5 ਗਿਬਓਨ ਸ਼ਹਿਰ ਵਿੱਚ ਰਾਤ ਦੇ ਸਮੇਂ ਸੁਫ਼ਨੇ ਵਿੱਚ ਸੁਲੇਮਾਨ ਨੂੰ ਯਹੋਵਾਹ ਦਾ ਦਰਸ਼ਣ ਹੋਇਆ। ਪਰਮੇਸ਼ੁਰ ਨੇ ਆਖਿਆ, ਮੰਗ ਮੈਂ ਤੈਨੂੰ ਕੀ ਦੇਵਾਂ? 6 ਸੁਲੇਮਾਨ ਨੇ ਆਖਿਆ, ਤੂੰ ਆਪਣੇ ਦਾਸ ਮੇਰੇ ਪਿਤਾ ਦਾਊਦ ਉੱਤੇ ਵੱਡੀ ਦਯਾ ਕੀਤੀ ਕਿਉਂ ਜੋ ਉਹ ਤੇਰੇ ਸਨਮੁਖ ਸਚਿਆਈ, ਧਰਮ ਅਤੇ ਮਨ ਦੀ ਖ਼ਰਾਈ ਵਿੱਚ ਤੇਰੇ ਨਾਲ ਚੱਲਦਾ ਰਿਹਾ ਅਤੇ ਤੂੰ ਉਹ ਦੇ ਲਈ ਉਸ ਵੱਡੀ ਦਯਾ ਦੀ ਪਾਲਣਾ ਕੀਤੀ ਕਿ ਉਹ ਨੂੰ ਇੱਕ ਪੁੱਤਰ ਦਿੱਤਾ ਜਿਹੜਾ ਉਹ ਦੀ ਰਾਜ ਗੱਦੀ ਉੱਤੇ ਬੈਠਾ ਹੈ, ਜਿਵੇਂ ਅੱਜ ਦੇ ਦਿਨ ਹੈ। 7 ਹੁਣ ਹੇ ਯਹੋਵਾਹ, ਮੇਰੇ ਪਰਮੇਸ਼ੁਰ ਤੂੰ ਆਪਣੇ ਦਾਸ ਨੂੰ ਮੇਰੇ ਪਿਤਾ ਦਾਊਦ ਦੇ ਥਾਂ ਪਾਤਸ਼ਾਹ ਬਣਾਇਆ ਹੈ ਪਰ ਮੈਂ ਤਾਂ ਇੱਕ ਛੋਟਾ ਜਿਹਾ ਮੁੰਡਾ ਹਾਂ ਅਤੇ ਮੈਂ ਬਾਹਰ ਜਾਣਾ ਅਤੇ ਅੰਦਰ ਆਉਣਾ ਨਹੀਂ ਜਾਣਦਾ ਹਾਂ। 8 ਤੇਰਾ ਦਾਸ ਤੇਰੀ ਪਰਜਾ ਦੇ ਵਿਚਕਾਰ ਹੈ ਜਿਸ ਨੂੰ ਤੂੰ ਚੁਣਿਆ ਹੈ। ਉਹ ਬਹੁਤੇ ਲੋਕ ਹਨ ਜਿਹੜੇ ਨਾ ਗਿਣੇ ਜਾਂਦੇ ਹਨ ਅਤੇ ਬਹੁਤਿਆਂ ਦੇ ਕਾਰਨ ਨਾ ਉਨ੍ਹਾਂ ਦਾ ਲੇਖਾ ਹੀ ਹੋ ਸਕਦਾ ਹੈ। 9 ਤੂੰ ਆਪਣੇ ਦਾਸ ਨੂੰ ਸੁਣਨ ਵਾਲਾ ਮਨ ਦੇ ਕਿ ਉਹ ਤੇਰੀ ਪਰਜਾ ਦਾ ਨਿਆਂ ਕਰ ਸਕੇ, ਇਸ ਲਈ ਕਿ ਮੈਂ ਭਲੇ ਅਤੇ ਬੁਰੇ ਨੂੰ ਸਮਝਾਂ ਕਿਉਂ ਜੋ ਤੇਰੀ ਐਨੀ ਵੱਡੀ ਪਰਜਾ ਦਾ ਨਿਆਂ ਕੌਣ ਕਰ ਸਕਦਾ ਹੈ? 10 ਇਹ ਗੱਲ ਪ੍ਰਭੂ ਦੀ ਨਿਗਾਹ ਵਿੱਚ ਚੰਗੀ ਲੱਗੀ, ਕਿ ਸੁਲੇਮਾਨ ਨੇ ਇਹ ਚੀਜ਼ ਮੰਗੀ ਹੈ। 11 ਅਤੇ ਆਪਣੇ ਲਈ ਬਹੁਤੇ ਦਿਨ ਨਹੀਂ ਮੰਗੇ ਨਾ ਆਪਣੇ ਲਈ ਧਨ ਮੰਗਿਆ ਹੈ ਅਤੇ ਨਾ ਆਪਣੇ ਵੈਰੀਆਂ ਦੇ ਪ੍ਰਾਣ ਮੰਗੇ ਹਨ, ਪਰ ਆਪਣੇ ਲਈ ਨਿਆਂ ਦੇ ਸੁਣਨ ਲਈ ਬੁੱਧ ਮੰਗੀ ਹੈ। 12 ਵੇਖ ਮੈਂ ਤੇਰੀਆਂ ਗੱਲਾਂ ਦੇ ਅਨੁਸਾਰ ਕਰਾਂਗਾ ਅਤੇ ਮੈਂ ਤੈਨੂੰ ਇੱਕ ਬੁੱਧਵਾਨ ਅਤੇ ਸਮਝ ਵਾਲਾ ਮਨ ਦਿੱਤਾ ਹੈ, ਅਜਿਹਾ ਜੋ ਤੇਰੇ ਵਰਗਾ ਤੇਰੇ ਨਾਲੋਂ ਪਹਿਲਾਂ ਕੋਈ ਨਹੀਂ ਹੋਇਆ ਅਤੇ ਨਾ ਤੇਰੇ ਬਾਅਦ ਕੋਈ ਤੇਰੇ ਵਰਗਾ ਉੱਠੇਗਾ।