹੋਣ ਅਤੇ ਉਨ੍ਹਾਂ ਦੇ ਮੂੰਹ ਆਹਮੋ-ਸਾਹਮਣੇ ਹੋਣ ਅਤੇ ਕਰੂਬੀਆਂ ਦੇ ਮੂੰਹ ਪ੍ਰਾਸਚਿਤ ਦੇ ਸਰਪੋਸ਼ ਵੱਲ ਹੋਣ। ਅਤੇ ਤੂੰ ਪ੍ਰਾਸਚਿਤ ਨੂੰ ਉਤਾਂਹ ਸੰਦੂਕ ਦੇ ਉੱਤੇ ਰੱਖੀਂ ਅਤੇ ਤੂੰ ਉਸ ਸਾਖੀ ਨੂੰ ਜਿਹੜੀ ਮੈਂ ਤੈਨੂੰ ਦਿਆਂਗਾ ਸੰਦੂਕ ਵਿੱਚ ਰੱਖੀਂ।
ਤਦ ਮੈਂ ਤੈਨੂੰ ਉੱਥੇ ਮਿਲਾਂਗਾ ਅਤੇ ਤੇਰੇ ਨਾਲ ਪ੍ਰਾਸਚਿਤ ਦੇ ਸਰਪੋਸ਼ ਦੇ ਉੱਤੋਂ ਦੋਹਾਂ ਕਰੂਬੀਆਂ ਦੇ ਵਿੱਚੋਂ ਦੀ ਜਿਹੜੇ ਸਾਖੀ ਦੇ ਸੰਦੂਕ ਦੇ ਉੱਤੇ ਹਨ ਮੈਂ ਉਹ ਗੱਲਾਂ ਕਰਾਂਗਾ ਜਿਨ੍ਹਾਂ ਦਾ ਤੈਨੂੰ ਇਸਰਾਏਲੀਆਂ ਲਈ ਹੁਕਮ ਦਿਆਂਗਾ।
ਨੇਮ ਦਾ ਸੰਦੂਕ ਬਣਾਇਆ ਜਾਣਾ
ਬਸਲਏਲ ਨੇ ਸ਼ਿੱਟੀਮ ਦੀ ਲੱਕੜੀ ਦਾ ਇੱਕ ਸੰਦੂਕ ਬਣਾਇਆ ਜਿਸ ਦੀ ਲੰਬਾਈ ਢਾਈ ਹੱਥ ਚੌੜਾਈ ਡੇਢ ਹੱਥ ਅਤੇ ਉਚਾਈ ਡੇਢ ਹੱਥ ਸੀ।
ਡੇਰੇ ਦਾ ਖੜਾ ਕੀਤਾ ਜਾਣਾ
ਫੇਰ ਯਹੋਵਾਹ ਮੂਸਾ ਨੂੰ ਬੋਲਿਆ ਕਿ ਪਹਿਲੇ ਮਹੀਨੇ ਦੇ ਪਹਿਲੇ ਦਿਨ ਤੂੰ ਡੇਰੇ ਦੀ ਮੰਡਲੀ ਦਾ ਤੰਬੂ ਖੜਾ ਕਰੀਂ। ਤੂੰ ਉਸ ਵਿੱਚ ਸਾਖੀ ਦਾ ਸੰਦੂਕ ਰੱਖੀਂ ਅਤੇ ਸੰਦੂਕ ਨੂੰ ਪਰਦੇ ਨਾਲ ਵੱਖਰਾ ਕਰੀਂ।
ਫੇਰ ਉਸ ਸਾਖੀ ਨੂੰ ਲੈ ਕੇ ਸੰਦੂਕ ਵਿੱਚ ਪਾਇਆ ਅਤੇ ਚੋਬਾਂ ਸੰਦੂਕ ਉੱਤੇ ਰੱਖੀਆਂ ਅਤੇ ਪ੍ਰਾਸਚਿਤ ਦਾ ਸਰਪੋਸ਼ ਉਤਾਹਾਂ ਸੰਦੂਕ ਦੇ ਉੱਤੇ ਰੱਖਿਆ। ਉਹ ਸੰਦੂਕ ਨੂੰ ਡੇਰੇ ਦੇ ਅੰਦਰ ਲਿਆਇਆ ਅਤੇ ਓਟ ਦਾ ਪੜਦਾ ਲਮਕਾਇਆ ਅਤੇ ਸਾਖੀ ਦੇ ਸੰਦੂਕ ਨੂੰ ਓਟ ਵਿੱਚ ਰੱਖਿਆ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।
ਜਦ ਮੂਸਾ ਮੰਡਲੀ ਦੇ ਤੰਬੂ ਵਿੱਚ ਯਹੋਵਾਹ ਦੇ ਨਾਲ ਗੱਲਾਂ ਕਰਨ ਲਈ ਗਿਆ, ਤਦ ਉਸ ਨੇ ਉਸ ਆਵਾਜ਼ ਨੂੰ ਪ੍ਰਾਸਚਿਤ ਦੇ ਸਰਪੋਸ਼ ਦੇ ਉੱਤੇ ਜਿਹੜਾ ਸਾਖੀ ਦੇ ਸੰਦੂਕ ਦੇ ਉੱਤੇ ਸੀ, ਦੋਹਾਂ ਕਰੂਬੀਆਂ ਦੇ ਵਿੱਚੋਂ ਦੀ ਬੋਲਦੇ ਸੁਣਿਆ ਅਤੇ ਯਹੋਵਾਹ ਉਸ ਦੇ ਨਾਲ ਬੋਲਿਆ।
ਲੋਕਾਂ ਦੀ ਕੂਚ
ਫੇਰ ਇਸਰਾਏਲੀਆਂ ਨੇ ਯਹੋਵਾਹ ਦੇ ਪਰਬਤ ਤੋਂ ਤਿੰਨ ਦਿਨਾਂ ਦਾ ਸਫ਼ਰ ਕੀਤਾ ਅਤੇ ਉਨ੍ਹਾਂ ਲਈ ਵਿਸ਼ਰਾਮ ਦੀ ਥਾਂ ਲੱਭਣ ਲਈ ਯਹੋਵਾਹ ਦੇ ਨੇਮ ਦੇ ਸੰਦੂਕ ਨੇ ਵੀ ਉਨ੍ਹਾਂ ਦੇ ਅੱਗੇ-ਅੱਗੇ ਤਿੰਨ ਦਿਨਾਂ ਦਾ ਸਫ਼ਰ ਕੀਤਾ। ਜਦ ਉਹ ਡੇਰੇ ਤੋਂ ਕੂਚ ਕਰਦੇ ਸਨ ਤਾਂ ਦਿਨ ਦੇ ਵੇਲੇ ਯਹੋਵਾਹ ਦਾ ਬੱਦਲ ਉਨ੍ਹਾਂ ਦੇ ਉੱਤੇ ਹੁੰਦਾ ਸੀ। ਇਸ ਤਰ੍ਹਾਂ ਹੁੰਦਾ ਸੀ, ਕਿ ਜਦ ਸੰਦੂਕ ਦਾ ਕੂਚ ਹੁੰਦਾ ਸੀ ਤਾਂ ਮੂਸਾ ਆਖਦਾ ਸੀ "ਹੇ ਯਹੋਵਾਹ, ਉੱਠ ਅਤੇ ਤੇਰੇ ਵੈਰੀ ਖਿੱਲਰ ਜਾਣ ਅਤੇ ਤੇਰੇ ਤੋਂ ਘਿਣ ਕਰਨ ਵਾਲੇ ਤੇਰੇ ਅੱਗੋਂ ਭੱਜ ਜਾਣ।" ਅਤੇ ਜਦ ਸੰਦੂਕ ਠਹਿਰਦਾ ਸੀ ਤਾਂ ਮੂਸਾ ਕਹਿੰਦਾ ਹੁੰਦਾ ਸੀ, "ਹੇ ਯਹੋਵਾਹ, ਇਸਰਾਏਲ ਦੇ ਲੱਖਾਂ ਹਜ਼ਾਰਾਂ ਵਿੱਚ ਮੁੜ ਆ।"
ਹਾਰੂਨ ਦੀ ਲਾਠੀ ਦੇ ਵਿੱਚ ਕੂੰਬਲਾਂ
ਯਹੋਵਾਹ ਨੇ ਮੂਸਾ ਨੂੰ ਆਖਿਆ, ਇਸਰਾਏਲੀਆਂ ਨੂੰ ਆਖ ਅਤੇ ਉਨ੍ਹਾਂ ਤੋਂ ਗੋਤਾਂ ਦੇ ਅਨੁਸਾਰ ਉਹਨਾਂ ਦੇ ਸਾਰਿਆਂ ਪ੍ਰਧਾਨਾਂ ਦੇ ਕੋਲੋਂ ਇੱਕ-ਇੱਕ ਢਾਂਗਾ ਲੈ ਅਤੇ ਉਹਨਾਂ ਉੱਤੇ ਉਹਨਾਂ ਦੇ ਬਾਰਾਂ ਪੁਰਖਿਆਂ ਦੇ ਨਾਮ ਲਿਖ। ਤੂੰ ਹਾਰੂਨ ਦਾ ਨਾਮ ਲੇਵੀ ਦੇ ਢਾਂਗੇ ਉੱਤੇ ਲਿਖੀਂ ਕਿਉਂ ਜੋ ਇੱਕ-ਇੱਕ ਢਾਂਗਾ ਉਨ੍ਹਾਂ ਦੇ ਪੁਰਖਿਆਂ ਦੇ ਘਰਾਣਿਆਂ ਦੇ ਹਰ ਮੁਖੀਏ ਦੇ ਲਈ ਹੋਵੇਗਾ। ਅਤੇ ਉਨ੍ਹਾਂ ਢਾਂਗਿਆਂ ਨੂੰ ਮੰਡਲੀ ਦੇ ਤੰਬੂ ਵਿੱਚ ਉਸ ਸਾਖੀ ਦੇ ਸੰਦੂਕ ਅੱਗੇ ਜਿੱਥੇ ਮੈਂ ਤੈਨੂੰ ਮਿਲਦਾ ਹਾਂ, ਰੱਖਦੇ। ਜਿਸ ਮਨੁੱਖ ਨੂੰ ਮੈਂ ਚੁਣਾਂਗਾ, ਉਸ ਦੇ ਢਾਂਗੇ ਵਿੱਚੋਂ ਕੁੰਬਲਾਂ ਨਿੱਕਲ ਆਉਣਗੀਆਂ ਅਤੇ ਮੈਂ ਆਪਣੀ ਵੱਲੋਂ ਇਸਰਾਏਲੀਆਂ ਦੀ ਬੁੜ ਬੁੜਾਹਟ ਨੂੰ, ਜਿਹੜੀ ਉਹ ਤੁਹਾਡੇ ਵਿਰੁੱਧ ਬੁੜ-ਬੁੜਾਉਂਦੇ ਹਨ, ਦੂਰ ਕਰ ਦਿਆਂਗਾ। ਮੂਸਾ ਨੇ ਇਸਰਾਏਲੀਆਂ ਨੂੰ ਇਹ ਗੱਲ ਆਖੀ ਅਤੇ ਉਨ੍ਹਾਂ ਦੇ ਸਾਰੇ ਪ੍ਰਧਾਨਾਂ ਨੇ ਆਪਣੇ ਲਈ, ਆਪਣੇ ਪੁਰਖਿਆਂ ਦੇ ਗੋਤਾਂ ਦੇ ਅਨੁਸਾਰ ਢਾਂਗੇ ਦਿੱਤੇ, ਇਸ ਤਰ੍ਹਾਂ ਬਾਰਾਂ ਢਾਂਗੇ ਹੋਏ ਅਤੇ ਉਨ੍ਹਾਂ ਬਾਰਾਂ ਢਾਂਗਿਆਂ ਵਿੱਚ ਹਾਰੂਨ ਦਾ ਢਾਂਗਾ ਵੀ ਸੀ। ਮੂਸਾ ਨੇ ਉਨ੍ਹਾਂ ਢਾਂਗਿਆਂ ਨੂੰ ਸਾਖੀ ਦੇ ਤੰਬੂ ਵਿੱਚ ਯਹੋਵਾਹ ਦੇ ਅੱਗੇ ਰੱਖ ਦਿੱਤਾ। ਦੂਜੇ ਦਿਨ ਮੂਸਾ ਸਾਖੀ ਦੇ ਤੰਬੂ ਵਿੱਚ ਗਿਆ, ਅਤੇ ਕੀ ਵੇਖਿਆ ਕਿ ਹਾਰੂਨ ਦਾ ਢਾਂਗਾ ਜੋ ਲੇਵੀ ਦੇ ਪਰਿਵਾਰ ਦਾ ਸੀ, ਉਸ ਵਿੱਚੋਂ ਕੁੰਬਲਾਂ ਫੁੱਟੀਆਂ ਹੋਈਆਂ ਸਨ ਅਰਥਾਤ ਉਸ ਉੱਤੇ ਫੁੱਲ ਅਤੇ ਪੱਕੇ ਬਦਾਮ ਵੀ ਲੱਗੇ ਹੋਏ ਸਨ। ਤਦ ਮੂਸਾ ਉਹਨਾਂ ਸਾਰਿਆਂ ਢਾਂਗਿਆਂ ਨੂੰ ਯਹੋਵਾਹ ਦੇ ਅੱਗੋਂ ਲੈ ਕੇ ਇਸਰਾਏਲੀਆਂ ਕੋਲ ਬਾਹਰ ਲੈ ਆਇਆ ਅਤੇ ਉਨ੍ਹਾਂ ਨੇ ਆਪਣੇ-ਆਪਣੇ ਢਾਂਗੇ ਨੂੰ ਪਹਿਚਾਣ ਕੇ ਲੈ ਲਿਆ। ਯਹੋਵਾਹ ਨੇ ਮੂਸਾ ਨੂੰ ਆਖਿਆ, ਹਾਰੂਨ ਦਾ ਢਾਂਗਾ ਵਿਦਰੋਹ ਕਰਨ ਵਾਲਿਆਂ ਲਈ ਨਿਸ਼ਾਨ ਹੋਣ ਲਈ ਮੋੜ ਕੇ, ਸਾਖੀ ਦੇ ਅੱਗੇ ਫਿਰ ਰੱਖਦੇ ਤਾਂ ਜੋ ਤੂੰ ਮੇਰੇ ਵਿਰੁੱਧ ਉਨ੍ਹਾਂ ਦੀ ਬੁੜ ਬੁੜਾਹਟ ਨੂੰ ਮਿਟਾ ਦੇਵੇ ਕਿਤੇ ਅਜਿਹਾ ਨਾ ਹੋਵੇ ਕਿ ਮਰ ਜਾਣ। ਮੂਸਾ ਨੇ ਉਸੇ ਤਰ੍ਹਾਂ ਹੀ ਕੀਤਾ, ਜਿਵੇਂ ਯਹੋਵਾਹ ਨੇ ਉਹ ਨੂੰ ਹੁਕਮ ਦਿੱਤਾ ਸੀ।
ਤਦ ਇਸ ਤਰ੍ਹਾਂ ਹੋਇਆ ਕਿ ਜਦ ਲੋਕ ਆਪਣਿਆਂ ਤੰਬੂਆਂ ਤੋਂ ਤੁਰੇ ਕਿ ਯਰਦਨ ਦੇ ਪਾਰ ਲੰਘਣ ਅਤੇ ਜਾਜਕਾਂ ਨੇ ਲੋਕਾਂ ਦੇ ਅੱਗੇ-ਅੱਗੇ ਨੇਮ ਦੇ ਸੰਦੂਕ ਨੂੰ ਚੁੱਕਿਆ ਹੋਇਆ ਸੀ। ਜਦ ਨੇਮ ਦੇ ਸੰਦੂਕ ਨੂੰ ਚੁੱਕਣ ਵਾਲੇ ਯਰਦਨ ਤੱਕ ਆਏ ਅਤੇ ਜਿਹੜੇ ਸੰਦੂਕ ਨੂੰ ਚੁੱਕੀ ਜਾਂਦੇ ਸਨ ਉਹਨਾਂ ਜਾਜਕਾਂ ਦੇ ਪੈਰ ਕੰਢੇ ਦੇ ਪਾਣੀ ਵਿੱਚ ਡੁੱਬੇ ਕਿਉਂ ਜੋ ਯਰਦਨ ਦਾ ਦਰਿਆ ਫ਼ਸਲ ਵੱਢਣ ਦੇ ਸਾਰੇ ਸਮੇਂ ਵਿੱਚ ਆਪਣਿਆਂ ਸਾਰਿਆਂ ਕੰਢਿਆਂ ਉੱਤੇ ਚੜ੍ਹ ਜਾਂਦਾ ਸੀ। ਤਾਂ ਉੱਤੋਂ ਵਗਣ ਵਾਲੇ ਪਾਣੀ ਆਦਾਮ ਸ਼ਹਿਰ ਦੇ ਕੋਲ ਜਿਹੜਾ ਸਾਰਥਾਨ ਦੇ ਲਾਗੇ ਹੈ ਬਹੁਤ ਦੂਰੋਂ ਠਹਿਰ ਗਏ ਅਤੇ ਇੱਕ ਢੇਰ ਹੋ ਕੇ ਖਲੋ ਗਏ ਅਤੇ ਉਹ ਪਾਣੀ ਜਿਹੜੇ ਅਰਾਬਾਹ ਦੇ ਸਮੁੰਦਰ ਅਰਥਾਤ ਖਾਰੇ ਸਮੁੰਦਰ ਵੱਲ ਵਹਿੰਦੇ ਸਨ ਪੂਰੀ ਤਰ੍ਹਾਂ ਹੀ ਅੱਡ ਹੋ ਗਏ ਤਾਂ ਲੋਕ ਯਰੀਹੋ ਸ਼ਹਿਰ ਦੇ ਸਾਹਮਣੇ ਹੀ ਪਾਰ ਲੰਘੇ। ਅਤੇ ਉਹ ਜਾਜਕ ਜਿਹੜੇ ਯਹੋਵਾਹ ਦੇ ਨੇਮ ਦੇ ਸੰਦੂਕ ਨੂੰ ਚੁੱਕਦੇ ਸਨ ਯਰਦਨ ਦੇ ਵਿਚਕਾਰ ਸੁੱਕੀ ਧਰਤੀ ਉੱਤੇ ਪੱਕੇ ਪੈਰੀਂ ਖਲੋ ਗਏ ਅਤੇ ਸਾਰੇ ਇਸਰਾਏਲੀ ਸੁੱਕੀ ਧਰਤੀ ਦੇ ਉੱਤੋਂ ਦੀ ਪਾਰ ਹੋ ਗਏ ਜਦ ਤੱਕ ਸਾਰੀ ਕੌਮ ਯਰਦਨ ਦੇ ਪਾਰ ਲੰਘ ਨਾ ਚੁੱਕੀ।
ਤਦ ਇਸ ਤਰ੍ਹਾਂ ਹੋਇਆ ਕਿ ਜਦ ਉਹ ਜਾਜਕ ਜਿਹੜੇ ਯਹੋਵਾਹ ਦੇ ਨੇਮ ਦੇ ਸੰਦੂਕ ਨੂੰ ਚੁੱਕੀ ਜਾਂਦੇ ਸਨ ਯਰਦਨ ਵਿੱਚੋਂ ਬਾਹਰ ਆਏ ਅਤੇ ਜਦ ਉਹਨਾਂ ਜਾਜਕਾਂ ਦੇ ਪੈਰਾਂ ਦੀਆਂ ਤਲੀਆਂ ਸੁੱਕੀ ਧਰਤੀ ਉੱਤੇ ਟਿਕੀਆਂ ਤਾਂ ਯਰਦਨ ਦੇ ਪਾਣੀ ਆਪਣੇ ਥਾਂ ਉੱਤੇ ਮੁੜ ਆਏ ਅਤੇ ਅੱਗੇ ਵਾਂਗੂੰ ਆਪਣਿਆਂ ਸਾਰਿਆਂ ਕੰਢਿਆਂ ਉੱਤੇ ਚੜ੍ਹ ਗਏ।
ਯਰੀਹੋ ਦਾ ਪਤਨ
ਯਰੀਹੋ ਦੇ ਸਾਰੇ ਫਾਟਕ ਇਸਰਾਏਲੀਆਂ ਦੇ ਕਾਰਨ ਵੱਡੀ ਸਖ਼ਤੀ ਦੇ ਨਾਲ ਬੰਦ ਕੀਤੇ ਹੋਏ ਸੀ, ਨਾ ਕੋਈ ਅੰਦਰ ਆ ਸਕਦਾ ਸੀ, ਨਾ ਕੋਈ ਬਾਹਰ ਜਾ ਸਕਦਾ ਸੀ। ਯਹੋਵਾਹ ਨੇ ਯਹੋਸ਼ੁਆ ਨੂੰ ਆਖਿਆ ਕਿ ਵੇਖ ਮੈਂ ਯਰੀਹੋ, ਉਸ ਦੇ ਰਾਜੇ ਅਤੇ ਉਸ ਦੇ ਸੂਰਬੀਰਾਂ ਨੂੰ ਤੇਰੇ ਹੱਥ ਵਿੱਚ ਦੇ ਦਿੱਤਾ ਹੈ। ਇਸ ਲਈ ਤੁਸੀਂ ਸਾਰੇ ਯੋਧੇ ਸ਼ਹਿਰ ਨੂੰ ਘੇਰ ਲਓ ਅਤੇ ਇੱਕ ਵਾਰੀ ਸ਼ਹਿਰ ਦੇ ਆਲੇ-ਦੁਆਲੇ ਚੱਕਰ ਲਗਾਓ ਅਤੇ ਛੇਆਂ ਦਿਨਾਂ ਤੱਕ ਤੁਸੀਂ ਅਜਿਹਾ ਹੀ ਕਰਨਾ। ਸਭ ਜਾਜਕ ਸੰਦੂਕ ਦੇ ਅੱਗੇ ਮੇਢੇ ਦੇ ਸਿੰਗਾਂ ਦੀਆਂ ਸੱਤ ਤੁਰ੍ਹੀਆਂ ਲੈ ਜਾਣ ਅਤੇ ਤੁਸੀਂ ਸੱਤਵੇਂ ਦਿਨ ਸੱਤ ਵਾਰੀ ਸ਼ਹਿਰ ਦੇ ਦੁਆਲੇ ਚੱਕਰ ਲਗਾਉਣਾ ਅਤੇ ਜਾਜਕ ਤੁਰ੍ਹੀਆਂ ਵਜਾਉਣ। ਜਦ ਉਹ ਦੇਰ ਤੱਕ ਮੇਢੇ ਦੇ ਸਿੰਗਾਂ ਦੀਆਂ ਤੁਰ੍ਹੀਆਂ ਵਜਾਉਣ ਅਤੇ ਜਦ ਤੁਸੀਂ ਤੁਰ੍ਹੀ ਦੀ ਅਵਾਜ਼ ਸੁਣੋ ਤਾਂ ਸਾਰੇ ਲੋਕ ਵੱਡੇ ਜ਼ੋਰ ਨਾਲ ਜੈ ਜੈ ਕਾਰ ਕਰਨ ਤਾਂ ਸ਼ਹਿਰ ਦੀ ਸ਼ਹਿਰਪਨਾਹ ਨੀਂਹ ਤੋਂ ਡਿੱਗ ਪਵੇਗੀ ਅਤੇ ਪਰਜਾ ਵਿੱਚੋਂ ਹਰ ਮਨੁੱਖ ਆਪਣੇ ਸਾਹਮਣੇ ਸਿੱਧਾ ਉਤਾਹਾਂ ਜਾਵੇਗਾ। ਇਸ ਲਈ ਨੂਨ ਦੇ ਪੁੱਤਰ ਯਹੋਸ਼ੁਆ ਨੇ ਜਾਜਕਾਂ ਨੂੰ ਬੁਲਾਇਆ ਅਤੇ ਉਹਨਾਂ ਨੂੰ ਆਖਿਆ, ਤੁਸੀਂ ਨੇਮ ਦੇ ਸੰਦੂਕ ਨੂੰ ਚੁੱਕ ਲਓ ਅਤੇ ਜਾਜਕ ਸੱਤ ਤੁਰ੍ਹੀਆਂ ਯਹੋਵਾਹ ਦੇ ਸੰਦੂਕ ਦੇ ਅੱਗੇ ਚੁੱਕ ਲੈਣ। ਫਿਰ ਉਸ ਨੇ ਉਹਨਾਂ ਲੋਕਾਂ ਨੂੰ ਆਖਿਆ, ਲੰਘੋ ਅਤੇ ਸ਼ਹਿਰ ਨੂੰ ਘੇਰ ਲਓ ਅਤੇ ਸ਼ਸਤਰ ਧਾਰੀ ਯਹੋਵਾਹ ਦੇ ਸੰਦੂਕ ਦੇ ਅੱਗੇ ਲੰਘਣ।
ਲੋਕਾਂ ਨੇ ਜੈਕਾਰਾ ਗਜਾਇਆ ਅਤੇ ਜਾਜਕਾਂ ਨੇ ਤੁਰ੍ਹੀਆਂ ਵਜਾਈਆਂ ਤਾਂ ਇਸ ਤਰ੍ਹਾਂ ਹੋਇਆ ਕਿ ਜਦ ਲੋਕਾਂ ਨੇ ਤੁਰ੍ਹੀਆਂ ਦੀ ਅਵਾਜ਼ ਸੁਣੀ ਅਤੇ ਲੋਕ ਗੱਜ ਕੇ ਜੈਕਾਰਾ ਬੋਲੇ ਤਾਂ ਸ਼ਹਿਰ ਦੀ ਚਾਰ-ਦੀਵਾਰੀ ਡਿੱਗ ਗਈ ਇੱਥੋਂ ਤੱਕ ਕਿ ਲੋਕਾਂ ਵਿੱਚੋਂ ਹਰ ਮਨੁੱਖ ਆਪਣੇ ਸਾਹਮਣੇ ਸਿੱਧਾ ਸ਼ਹਿਰ ਵਿੱਚ ਜਾ ਵੜਿਆ ਤੇ ਸ਼ਹਿਰ ਨੂੰ ਜਿੱਤ ਲਿਆ।
ਤਦ ਫ਼ਲਿਸਤੀਆਂ ਨੇ ਇਸਰਾਏਲ ਦਾ ਸਾਹਮਣਾ ਕਰਨ ਨੂੰ ਆਪਣੀ ਕਤਾਰ ਬੰਨ੍ਹੀ ਅਤੇ ਜਦੋਂ ਲੜਾਈ ਵੱਧ ਗਈ ਤਾਂ ਇਸਰਾਏਲੀ ਫ਼ਲਿਸਤੀਆਂ ਤੋਂ ਹਾਰ ਗਏ ਅਤੇ ਉਨ੍ਹਾਂ ਨੇ ਇਸਰਾਏਲੀਆਂ ਦੀ ਫ਼ੌਜ ਵਿੱਚੋਂ ਜੋ ਮੈਦਾਨ ਵਿੱਚ ਸੀ, ਚਾਰ ਹਜ਼ਾਰ ਦੇ ਲੱਗਭੱਗ ਮਨੁੱਖ ਵੱਢ ਸੁੱਟੇ। ਜਦ ਲੋਕ ਛਾਉਣੀ ਵਿੱਚ ਮੁੜ ਆਏ ਤਾਂ ਇਸਰਾਏਲ ਦੇ ਬਜ਼ੁਰਗਾਂ ਨੇ ਆਖਿਆ, ਯਹੋਵਾਹ ਨੇ ਸਾਨੂੰ ਫ਼ਲਿਸਤੀਆਂ ਦੇ ਅੱਗੇ ਅੱਜ ਹਾਰ ਕਿਉਂ ਦਿੱਤੀ? ਆਓ, ਅਸੀਂ ਪਰਮੇਸ਼ੁਰ ਦੇ ਨੇਮ ਦਾ ਸੰਦੂਕ ਸ਼ੀਲੋਹ ਤੋਂ ਆਪਣੇ ਕੋਲ ਲੈ ਆਈਏ ਕਿ ਉਹ ਸਾਡੇ ਵਿਚਕਾਰ ਹੋ ਕੇ ਸਾਡੇ ਵੈਰੀਆਂ ਦੇ ਹੱਥੋਂ ਸਾਨੂੰ ਛੁਡਾਵੇ। ਸੋ ਉਹਨਾਂ ਨੇ ਸ਼ੀਲੋਹ ਵਿੱਚ ਲੋਕ ਭੇਜੇ ਜੋ ਸੈਨਾਵਾਂ ਦੇ ਯਹੋਵਾਹ ਦੇ ਨੇਮ ਦੇ ਸੰਦੂਕ ਨੂੰ, ਜੋ ਦੋ ਕਰੂਬੀਆਂ ਦੇ ਵਿਚਕਾਰ ਬਿਰਾਜਮਾਨ ਹੈ, ਉੱਥੋਂ ਲੈ ਆਉਣ ਅਤੇ ਏਲੀ ਦੇ ਦੋਵੇਂ ਪੁੱਤਰ ਹਾਫ਼ਨੀ ਅਤੇ ਫ਼ੀਨਹਾਸ ਪਰਮੇਸ਼ੁਰ ਦੇ ਨੇਮ ਦੇ ਸੰਦੂਕ ਕੋਲ ਉੱਥੇ ਸਨ।
ਅਤੇ ਜਿਸ ਵੇਲੇ ਯਹੋਵਾਹ ਦੇ ਨੇਮ ਦਾ ਸੰਦੂਕ ਛਾਉਣੀ ਵਿੱਚ ਆ ਪਹੁੰਚਿਆ ਤਦ ਸਾਰੇ ਇਸਰਾਏਲ ਨੇ ਵੱਡੀ ਅਵਾਜ਼ ਨਾਲ ਜੈਕਾਰਾ ਬੁਲਾਇਆ, ਜਿਸ ਨਾਲ ਧਰਤੀ ਕੰਬ ਉੱਠੀ। ਜਦ ਫ਼ਲਿਸਤੀਆਂ ਨੇ ਜੈਕਾਰੇ ਦੀ ਅਵਾਜ਼ ਸੁਣੀ ਤਾਂ ਬੋਲੇ, ਇਨ੍ਹਾਂ ਇਬਰਾਨੀਆਂ ਦੀ ਛਾਉਣੀ ਵਿੱਚ ਇਹ ਜੈਕਾਰੇ ਦੀ ਕਿਹੋ ਜਿਹੀ ਅਵਾਜ਼ ਹੈ? ਫੇਰ ਉਨ੍ਹਾਂ ਨੇ ਜਾਣਿਆ ਕਿ ਯਹੋਵਾਹ ਦੇ ਨੇਮ ਦਾ ਸੰਦੂਕ ਛਾਉਣੀ ਵਿੱਚ ਪਹੁੰਚ ਗਿਆ ਹੈ। ਤਦ ਫ਼ਲਿਸਤੀ ਡਰ ਗਏ ਕਿਉਂ ਜੋ ਉਨ੍ਹਾਂ ਨੇ ਆਖਿਆ, ਪਰਮੇਸ਼ੁਰ ਛਾਉਣੀ ਵਿੱਚ ਆ ਗਿਆ ਹੈ! ਅਤੇ ਬੋਲੇ, ਸਾਡੇ ਉੱਤੇ ਹਾਏ! ਕਿਉਂ ਜੋ ਅੱਜ ਤੋਂ ਪਹਿਲਾਂ ਅਜਿਹੀ ਗੱਲ ਕਦੀ ਨਹੀਂ ਹੋਈ। ਹਾਏ! ਅਜਿਹੇ ਬਲਵੰਤ ਪਰਮੇਸ਼ੁਰ ਦੇ ਹੱਥੋਂ ਸਾਨੂੰ ਕੌਣ ਬਚਾਵੇਗਾ? ਇਹ ਉਹ ਦੇਵਤੇ ਹਨ ਜਿਨ੍ਹਾਂ ਨੇ ਮਿਸਰੀਆਂ ਨੂੰ ਉਜਾੜ ਵਿੱਚ ਸਭ ਪ੍ਰਕਾਰ ਦੀਆਂ ਬਵਾਂ ਨਾਲ ਮਾਰਿਆ ਸੀ। ਹੇ ਫ਼ਲਿਸਤੀਓ, ਤੁਸੀਂ ਤਕੜੇ ਹੋਵੇ ਅਤੇ ਮਰਦ ਬਣੋ ਜੋ ਤੁਸੀਂ ਇਬਰਾਨੀਆਂ ਦੇ ਗ਼ੁਲਾਮ ਨਾ ਬਣੋ ਜਿਵੇਂ ਉਹ ਤੁਹਾਡੇ ਗ਼ੁਲਾਮ ਬਣੇ ਸਨ, ਸਗੋਂ ਮਰਦ ਬਣੋ ਅਤੇ ਲੜੋ!
ਸੋ ਫ਼ਲਿਸਤੀ ਲੜੇ ਅਤੇ ਇਸਰਾਏਲ ਉਹਨਾਂ ਤੋਂ ਹਾਰ ਗਿਆ ਅਤੇ ਉਹ ਆਪੋ ਆਪਣੇ ਤੰਬੂਆਂ ਵੱਲ ਨੱਠੇ ਅਤੇ ਉੱਥੇ ਬਹੁਤ ਲੜਾਈ ਹੋਈ ਕਿਉਂ ਜੋ ਤੀਹ ਹਜ਼ਾਰ ਇਸਰਾਏਲੀ ਮਾਰੇ ਗਏ, ਪਰਮੇਸ਼ੁਰ ਦਾ ਸੰਦੂਕ ਖੋਹ ਲਿਆ ਗਿਆ ਅਤੇ ਏਲੀ ਦੇ ਦੋਵੇਂ ਪੁੱਤਰ ਹਾਫ਼ਨੀ ਅਤੇ ਫ਼ੀਨਹਾਸ ਮਾਰੇ ਗਏ।
ਪਰ ਯਹੋਵਾਹ ਦਾ ਹੱਥ ਅਸ਼ਦੋਦੀਆਂ ਉੱਤੇ ਭਾਰਾ ਪੈ ਗਿਆ ਅਤੇ ਉਸ ਨੇ ਉਨ੍ਹਾਂ ਦਾ ਨਾਸ ਕੀਤਾ ਅਤੇ ਅਸ਼ਦੋਦ ਅਤੇ ਉਸ ਦੇ ਆਲੇ-ਦੁਆਲੇ ਦੇ ਲੋਕਾਂ ਨੂੰ ਗਿਲ੍ਹਟੀਆਂ ਦੀ ਬਿਮਾਰੀ ਨਾਲ ਮਾਰਿਆ। ਜਦ ਅਸ਼ਦੋਦੀਆਂ ਨੇ ਜੋ ਕੁਝ ਹੋਇਆ ਉਹ ਵੇਖਿਆ ਤਾਂ ਉਨ੍ਹਾਂ ਨੇ ਆਖਿਆ, ਕਿ ਇਸਰਾਏਲ ਦੇ ਪਰਮੇਸ਼ੁਰ ਦਾ ਸੰਦੂਕ ਸਾਡੇ ਕੋਲ ਨਾ ਰਹੇ ਕਿਉਂ ਜੋ ਉਹ ਦਾ ਹੱਥ ਸਾਡੇ ਉੱਤੇ ਅਤੇ ਸਾਡੇ ਦੇਵਤੇ ਦਾਗੋਨ ਉੱਤੇ ਭਾਰਾ ਪਿਆ ਹੈ। ਸੋ ਉਨ੍ਹਾਂ ਨੇ ਫ਼ਲਿਸਤੀਆਂ ਦੇ ਸਭਨਾਂ ਸਰਦਾਰਾਂ ਨੂੰ ਸੱਦ ਕੇ ਆਪਣੇ ਕੋਲ ਇਕੱਠਿਆਂ ਕੀਤਾ ਅਤੇ ਆਖਿਆ, ਅਸੀਂ ਇਸਰਾਏਲ ਦੇ ਪਰਮੇਸ਼ੁਰ ਦੇ ਸੰਦੂਕ ਦਾ ਕੀ ਕਰੀਏ? ਤਦ ਉਨ੍ਹਾਂ ਨੇ ਉੱਤਰ ਦਿੱਤਾ ਕਿ ਇਹ ਜ਼ਰੂਰੀ ਹੈ ਕਿ ਇਸਰਾਏਲ ਦੇ ਪਰਮੇਸ਼ੁਰ ਦੇ ਸੰਦੂਕ ਨੂੰ ਗਥ ਨਗਰ ਵਿੱਚ ਲੈ ਜਾਣ, ਇਸ ਲਈ ਉਹ ਇਸਰਾਏਲ ਦੇ ਪਰਮੇਸ਼ੁਰ ਦੇ ਸੰਦੂਕ ਨੂੰ ਉੱਥੇ ਲੈ ਗਏ। ਜਦ ਉਹ ਉਸ ਨੂੰ ਉੱਥੇ ਲੈ ਗਏ ਤਾਂ ਅਜਿਹਾ ਹੋਇਆ ਜੋ ਯਹੋਵਾਹ ਦਾ ਹੱਥ ਉਸ ਸ਼ਹਿਰ ਨੂੰ ਨਾਸ ਕਰਨ ਨੂੰ ਉਹ ਦੇ ਵਿਰੁੱਧ ਉੱਠਿਆ ਅਤੇ ਉਹ ਨੇ ਉਸ ਸ਼ਹਿਰ ਦੇ ਲੋਕਾਂ ਨੂੰ ਨਿੱਕਿਆਂ ਤੋਂ ਲੈ ਕੇ ਵੱਡਿਆਂ ਤੱਕ ਮਾਰਿਆ ਅਤੇ ਉਨ੍ਹਾਂ ਦੀਆਂ ਗੁਦਾਂ ਵਿੱਚ ਰਸੋਲੀਆਂ ਨਿੱਕਲੀਆਂ। ਤਦ ਉਨ੍ਹਾਂ ਨੇ ਪਰਮੇਸ਼ੁਰ ਦਾ ਸੰਦੂਕ ਅਕਰੋਨ ਨੂੰ ਭੇਜਿਆ ਪਰ ਜਿਸ ਵੇਲੇ ਪਰਮੇਸ਼ੁਰ ਦਾ ਸੰਦੂਕ ਅਕਰੋਨ ਵਿੱਚ ਪਹੁੰਚਿਆ ਤਦ ਅਜਿਹਾ ਹੋਇਆ ਜੋ ਅਕਰੋਨੀ ਚੀਕ ਉੱਠੇ, ਕਿ ਉਹ ਇਸਰਾਏਲ ਦੇ ਪਰਮੇਸ਼ੁਰ ਦੇ ਸੰਦੂਕ ਨੂੰ ਸਾਡੇ ਵਿੱਚ ਇਸ ਲਈ ਲਿਆਏ ਹਨ, ਜੋ ਸਾਡਾ ਅਤੇ ਸਾਡੇ ਲੋਕਾਂ ਦਾ ਨਾਸ ਕਰਨ। ਸੋ ਉਨ੍ਹਾਂ ਨੇ ਫ਼ਲਿਸਤੀਆਂ ਦੇ ਸਰਦਾਰਾਂ ਨੂੰ ਸੱਦ ਕੇ ਇਕੱਠਿਆਂ ਕੀਤਾ ਅਤੇ ਆਖਿਆ, ਕਿ ਇਸਰਾਏਲ ਦੇ ਪਰਮੇਸ਼ੁਰ ਦੇ ਸੰਦੂਕ ਨੂੰ ਵਾਪਸ ਭੇਜੋ ਤਾਂ ਜੋ ਉਹ ਆਪਣੇ ਸਥਾਨ ਤੇ ਜਾਵੇ ਜੋ ਸਾਡਾ ਅਤੇ ਸਾਡੇ ਲੋਕਾਂ ਦਾ ਨਾਸ ਨਾ ਕਰੇ ਕਿਉਂ ਜੋ ਸਾਰਾ ਸ਼ਹਿਰ ਮੌਤ ਦੀ ਘਬਰਾਹਟ ਨਾਲ ਡਰ ਗਿਆ ਸੀ। ਉੱਥੇ ਪਰਮੇਸ਼ੁਰ ਦਾ ਹੱਥ ਅੱਤ ਭਾਰਾ ਸੀ।
ਨੇਮ ਦੇ ਸੰਦੂਕ ਨੂੰ ਵਾਪਸ ਲਿਆਂਦਾ ਜਾਣਾ
ਸੋ ਯਹੋਵਾਹ ਦਾ ਸੰਦੂਕ ਸੱਤ ਮਹੀਨਿਆਂ ਤੱਕ ਫ਼ਲਿਸਤੀਆਂ ਦੇ ਦੇਸ ਵਿੱਚ ਰਿਹਾ। ਤਦ ਫ਼ਲਿਸਤੀਆਂ ਨੇ ਪੁਜਾਰੀਆਂ ਅਤੇ ਜੋਤਸ਼ੀਆਂ ਨੂੰ ਸੱਦਿਆ ਅਤੇ ਆਖਿਆ, ਕਿ ਯਹੋਵਾਹ ਦੇ ਇਸ ਸੰਦੂਕ ਨੂੰ ਅਸੀਂ ਕੀ ਕਰੀਏ? ਸਾਨੂੰ ਦੱਸੋ ਕਿ ਕਿਸ ਤਰ੍ਹਾਂ ਉਸ ਨੂੰ ਉਹ ਦੇ ਸਥਾਨ ਵਿੱਚ ਪਹੁੰਚਾਈਏ। ਉਹਨਾਂ ਨੇ ਕਿਹਾ, ਜੇ ਤੁਸੀਂ ਇਸਰਾਏਲ ਦੇ ਪਰਮੇਸ਼ੁਰ ਦੇ ਸੰਦੂਕ ਨੂੰ ਵਾਪਸ ਭੇਜਦੇ ਹੋ ਤਾਂ ਖਾਲੀ ਨਾ ਭੇਜੋ ਸਗੋਂ ਇੱਕ ਦੋਸ਼ ਦੀ ਭੇਟ ਉਹ ਦੇ ਨਾਲ ਜ਼ਰੂਰ ਭੇਜ ਦਿਓ ਤਾਂ ਤੁਸੀਂ ਚੰਗੇ ਹੋ ਜਾਓਗੇ ਅਤੇ ਤੁਸੀਂ ਜਾਣ ਲਓਗੇ ਉਸਦਾ ਹੱਥ ਤੁਹਾਡੇ ਉੱਤੋਂ ਕਿਉਂ ਨਹੀਂ ਚੁੱਕਿਆ ਗਿਆ।
ਸੋ ਲੋਕਾਂ ਨੇ ਅਜਿਹਾ ਹੀ ਕੀਤਾ ਜੋ ਦੋ ਲਵੇਰੀਆਂ ਗਊਆਂ ਲਈਆਂ ਅਤੇ ਉਨ੍ਹਾਂ ਨੂੰ ਗੱਡੀ ਅੱਗੇ ਜੋਤਿਆ ਅਤੇ ਉਨ੍ਹਾਂ ਦੀਆਂ ਵੱਛੀਆਂ ਨੂੰ ਘਰ ਵਿੱਚ ਬੰਨ੍ਹਿਆ। ਅਤੇ ਯਹੋਵਾਹ ਦਾ ਸੰਦੂਕ ਅਤੇ ਸੋਨੇ ਦੇ ਚੂਹੇ ਅਤੇ ਆਪਣੀਆਂ ਗਿਲ੍ਹਟੀਆਂ ਦੀਆਂ ਮੂਰਤਾਂ ਦੇ ਸੰਦੂਕ ਨੂੰ ਗੱਡੀ ਵਿੱਚ ਰੱਖਿਆ। ਤਦ ਗਊਆਂ ਸਿੱਧੀਆਂ ਬੈਤਸ਼ਮਸ਼ ਦੇ ਰਾਹ ਵੱਲ ਤੁਰ ਪਈਆਂ ਅਤੇ ਉਸ ਸੜਕ ਉੱਤੇ ਤੁਰੀਆਂ ਅਤੇ ਅੜਿੰਗਦੀਆਂ ਜਾਂਦੀਆਂ ਸਨ ਅਤੇ ਸੱਜੇ ਖੱਬੇ ਪਾਸੇ ਨਾ ਮੁੜੀਆਂ ਅਤੇ ਫ਼ਲਿਸਤੀ ਸਰਦਾਰ ਉਨ੍ਹਾਂ ਦੇ ਪਿੱਛੇ ਬੈਤ ਸ਼ਮਸ਼ ਦੇ ਬੰਨ੍ਹੇ ਤੱਕ ਗਏ। ਬੈਤ ਸ਼ਮਸ਼ ਦੇ ਲੋਕ ਕਣਕ ਦੀਆਂ ਵਾਢੀਆਂ ਕਰਦੇ ਸਨ। ਜਦ ਉਨ੍ਹਾਂ ਨੇ ਅੱਖਾਂ ਚੁੱਕ ਕੇ ਸੰਦੂਕ ਨੂੰ ਵੇਖਿਆ ਤਾਂ ਵੇਖਦੇ ਸਾਰ ਅਨੰਦ ਹੋ ਗਏ। ਗੱਡੀ ਬੈਤਸ਼ਮਸ਼ੀ ਯਹੋਸ਼ੁਆ ਦੀ ਪੈਲੀ ਵਿੱਚ ਆਈ ਅਤੇ ਜਿੱਥੇ ਇੱਕ ਵੱਡਾ ਪੱਥਰ ਸੀ ਉੱਥੇ ਖਲੋ ਗਈ। ਸੋ ਉਨ੍ਹਾਂ ਨੇ ਗੱਡੀ ਦੀਆਂ ਲੱਕੜੀਆਂ ਨੂੰ ਚੀਰਿਆ ਅਤੇ ਗਊਆਂ ਨੂੰ ਹੋਮ ਦੀ ਬਲੀ ਕਰਕੇ ਯਹੋਵਾਹ ਲਈ ਚੜ੍ਹਾਇਆ। ਲੇਵੀਆਂ ਨੇ ਯਹੋਵਾਹ ਦੇ ਸੰਦੂਕ ਨੂੰ ਉਸ ਸੰਦੂਕ ਸਮੇਤ ਜੋ ਉਸ ਦੇ ਨਾਲ ਸੀ ਅਤੇ ਜਿਸ ਦੇ ਵਿੱਚ ਸੋਨੇ ਦੀਆਂ ਵਸਤਾਂ ਸਨ, ਹੇਠਾਂ ਉਤਾਰਿਆ ਅਤੇ ਉਹ ਨੂੰ ਉਸ ਵੱਡੇ ਪੱਥਰ ਉੱਤੇ ਧਰਿਆ ਅਤੇ ਬੈਤ ਸ਼ਮਸ਼ ਦੇ ਲੋਕਾਂ ਨੇ ਉਸੇ ਦਿਨ ਯਹੋਵਾਹ ਦੇ ਲਈ ਹੋਮ ਬਲੀਆਂ ਚੜ੍ਹਾਈਆਂ ਅਤੇ ਹੋਰ ਬਲੀਆਂ ਵੀ ਦਿੱਤੀਆਂ।
ਤਦ ਕਿਰਯਥ-ਯਾਰੀਮ ਦੇ ਲੋਕ ਆਏ ਅਤੇ ਯਹੋਵਾਹ ਦੇ ਸੰਦੂਕ ਨੂੰ ਲੈ ਜਾ ਕੇ ਅਬੀਨਾਦਾਬ ਦੇ ਘਰ ਵਿੱਚ ਰੱਖ ਦਿੱਤਾ ਜੋ ਟਿੱਲੇ ਦੇ ਉੱਤੇ ਸੀ ਅਤੇ ਉਹ ਦੇ ਪੁੱਤਰ ਅਲਆਜ਼ਾਰ ਨੂੰ ਪਵਿੱਤਰ ਕੀਤਾ ਤਾਂ ਜੋ ਉਹ ਯਹੋਵਾਹ ਦੇ ਸੰਦੂਕ ਦੀ ਦੇਖਭਾਲ ਕਰੇ।
ਨਿਆਈਂ ਹੋਣ ਤੇ ਸਮੂਏਲ ਨਬੀ ਦੇ ਕੰਮ
ਅਤੇ ਅਜਿਹਾ ਹੋਇਆ ਜੋ ਉਸ ਵੇਲੇ ਤੋਂ ਜਦ ਸੰਦੂਕ ਕਿਰਯਥ-ਯਾਰੀਮ ਵਿੱਚ ਰਿਹਾ ਕਾਫ਼ੀ ਸਮਾਂ ਬੀਤ ਗਿਆ, ਕਿਉਂ ਜੋ ਉਸ ਨੂੰ ਵੀਹ ਸਾਲ ਹੋ ਗਏ ਅਤੇ ਇਸਰਾਏਲ ਦੇ ਸਾਰੇ ਟੱਬਰ ਨੇ ਵਿਰਲਾਪ ਕਰਦੇ ਹੋਏ ਯਹੋਵਾਹ ਦੀ ਭਾਲ ਕੀਤੀ।
ਦਾਊਦ ਰਾਜਾ ਨੂੰ ਲੋਕਾਂ ਨੇ ਇਹ ਖ਼ਬਰ ਦਿੱਤੀ ਕਿ ਓਬੇਦ-ਅਦੋਮ ਦੇ ਘਰ ਨੂੰ ਅਤੇ ਉਸ ਦੀਆਂ ਵਸਤਾਂ ਨੂੰ ਪਰਮੇਸ਼ੁਰ ਦੇ ਸੰਦੂਕ ਦੇ ਕਾਰਨ ਯਹੋਵਾਹ ਨੇ ਬਰਕਤ ਦਿੱਤੀ ਹੈ। ਤਦ ਦਾਊਦ ਗਿਆ ਅਤੇ ਪਰਮੇਸ਼ੁਰ ਦੇ ਸੰਦੂਕ ਨੂੰ ਓਬੇਦ-ਅਦੋਮ ਦੇ ਘਰੋਂ ਦਾਊਦ ਦੇ ਸ਼ਹਿਰ ਵਿੱਚ ਆਨੰਦ ਨਾਲ ਲੈ ਆਇਆ। ਅਤੇ ਜਦ ਯਹੋਵਾਹ ਦੇ ਸੰਦੂਕ ਦੇ ਚੁੱਕਣ ਵਾਲੇ ਛੇ ਕਦਮ ਤੁਰੇ ਤਾਂ ਦਾਊਦ ਨੇ ਬਲ਼ਦ ਅਤੇ ਪਲਿਆ ਹੋਇਆ ਵੱਛਾ ਭੇਟ ਕਰ ਕੇ ਚੜ੍ਹਾਇਆ। ਦਾਊਦ ਯਹੋਵਾਹ ਦੇ ਸੰਦੂਕ ਅੱਗੇ ਆਪਣੇ ਸਾਰੇ ਜ਼ੋਰ ਨਾਲ ਨੱਚਦਾ ਜਾਂਦਾ ਸੀ ਅਤੇ ਦਾਊਦ ਨੇ ਕਤਾਨ ਦਾ ਏਫ਼ੋਦ ਪਹਿਨਿਆ ਹੋਇਆ ਸੀ। ਇਸ ਤਰ੍ਹਾਂ ਦਾਊਦ ਅਤੇ ਇਸਰਾਏਲ ਦਾ ਸਾਰਾ ਘਰਾਣਾ ਯਹੋਵਾਹ ਦੇ ਸੰਦੂਕ ਨੂੰ ਜੈਕਾਰਾ ਬੁਲਾਉਂਦੇ ਅਤੇ ਤੁਰ੍ਹੀਆਂ ਵਜਾਉਂਦੇ ਹੋਏ ਚੁੱਕ ਕੇ ਲੈ ਆਏ।
ਨੇਮ ਦੇ ਸੰਦੂਕ ਨੂੰ ਹੈਕਲ ਦੇ ਵਿੱਚ ਲਿਆਉਣਾ
ਸੁਲੇਮਾਨ ਨੇ ਇਸਰਾਏਲ ਦੇ ਬਜ਼ੁਰਗਾਂ ਨੂੰ ਗੋਤਾਂ ਦੇ ਸਾਰੇ ਮੁਖੀਆਂ ਨੂੰ ਜੋ ਇਸਰਾਏਲੀਆਂ ਦੇ ਪੁਰਖਿਆਂ ਦੇ ਪ੍ਰਧਾਨ ਸਨ ਆਪਣੇ ਕੋਲ ਯਰੂਸ਼ਲਮ ਵਿੱਚ ਇਕੱਠੇ ਕੀਤਾ, ਤਾਂ ਜੋ ਉਹ ਯਹੋਵਾਹ ਦੇ ਨੇਮ ਦੇ ਸੰਦੂਕ ਨੂੰ ਦਾਊਦ ਦੇ ਸ਼ਹਿਰੋਂ ਜਿਹੜਾ ਸੀਯੋਨ ਹੈ, ਉਤਾਹਾਂ ਲੈ ਆਉਣ। ਇਸਰਾਏਲ ਦੇ ਸਾਰੇ ਮਨੁੱਖ ਸੁਲੇਮਾਨ ਪਾਤਸ਼ਾਹ ਕੋਲ ਏਥਾਨੀਮ ਮਹੀਨੇ ਦੇ ਪਰਬ ਉੱਤੇ ਜਿਹੜਾ ਸੱਤਵੇਂ ਮਹੀਨੇ ਵਿੱਚ ਹੁੰਦਾ ਹੈ ਇਕੱਠੇ ਹੋਏ। ਇਸਰਾਏਲ ਦੇ ਸਾਰੇ ਬਜ਼ੁਰਗ ਆਏ ਅਤੇ ਸੰਦੂਕ ਨੂੰ ਜਾਜਕਾਂ ਨੇ ਚੁੱਕਿਆ। ਉਹ ਯਹੋਵਾਹ ਦੇ ਸੰਦੂਕ ਨੂੰ, ਮੰਡਲੀ ਦੇ ਤੰਬੂ ਨੂੰ ਅਤੇ ਸਾਰੇ ਪਵਿੱਤਰ ਭਾਂਡਿਆਂ ਨੂੰ ਜਿਹੜੇ ਤੰਬੂ ਵਿੱਚ ਸਨ ਉਤਾਹਾਂ ਲਿਆਏ। ਇਸ ਤਰ੍ਹਾਂ ਜਾਜਕ ਤੇ ਲੇਵੀ ਉਨ੍ਹਾਂ ਨੂੰ ਲਿਆਏ। ਸੁਲੇਮਾਨ ਪਾਤਸ਼ਾਹ ਅਤੇ ਇਸਰਾਏਲ ਦੀ ਸਾਰੀ ਮੰਡਲੀ ਨੇ ਜੋ ਉਹ ਦੇ ਕੋਲ ਸੰਦੂਕ ਦੇ ਅੱਗੇ ਇਕੱਠੀ ਹੋਈ ਸੀ ਐਨੀਆਂ ਭੇਡਾਂ ਤੇ ਬਲ਼ਦ ਚੜ੍ਹਾਏ ਕਿ ਬਹੁਤਾਇਤ ਦੇ ਕਾਰਨ ਨਾ ਤਾਂ ਉਨ੍ਹਾਂ ਦੀ ਗਿਣਤੀ ਹੋ ਸਕਦੀ ਸੀ, ਤੇ ਨਾ ਹੀ ਲੇਖਾ। ਜਾਜਕ ਯਹੋਵਾਹ ਦੇ ਨੇਮ ਦੇ ਸੰਦੂਕ ਨੂੰ ਉਹ ਦੇ ਸਥਾਨ ਵਿੱਚ ਅਰਥਾਤ ਭਵਨ ਦੀ ਵਿਚਲੀ ਕੋਠੜੀ, ਅੱਤ ਪਵਿੱਤਰ ਸਥਾਨ ਵਿੱਚ ਕਰੂਬੀਆਂ ਦੇ ਖੰਭਾਂ ਹੇਠ ਲਿਆਏ। ਕਿਉਂ ਜੋ ਕਰੂਬੀਆਂ ਨੇ ਆਪਣੇ ਦੋਵੇਂ ਖੰਭ ਸੰਦੂਕ ਦੇ ਸਥਾਨ ਉੱਤੇ ਖਿਲਾਰੇ ਹੋਏ ਸਨ ਅਤੇ ਕਰੂਬੀਆਂ ਨੇ ਸੰਦੂਕ ਨੂੰ ਤੇ ਉਹ ਦੀਆਂ ਚੋਬਾਂ ਨੂੰ ਉੱਤੋਂ ਢੱਕਿਆ ਹੋਇਆ ਸੀ। ਉਨ੍ਹਾਂ ਨੇ ਚੋਬਾਂ ਨੂੰ ਇਨ੍ਹਾਂ ਲੰਮਾ ਕੀਤਾ ਕਿ ਚੋਬਾਂ ਦੇ ਸਿਰੇ ਵਿਚਲੀ ਕੋਠੜੀ ਅੱਗੋਂ ਪਵਿੱਤਰ ਸਥਾਨ ਤੋਂ ਦਿਸਦੇ ਸਨ ਪਰ ਬਾਹਰੋਂ ਨਹੀਂ ਦਿਸਦੇ ਸਨ ਅਤੇ ਉਹ ਅੱਜ ਦੇ ਦਿਨ ਤੱਕ ਉੱਥੇ ਹੀ ਹਨ। ਸੰਦੂਕ ਵਿੱਚ ਉਨ੍ਹਾਂ ਦੋਹਾਂ ਪੱਥਰਾਂ ਦੀਆਂ ਫੱਟੀਆਂ ਤੋਂ ਬਿਨਾਂ ਹੋਰ ਕੁਝ ਨਹੀਂ ਸੀ ਜਿਹੜੀਆਂ ਮੂਸਾ ਨੇ ਉੱਥੇ ਹੋਰੇਬ ਵਿੱਚ ਰੱਖੀਆਂ ਸਨ ਜਿੱਥੇ ਯਹੋਵਾਹ ਨੇ ਇਸਰਾਏਲੀਆਂ ਨਾਲ ਨੇਮ ਬੰਨ੍ਹਿਆ ਸੀ ਜਦ ਉਹ ਮਿਸਰ ਦੇਸ ਤੋਂ ਨਿੱਕਲੇ ਸਨ। ਇਸ ਤਰ੍ਹਾਂ ਹੋਇਆ ਕਿ ਜਦ ਜਾਜਕ ਪਵਿੱਤਰ ਸਥਾਨ ਤੋਂ ਨਿੱਕਲੇ ਤਦ ਉਸ ਬੱਦਲ ਨੇ ਯਹੋਵਾਹ ਦੇ ਭਵਨ ਨੂੰ ਇਸ ਤਰ੍ਹਾਂ ਭਰ ਦਿੱਤਾ ਕਿ ਜਾਜਕ ਬੱਦਲ ਦੇ ਕਾਰਨ ਉਪਾਸਨਾ ਕਰਨ ਲਈ ਖੜ੍ਹੇ ਨਾ ਹੋ ਸਕੇ ਕਿਉਂ ਜੋ ਯਹੋਵਾਹ ਦੇ ਪਰਤਾਪ ਨੇ ਯਹੋਵਾਹ ਦੇ ਭਵਨ ਨੂੰ ਭਰ ਦਿੱਤਾ ਸੀ।
ਹੇ ਬੇਈਮਾਨ ਪੁੱਤਰੋ, ਮੁੜੋ, ਯਹੋਵਾਹ ਦਾ ਵਾਕ ਹੈ, ਮੈਂ ਤੁਹਾਡਾ ਮਾਲਕ ਜੋ ਹਾਂ, ਮੈਂ ਤੁਹਾਡੇ ਵਿੱਚੋਂ ਲਵਾਂਗਾ, ਹਰ ਸ਼ਹਿਰ ਵਿੱਚੋਂ ਇੱਕ ਅਤੇ ਹਰ ਟੱਬਰ ਵਿੱਚੋਂ ਦੋ, ਅਤੇ ਮੈਂ ਤੁਹਾਨੂੰ ਸੀਯੋਨ ਵਿੱਚ ਲਿਆਵਾਂਗਾ। ਮੈਂ ਤੁਹਾਨੂੰ ਆਪਣੇ ਦਿਲ ਦੇ ਅਨੁਸਾਰ ਆਜੜੀ ਦਿਆਂਗਾ ਜਿਹੜੇ ਤੁਹਾਨੂੰ ਗਿਆਨ ਅਤੇ ਸਮਝ ਨਾਲ ਚਾਰਨਗੇ ਇਸ ਤਰ੍ਹਾਂ ਹੋਵੇਗਾ ਕਿ ਜਦ ਤੁਸੀਂ ਉਸ ਦੇਸ ਵਿੱਚ ਵੱਧ ਜਾਓਗੇ ਅਤੇ ਬਹੁਤ ਹੋ ਜਾਓਗੇ ਉਹਨਾਂ ਵਿੱਚ, ਯਹੋਵਾਹ ਦਾ ਵਾਕ ਹੈ, ਉਹ ਫਿਰ ਨਾ ਆਖਣਗੇ "ਯਹੋਵਾਹ ਦੇ ਨੇਮ ਦਾ ਸੰਦੂਕ," ਨਾ ਉਹ ਉਹਨਾਂ ਦੇ ਮਨ ਵਿੱਚ ਆਵੇਗਾ, ਨਾ ਉਹ ਨੂੰ ਚੇਤੇ ਕਰਨਗੇ, ਨਾ ਉਹ ਦੀ ਦੇਖਭਾਲ ਕਰਨਗੇ, ਨਾ ਉਹ ਫਿਰ ਬਣਾਇਆ ਜਾਵੇਗਾ
ਪ੍ਰਿਥਵੀ ਦੇ ਤੰਬੂ ਵਿੱਚ ਸੇਵਾ
ਪਹਿਲੇ ਨੇਮ ਵਿੱਚ ਵੀ ਸੇਵਾ ਦੇ ਨਿਯਮ ਸਨ ਅਤੇ ਇੱਕ ਸੰਸਾਰ ਦਾ ਪਵਿੱਤਰ ਸਥਾਨ ਸੀ। ਕਿਉਂ ਜੋ ਇੱਕ ਡੇਰਾ ਬਣਾਇਆ ਗਿਆ ਅਰਥਾਤ ਪਹਿਲਾ, ਜਿਸ ਦੇ ਵਿੱਚ ਸ਼ਮਾਦਾਨ, ਮੇਜ਼ ਅਤੇ ਹਜ਼ੂਰੀ ਦੀਆਂ ਰੋਟੀਆਂ ਸਨ। ਇਹ ਪਵਿੱਤਰ ਸਥਾਨ ਅਖਵਾਉਂਦਾ ਹੈ। ਅਤੇ ਦੂਜੇ ਪੜਦੇ ਦੇ ਅੰਦਰ ਉਹ ਡੇਰਾ ਸੀ ਜਿਹੜਾ ਅੱਤ ਪਵਿੱਤਰ ਸਥਾਨ ਅਖਵਾਉਂਦਾ ਹੈ। ਜਿਸ ਦੇ ਵਿੱਚ ਧੂਪ ਦੀ ਵੇਦੀ ਸੀ ਜੋ ਸੁਨਿਹਰੀ ਸੀ ਅਤੇ ਨੇਮ ਦਾ ਸੰਦੂਕ ਜਿਹੜਾ ਆਲੇ ਦੁਆਲਿਓਂ ਸੋਨੇ ਨਾਲ ਮੜ੍ਹਿਆ ਹੋਇਆ ਸੀ ਜਿਸ ਵਿੱਚ ਮੰਨਾ ਭਰਿਆ ਹੋਇਆ ਇੱਕ ਸੋਨੇ ਦਾ ਡੱਬਾ ਅਤੇ ਹਾਰੂਨ ਦੀ ਸੋਟੀ ਸੀ ਜਿਸ ਵਿੱਚੋਂ ਫੁੱਲ ਅਤੇ ਫਲ ਨਿੱਕਲ ਆਏ ਸਨ ਅਤੇ ਨੇਮ ਦੀਆਂ ਪੱਟੀਆਂ ਸਨ। ਅਤੇ ਉਹ ਦੇ ਉੱਪਰ ਤੇਜ ਦੇ ਕਰੂਬੀ ਸਨ ਜਿਨ੍ਹਾਂ ਪ੍ਰਾਸਚਿਤ ਦੇ ਥਾਂ ਉੱਤੇ ਛਾਇਆ ਕੀਤੀ ਹੋਈ ਸੀ, ਜਿਨ੍ਹਾਂ ਵਸਤਾਂ ਦੇ ਇੱਕ-ਇੱਕ ਕਰਕੇ ਬਿਆਨ ਕਰਨ ਦਾ ਹੁਣ ਸਮਾਂ ਨਹੀਂ।
ਅਤੇ ਪਰਮੇਸ਼ੁਰ ਦੀ ਹੈਕਲ ਜਿਹੜੀ ਸਵਰਗ ਵਿੱਚ ਹੈ ਖੋਲ੍ਹੀ ਗਈ ਅਤੇ ਉਹ ਦੀ ਹੈਕਲ ਵਿੱਚ ਉਹ ਦੇ ਨੇਮ ਦਾ ਸੰਦੂਕ ਦਿਖਾਈ ਦੇਣ ਲੱਗ ਪਿਆ ਅਤੇ ਬਿਜਲੀ ਦੀਆਂ ਲਿਸ਼ਕਾਂ ਅਤੇ ਅਵਾਜ਼ਾਂ ਅਤੇ ਬੱਦਲ ਦੀਆਂ ਗਰਜਾਂ ਹੋਈਆਂ ਅਤੇ ਭੂਚਾਲ ਆਇਆ ਅਤੇ ਵੱਡੇ-ਵੱਡੇ ਗੜੇ ਪਏ।