11 ਸ਼ਾਊਲ ਨੇ ਉਸ ਦੀ ਰਾਖੀ ਕਰਨ ਅਤੇ ਸਵੇਰੇ ਉਸ ਨੂੰ ਮਾਰ ਸੁੱਟਣ ਲਈ ਦਾਊਦ ਦੇ ਘਰ ਦੂਤ ਘੱਲੇ ਅਤੇ ਦਾਊਦ ਦੀ ਪਤਨੀ ਮੀਕਲ ਨੇ ਉਸ ਨੂੰ ਖ਼ਬਰ ਦੇ ਕੇ ਆਖਿਆ, ਜੇ ਤੂੰ ਅੱਜ ਰਾਤ ਨੂੰ ਆਪਣੀ ਜਾਨ ਨਾ ਬਚਾਵੇਂ ਤਾਂ ਕੱਲ ਮਾਰਿਆ ਜਾਵੇਂਗਾ। 12 ਮੀਕਲ ਨੇ ਦਾਊਦ ਨੂੰ ਖਿੜਕੀ ਵਿੱਚੋਂ ਹੇਠਾਂ ਉਤਾਰ ਦਿੱਤਾ ਸੋ ਉਹ ਭੱਜ ਕੇ ਬਚ ਗਿਆ। 13 ਤਦ ਮੀਕਲ ਨੇ ਇੱਕ ਘਰੇਲੂ ਬੁੱਤ ਲੈ ਕੇ ਮੰਜੇ ਉੱਤੇ ਲੰਮਾ ਪਾ ਦਿੱਤਾ ਅਤੇ ਬੱਕਰਿਆਂ ਦੇ ਚੰਮ ਦਾ ਸਿਰਹਾਣਾ ਬਣਾ ਕੇ ਉਹ ਦੇ ਸਿਰ ਵਾਲੇ ਪਾਸੇ ਧਰਿਆ ਅਤੇ ਕੱਪੜਾ ਉੱਤੇ ਤਾਣ ਦਿੱਤਾ। 14 ਜਦ ਸ਼ਾਊਲ ਨੇ ਦਾਊਦ ਦੇ ਫੜਨ ਨੂੰ ਦੂਤ ਘੱਲੇ ਤਾਂ ਉਹ ਬੋਲੀ, ਉਹ ਤਾਂ ਬਿਮਾਰ ਹੈ। 15 ਸ਼ਾਊਲ ਨੇ ਦਾਊਦ ਦੇ ਵੇਖਣ ਲਈ ਦੂਤਾਂ ਨੂੰ ਫੇਰ ਭੇਜਿਆ ਅਤੇ ਆਖਿਆ, ਉਹ ਨੂੰ ਮੰਜੇ ਸਮੇਤ ਮੇਰੇ ਕੋਲ ਚੁੱਕ ਲਿਆਓ ਜੋ ਮੈਂ ਉਹ ਨੂੰ ਮਾਰ ਸੁੱਟਾਂ। 16 ਜਦ ਦੂਤ ਅੰਦਰ ਆਏ ਤਾਂ ਵੇਖੋ, ਮੰਜੇ ਉੱਤੇ ਉਹ ਬੁੱਤ ਲੰਮਾ ਪਿਆ ਹੋਇਆ ਹੈ ਅਤੇ ਉਹ ਦੀ ਸਿਰ ਵਾਲੇ ਪਾਸੇ ਬੱਕਰਿਆਂ ਦੀ ਖੱਲ ਦਾ ਸਿਰਹਾਣਾ ਰੱਖਿਆ ਹੋਇਆ ਹੈ। 17 ਤਦ ਸ਼ਾਊਲ ਨੇ ਮੀਕਲ ਨੂੰ ਆਖਿਆ, ਤੂੰ ਮੇਰੇ ਨਾਲ ਇਹ ਧੋਖਾ ਕਿਉਂ ਕੀਤਾ ਜੋ ਮੇਰੇ ਵੈਰੀ ਨੂੰ ਤੋਰ ਦਿੱਤਾ ਅਤੇ ਉਹ ਬਚ ਗਿਆ? ਸੋ ਮੀਕਲ ਨੇ ਸ਼ਾਊਲ ਨੂੰ ਉੱਤਰ ਦਿੱਤਾ, ਉਸ ਨੇ ਮੈਨੂੰ ਆਖਿਆ, ਮੈਨੂੰ ਜਾਣ ਦੇ। ਮੈਂ ਤੈਨੂੰ ਕਿਉਂ ਮਾਰ ਸੁੱਟਾਂ?
18 ਦਾਊਦ ਭੱਜ ਕੇ ਬਚ ਗਿਆ ਅਤੇ ਰਾਮਾਹ ਵਿੱਚ ਸਮੂਏਲ ਕੋਲ ਆਇਆ ਅਤੇ ਜੋ ਕੁਝ ਸ਼ਾਊਲ ਨੇ ਉਸ ਨਾਲ ਕੀਤਾ ਸੀ ਸੋ ਸਭ ਉਹ ਨੂੰ ਦੱਸ ਦਿੱਤਾ। ਤਦ ਉਹ ਅਤੇ ਸਮੂਏਲ ਨਾਯੋਥ ਵਿੱਚ ਜਾ ਕੇ ਰਹਿਣ ਲੱਗੇ।