Arca de noé
A arca de Noé é história de salvação e fidelidade. Deus instruiu Noé a construir a arca para salvar sua família e os animais do dilúvio — exemplo supremo de obediência e fé.
ਪਰਮੇਸ਼ੁਰ ਨੇ ਨੂਹ ਨੂੰ ਆਖਿਆ, ਮੈਂ ਸਾਰੇ ਪ੍ਰਾਣੀਆਂ ਨੂੰ ਨਾਸ ਕਰਨ ਦਾ ਵਿਚਾਰ ਕਰ ਲਿਆ ਹੈ ਕਿਉਂ ਜੋ ਧਰਤੀ ਉਨ੍ਹਾਂ ਦੇ ਕਾਰਨ ਬੁਰਿਆਈ ਨਾਲ ਭਰ ਗਈ ਹੈ। ਵੇਖ ਮੈਂ ਉਨ੍ਹਾਂ ਨੂੰ ਧਰਤੀ ਦੇ ਸਮੇਤ ਨਾਸ ਕਰ ਦਿਆਂਗਾ। ਤੂੰ ਗੋਫ਼ਰ ਦੀ ਲੱਕੜੀ ਤੋਂ ਆਪਣੇ ਲਈ ਇੱਕ ਕਿਸ਼ਤੀ ਬਣਾ। ਤੂੰ ਉਸ ਕਿਸ਼ਤੀ ਵਿੱਚ ਕੋਠੜੀਆਂ ਬਣਾਈਂ ਅਤੇ ਤੂੰ ਉਸ ਨੂੰ ਅੰਦਰੋਂ ਬਾਹਰੋਂ ਰਾਲ ਨਾਲ ਲਿੱਪੀਂ। ਉਹ ਨੂੰ ਇਸੇ ਤਰ੍ਹਾਂ ਬਣਾਈਂ, ਭਈ ਕਿਸ਼ਤੀ ਦੀ ਲੰਬਾਈ ਤਿੰਨ ਸੌ ਹੱਥ, ਉਹ ਦੀ ਚੌੜਾਈ ਪੰਜਾਹ ਹੱਥ ਅਤੇ ਉਹ ਦੀ ਉਚਾਈ ਤੀਹ ਹੱਥ ਹੋਵੇ। ਤੂੰ ਕਿਸ਼ਤੀ ਵਿੱਚ ਇੱਕ ਖਿੜਕੀ ਬਣਾਈਂ ਅਤੇ ਉਸ ਦੇ ਇੱਕ ਹੱਥ ਉੱਪਰੋਂ ਉਸ ਦੀ ਛੱਤ ਬਣਾਈਂ ਅਤੇ ਕਿਸ਼ਤੀ ਦੇ ਇੱਕ ਪਾਸੇ ਇੱਕ ਦਰਵਾਜ਼ਾ ਬਣਾਈਂ ਅਤੇ ਉਸ ਦੀਆਂ ਤਿੰਨ ਮੰਜ਼ਲਾਂ ਬਣਾਈਂ।
ਜਲ ਪਰਲੋ
ਫੇਰ ਯਹੋਵਾਹ ਨੇ ਨੂਹ ਨੂੰ ਆਖਿਆ, ਤੂੰ ਅਤੇ ਤੇਰਾ ਸਾਰਾ ਘਰਾਣਾ ਕਿਸ਼ਤੀ ਵਿੱਚ ਜਾਓ ਕਿਉਂ ਜੋ ਮੈਂ ਤੈਨੂੰ ਇਸ ਪੀੜ੍ਹੀ ਵਿੱਚ ਧਰਮੀ ਵੇਖਿਆ ਹੈ।
ਅਤੇ ਨੂਹ, ਉਹ ਦੇ ਪੁੱਤਰ, ਉਹ ਦੀ ਪਤਨੀ ਅਤੇ ਉਹ ਦੀਆਂ ਨੂੰਹਾਂ ਜਲ ਪਰਲੋ ਦੇ ਕਾਰਨ ਉਹ ਦੇ ਨਾਲ ਕਿਸ਼ਤੀ ਵਿੱਚ ਗਏ। ਸ਼ੁੱਧ ਪਸ਼ੂਆਂ ਵਿੱਚੋਂ ਅਤੇ ਅਸ਼ੁੱਧ ਪਸ਼ੂਆਂ ਵਿੱਚੋਂ, ਪੰਛੀਆਂ ਵਿੱਚੋਂ, ਸਭ ਜ਼ਮੀਨ ਉੱਤੇ ਘਿੱਸਰਨ ਵਾਲਿਆਂ ਵਿੱਚੋਂ ਦੋ-ਦੋ ਅਰਥਾਤ ਨਰ ਮਾਦਾ ਕਿਸ਼ਤੀ ਵਿੱਚ ਨੂਹ ਕੋਲ ਗਏ ਜਿਵੇਂ ਪਰਮੇਸ਼ੁਰ ਨੇ ਨੂਹ ਨੂੰ ਆਗਿਆ ਦਿੱਤੀ ਸੀ। ਤਦ ਅਜਿਹਾ ਹੋਇਆ ਕਿ ਸੱਤ ਦਿਨਾਂ ਦੇ ਬਾਅਦ ਪਰਲੋ ਦਾ ਪਾਣੀ ਧਰਤੀ ਉੱਤੇ ਆਇਆ।
ਨਰ-ਮਾਦਾ ਸਾਰੇ ਪ੍ਰਾਣੀਆਂ ਵਿੱਚੋਂ ਆਏ, ਜਿਵੇਂ ਪਰਮੇਸ਼ੁਰ ਨੇ ਆਗਿਆ ਦਿੱਤੀ ਸੀ। ਤਦ ਯਹੋਵਾਹ ਨੇ ਕਿਸ਼ਤੀ ਦਾ ਦਰਵਾਜ਼ਾ ਬੰਦ ਕਰ ਦਿੱਤਾ।
ਪਰਲੋ ਚਾਲ੍ਹੀ ਦਿਨ ਤੱਕ ਧਰਤੀ ਉੱਤੇ ਰਹੀ ਅਤੇ ਪਾਣੀ ਵੱਧ ਗਿਆ, ਜਿਸ ਕਾਰਨ ਕਿਸ਼ਤੀ ਪਾਣੀ ਉੱਪਰ ਚੁੱਕੀ ਗਈ ਅਤੇ ਉਹ ਧਰਤੀ ਉੱਤੋਂ ਉਤਾਹਾਂ ਹੋ ਗਈ। ਫੇਰ ਪਾਣੀ ਹੀ ਪਾਣੀ ਹੋ ਗਿਆ ਅਤੇ ਉਹ ਧਰਤੀ ਉੱਤੇ ਬਹੁਤ ਹੀ ਵੱਧ ਗਿਆ, ਅਤੇ ਕਿਸ਼ਤੀ ਪਾਣੀ ਦੇ ਉੱਤੇ ਤਰਦੀ ਰਹੀ।
ਹਰ ਪ੍ਰਾਣੀ ਜਿਹੜਾ ਜ਼ਮੀਨ ਦੇ ਉੱਤੇ ਸੀ, ਕੀ ਆਦਮੀ, ਕੀ ਡੰਗਰ, ਕੀ ਘਿੱਸਰਨ ਵਾਲਾ ਅਤੇ ਕੀ ਅਕਾਸ਼ ਦਾ ਪੰਛੀ ਸਭ ਮਿਟ ਗਏ। ਉਹ ਧਰਤੀ ਤੋਂ ਮਿਟ ਗਏ, ਪਰ ਨੂਹ ਅਤੇ ਜਿੰਨ੍ਹੇ ਉਸ ਦੇ ਨਾਲ ਕਿਸ਼ਤੀ ਵਿੱਚ ਸਨ, ਉਹ ਬਚ ਗਏ।
ਪਾਣੀ ਧਰਤੀ ਉੱਤੋਂ ਡੇਢ ਸੌ ਦਿਨਾਂ ਤੋਂ ਬਾਅਦ ਘਟਣ ਲੱਗ ਪਿਆ ਕਿਸ਼ਤੀ ਸੱਤਵੇਂ ਮਹੀਨੇ ਦੇ ਸਤਾਰਵੇਂ ਦਿਨ ਅਰਾਰਾਤ ਪਰਬਤ ਉੱਤੇ ਟਿੱਕ ਗਈ।
ਫਿਰ ਅਜਿਹਾ ਹੋਇਆ ਕਿ ਚਾਲ੍ਹੀਆਂ ਦਿਨਾਂ ਦੇ ਬਾਅਦ ਨੂਹ ਨੇ ਕਿਸ਼ਤੀ ਦੀ ਖਿੜਕੀ ਨੂੰ ਖੋਲ੍ਹ ਦਿੱਤਾ। ਉਸ ਨੇ ਇੱਕ ਪਹਾੜੀ ਕਾਂ ਛੱਡਿਆ ਅਤੇ ਜਦ ਤੱਕ ਪਾਣੀ ਧਰਤੀ ਤੋਂ ਨਾ ਸੁੱਕ ਗਏ, ਉਹ ਆਉਂਦਾ ਜਾਂਦਾ ਰਿਹਾ। ਫੇਰ ਉਸ ਨੇ ਘੁੱਗੀ ਵੀ ਆਪਣੇ ਵੱਲੋਂ ਛੱਡੀ ਤਾਂ ਜੋ ਉਹ ਵੇਖੇ ਕਿ ਪਾਣੀ ਜ਼ਮੀਨ ਦੇ ਉੱਤੋਂ ਘੱਟ ਗਿਆ ਹੈ ਕਿ ਨਹੀਂ। ਪਰ ਉਸ ਘੁੱਗੀ ਨੂੰ ਆਪਣੇ ਪੈਰ ਦੇ ਪੰਜੇ ਲਈ ਟਿਕਾਣਾ ਨਾ ਮਿਲਿਆ ਸੋ ਉਹ ਕਿਸ਼ਤੀ ਵਿੱਚ ਉਹ ਦੇ ਕੋਲ ਮੁੜ ਆਈ, ਕਿਉਂ ਜੋ ਪਾਣੀ ਸਾਰੀ ਧਰਤੀ ਉੱਤੇ ਸੀ ਤਾਂ ਉਸ ਨੇ ਆਪਣਾ ਹੱਥ ਵਧਾ ਕੇ ਉਹ ਨੂੰ ਫੜ ਲਿਆ ਅਤੇ ਆਪਣੇ ਕੋਲ ਕਿਸ਼ਤੀ ਵਿੱਚ ਰੱਖ ਲਿਆ। ਤਦ ਉਹ ਨੇ ਸੱਤ ਦਿਨ ਬਾਅਦ ਫੇਰ ਕਿਸ਼ਤੀ ਤੋਂ ਉਸ ਘੁੱਗੀ ਨੂੰ ਛੱਡਿਆ। ਉਹ ਘੁੱਗੀ ਸ਼ਾਮ ਨੂੰ ਉਹ ਦੇ ਕੋਲ ਆਈ ਅਤੇ ਵੇਖੋ ਉਹ ਦੀ ਚੁੰਝ ਵਿੱਚ ਜ਼ੈਤੂਨ ਦਾ ਸੱਜਰਾ ਪੱਤਾ ਸੀ, ਇਸ ਤੋਂ ਨੂਹ ਨੇ ਜਾਣ ਲਿਆ ਕਿ ਪਾਣੀ ਧਰਤੀ ਉੱਤੋਂ ਘੱਟ ਗਿਆ ਹੈ। ਤਦ ਉਹ ਨੇ ਹੋਰ ਸੱਤ ਦਿਨ ਬਾਅਦ ਘੁੱਗੀ ਨੂੰ ਫਿਰ ਛੱਡਿਆ ਅਤੇ ਉਹ ਮੁੜ ਉਹ ਦੇ ਕੋਲ ਨਾ ਆਈ।
ਨੂਹ ਦੀ ਉਮਰ ਦੇ ਛੇ ਸੌ ਇੱਕ ਸਾਲ ਦੇ ਪਹਿਲੇ ਮਹੀਨੇ ਦੇ ਪਹਿਲੇ ਦਿਨ ਪਾਣੀ ਧਰਤੀ ਉੱਤੋਂ ਸੁੱਕ ਗਿਆ ਅਤੇ ਨੂਹ ਨੇ ਕਿਸ਼ਤੀ ਦੀ ਛੱਤ ਖੋਲ੍ਹ ਕੇ ਨਿਗਾਹ ਮਾਰੀ ਅਤੇ ਵੇਖੋ ਜ਼ਮੀਨ ਦੀ ਪਰਤ ਸੁੱਕ ਗਈ ਸੀ।
ਤਦ ਪਰਮੇਸ਼ੁਰ ਨੂਹ ਨਾਲ ਬੋਲਿਆ ਕਿ ਤੂੰ ਕਿਸ਼ਤੀ ਵਿੱਚੋਂ ਨਿੱਕਲ ਜਾ, ਤੇਰੀ ਪਤਨੀ, ਤੇਰੇ ਪੁੱਤਰ ਅਤੇ ਤੇਰੀਆਂ ਨੂੰਹਾਂ ਵੀ। ਹਰ ਇੱਕ ਜਾਨਵਰ ਨੂੰ ਜਿਹੜਾ ਤੇਰੇ ਕੋਲ ਸਾਰੇ ਪ੍ਰਾਣੀਆਂ ਵਿੱਚੋਂ ਹੈ ਅਰਥਾਤ ਪੰਛੀ, ਡੰਗਰ, ਧਰਤੀ ਉੱਤੇ ਘਿੱਸਰਨ ਵਾਲੇ ਨੂੰ ਤੂੰ ਆਪਣੇ ਨਾਲ ਬਾਹਰ ਲੈ ਜਾ ਤਾਂ ਜੋ ਓਹ ਧਰਤੀ ਉੱਤੇ ਉਹ ਆਪਣੀ ਪ੍ਰਜਾਤੀ ਨੂੰ ਵਧਾਉਣ, ਫਲਣ ਅਤੇ ਧਰਤੀ ਉੱਤੇ ਵਧਣ।
ਪਰਮੇਸ਼ੁਰ ਨੂਹ ਅਤੇ ਉਸ ਦੇ ਪੁੱਤਰਾਂ ਨਾਲ ਬੋਲਿਆ, ਮੈਂ, ਵੇਖੋ, ਮੈਂ ਹੀ ਆਪਣਾ ਨੇਮ ਤੁਹਾਡੇ ਨਾਲ ਅਤੇ ਤੁਹਾਡੇ ਬਾਅਦ ਤੁਹਾਡੀ ਅੰਸ ਨਾਲ ਬੰਨ੍ਹਾਂਗਾ, ਅਤੇ ਹਰੇਕ ਜੀਉਂਦੇ ਪ੍ਰਾਣੀ ਨਾਲ ਜੋ ਤੁਹਾਡੇ ਸੰਗ ਹੈ, ਅਰਥਾਤ ਹਰੇਕ ਪੰਛੀ, ਪਸ਼ੂ, ਧਰਤੀ ਦੇ ਹਰੇਕ ਜਾਨਵਰ, ਸਗੋਂ ਹਰ ਇੱਕ ਦੇ ਨਾਲ ਜਿਹੜਾ ਕਿਸ਼ਤੀ ਤੋਂ ਨਿੱਕਲਿਆ ਹੈ। ਮੈਂ ਆਪਣਾ ਨੇਮ ਤੁਹਾਡੇ ਨਾਲ ਬੰਨ੍ਹਦਾ ਹਾਂ ਕਿ ਸਾਰੇ ਪ੍ਰਾਣੀਆਂ ਦਾ ਨਾਸ ਫੇਰ ਕਦੇ ਜਲ ਪਰਲੋ ਨਾਲ ਨਹੀਂ ਕੀਤਾ ਜਾਵੇਗਾ ਅਤੇ ਧਰਤੀ ਦਾ ਨਾਸ ਕਰਨ ਲਈ ਫੇਰ ਕਦੇ ਜਲ ਪਰਲੋ ਨਾ ਆਵੇਗੀ।
ਮੈਂ ਬੱਦਲਾਂ ਵਿੱਚ ਆਪਣੀ ਸਤਰੰਗੀ ਪੀਂਘ ਰੱਖੀ ਹੈ। ਇਹ ਮੇਰੇ ਅਤੇ ਧਰਤੀ ਦੇ ਵਿਚਕਾਰ ਨੇਮ ਦੀ ਨਿਸ਼ਾਨੀ ਹੋਵੇਗੀ।
ਵਿਸ਼ਵਾਸ ਨਾਲ ਨੂਹ ਨੇ ਪਰਮੇਸ਼ੁਰ ਕੋਲੋਂ ਉਨ੍ਹਾਂ ਵਸਤਾਂ ਦੀ ਜਿਹੜੀਆਂ ਅਜੇ ਦੇਖੀਆਂ ਨਹੀਂ ਗਈਆਂ ਸਨ, ਚਿਤਾਵਨੀ ਪਾ ਕੇ ਅਤੇ ਡਰ ਕੇ ਆਪਣੇ ਪਰਿਵਾਰ ਦੇ ਬਚਾਉ ਲਈ ਕਿਸ਼ਤੀ ਬਣਾਈ। ਉਸ ਵਿਸ਼ਵਾਸ ਦੇ ਕਾਰਨ ਉਹ ਨੇ ਸੰਸਾਰ ਨੂੰ ਦੋਸ਼ੀ ਠਹਿਰਾਇਆ ਅਤੇ ਉਸ ਧਾਰਮਿਕਤਾ ਦਾ ਅਧਿਕਾਰੀ ਹੋਇਆ ਜਿਹੜਾ ਵਿਸ਼ਵਾਸ ਤੋਂ ਹੀ ਹੁੰਦਾ ਹੈ।
ਜਿਹੜੇ ਪਿਛਲੇ ਸਮੇਂ ਅਣ-ਆਗਿਆਕਾਰੀ ਸਨ ਜਿਸ ਵੇਲੇ ਪਰਮੇਸ਼ੁਰ ਨੂਹ ਦੇ ਦਿਨਾਂ ਵਿੱਚ ਧੀਰਜ ਨਾਲ ਉਡੀਕ ਕਰਦਾ ਸੀ ਜਦ ਕਿਸ਼ਤੀ ਤਿਆਰ ਹੁੰਦੀ ਸੀ ਜਿਸ ਦੇ ਵਿੱਚ ਅੱਠ ਜਣੇ ਪਾਣੀ ਤੋਂ ਬਚ ਗਏ ਇਹ ਬਪਤਿਸਮੇ ਨੂੰ ਦਰਸਾਉਂਦਾ ਹੈ ਜੋ ਹੁਣ ਤੁਹਾਨੂੰ ਵੀ ਯਿਸੂ ਮਸੀਹ ਦੇ ਜੀ ਉੱਠਣ ਦੇ ਕਾਰਨ ਬਚਾਉਂਦਾ ਹੈ, ਇਹ ਸਰੀਰ ਦੀ ਮੈਲ਼ ਧੋਣਾ ਨਹੀਂ ਪਰ ਸ਼ੁੱਧ ਮਨ ਨਾਲ ਪਰਮੇਸ਼ੁਰ ਨੂੰ ਖੋਜਣਾ ਹੈ। ਉਹ ਸਵਰਗ ਵਿੱਚ ਜਾ ਕੇ ਪਰਮੇਸ਼ੁਰ ਦੇ ਸੱਜੇ ਹੱਥ ਹੈ, ਦੂਤ ਅਤੇ ਅਧਿਕਾਰ ਰੱਖਣ ਵਾਲੇ, ਸਮਰੱਥਾ ਰੱਖਣ ਵਾਲੇ ਉਸ ਦੇ ਅਧੀਨ ਕੀਤੇ ਗਏ ਹਨ।
ਅਤੇ ਜਿਸ ਤਰ੍ਹਾਂ ਨੂਹ ਦੇ ਦਿਨ ਸਨ, ਮਨੁੱਖ ਦੇ ਪੁੱਤਰ ਦਾ ਆਉਣਾ ਉਸੇ ਤਰ੍ਹਾਂ ਹੋਵੇਗਾ। ਕਿਉਂਕਿ ਜਿਸ ਤਰ੍ਹਾਂ ਪਰਲੋ ਤੋਂ ਪਹਿਲਾਂ ਦੇ ਦਿਨਾਂ ਵਿੱਚ ਲੋਕ ਖਾਂਦੇ-ਪੀਂਦੇ ਵਿਆਹ ਕਰਦੇ ਅਤੇ ਕਰਾਉਂਦੇ ਸਨ, ਉਸ ਦਿਨ ਤੱਕ ਜਦ ਤੱਕ ਨੂਹ ਕਿਸ਼ਤੀ ਉੱਤੇ ਚੜ੍ਹਿਆ। ਅਤੇ ਉਹ ਨਹੀਂ ਜਾਣਦੇ ਸਨ ਜਦ ਤੱਕ ਪਰਲੋ ਨਾ ਆਈ ਅਤੇ ਸਭਨਾਂ ਨੂੰ ਰੋੜ੍ਹ ਕੇ ਲੈ ਗਈ, ਇਸੇ ਤਰ੍ਹਾਂ ਮਨੁੱਖ ਦੇ ਪੁੱਤਰ ਦਾ ਆਉਣਾ ਹੋਵੇਗਾ। ਤਦ ਦੋ ਜਣੇ ਖੇਤ ਵਿੱਚ ਹੋਣਗੇ, ਇੱਕ ਲੈ ਲਿਆ ਜਾਵੇਗਾ ਅਤੇ ਇੱਕ ਛੱਡਿਆ ਜਾਵੇਗਾ। ਦੋ ਔਰਤਾਂ ਚੱਕੀ ਪੀਂਹਦੀਆਂ ਹੋਣਗੀਆਂ, ਇੱਕ ਲੈ ਲਈ ਜਾਵੇਗੀ ਅਤੇ ਇੱਕ ਛੱਡੀ ਜਾਵੇਗੀ।