23 ਕੀ ਉਹ ਮਸੀਹ ਦੇ ਦਾਸ ਹਨ? ਮੈਂ ਬੇਸੁੱਧ ਵਾਂਗੂੰ ਬੋਲਦਾ ਹਾਂ, ਮੈਂ ਉਹਨਾਂ ਨਾਲੋਂ ਵਧੀਕ ਹਾਂ, ਅਰਥਾਤ ਮਿਹਨਤ ਕਰਨ ਵਿੱਚ ਵੱਧ ਕੇ ਹਾਂ, ਕੈਦਾਂ ਵਿੱਚ ਵਧੀਕ, ਮਾਰ ਖਾਣ ਵਿੱਚ ਹੱਦੋਂ ਬਾਹਰ, ਮੌਤਾਂ ਦੇ ਜੋਖਮਾਂ ਵਿੱਚ ਵੀ ਵੱਧ ਕੇ ਹਾਂ। 24 ਮੈਂ ਪੰਜ ਵਾਰੀ ਯਹੂਦੀਆਂ ਦੇ ਹੱਥੋਂ ਉਨ੍ਹਤਾਲੀ-ਉਨ੍ਹਤਾਲੀ ਕੋਰੜੇ ਖਾਧੇ। 25 ਮੈਂ ਤਿੰਨ ਵਾਰ ਬੈਂਤਾਂ ਦੀ ਮਾਰ ਖਾਧੀ, ਇੱਕ ਵਾਰ ਪਥਰਾਉ ਹੋਇਆ, ਤਿੰਨ ਵਾਰ ਬੇੜੇ ਦੇ ਟੁੱਟਣ ਦੇ ਕਾਰਨ ਦੁੱਖ ਭੋਗਿਆ, ਇੱਕ ਰਾਤ-ਦਿਨ ਸਮੁੰਦਰ ਵਿੱਚ ਕੱਟਿਆ। 26 ਬਹੁਤ ਵਾਰ ਯਾਤਰਾਵਾਂ ਵਿੱਚ, ਦਰਿਆਵਾਂ ਦੇ ਜੋਖਮਾਂ ਵਿੱਚ, ਡਾਕੂਆਂ ਦੇ ਜੋਖਮਾਂ ਵਿੱਚ, ਆਪਣੀ ਕੌਮ ਵੱਲੋਂ ਜੋਖਮਾਂ ਵਿੱਚ, ਪਰਾਈਆਂ ਕੌਮਾਂ ਦੀ ਵੱਲੋਂ ਜੋਖਮਾਂ ਵਿੱਚ, ਨਗਰ ਦੇ ਜੋਖਮਾਂ ਵਿੱਚ, ਉਜਾੜ ਦੇ ਜੋਖਮਾਂ ਵਿੱਚ, ਸਮੁੰਦਰ ਦੇ ਜੋਖਮਾਂ ਵਿੱਚ, ਖੋਟੇ ਭਰਾਵਾਂ ਦੇ ਜੋਖਮਾਂ ਵਿੱਚ, 27 ਮੈਂ ਮਿਹਨਤ ਅਤੇ ਕਸ਼ਟ ਵਿੱਚ, ਕਈ ਵਾਰੀ ਪਹਿਰੇਦਾਰੀ ਵਿੱਚ, ਭੁੱਖ ਅਤੇ ਪਿਆਸ ਵਿੱਚ, ਕਈ ਵਾਰੀ ਵਰਤ ਵਿੱਚ, ਸਰਦੀ ਅਤੇ ਨੰਗੇ ਰਹਿਣ ਵਿੱਚ ਪਿਆ ਹਾਂ। 28 ਅਤੇ ਹੋਰ ਗੱਲਾਂ ਤੋਂ ਬਾਅਦ ਸਾਰੀਆਂ ਕਲੀਸਿਯਾਵਾਂ ਦੀ ਚਿੰਤਾ ਮੈਨੂੰ ਰੋਜ਼ ਸਤਾਉਂਦੀ ਹੈ। 29 ਕਿਸ ਦੀ ਨਿਰਬਲਤਾ ਨਾਲ ਮੈਂ ਨਿਰਬਲ ਨਹੀਂ ਹੁੰਦਾ? ਕਿਸ ਦੇ ਠੋਕਰ ਖਾਣ ਨਾਲ ਮੇਰਾ ਜੀ ਨਹੀਂ ਜਲਦਾ?
30 ਜੇ ਮਾਣ ਕਰਨਾ ਹੀ ਪਵੇ ਤਾਂ ਮੈਂ ਆਪਣੀ ਕਮਜ਼ੋਰੀਆਂ ਦੀਆਂ ਗੱਲਾਂ ਉੱਤੇ ਮਾਣ ਕਰਾਂਗਾ।