17 ਸੋ ਜੋ ਕੋਈ ਮਸੀਹ ਵਿੱਚ ਹੈ ਤਾਂ ਉਹ ਨਵੀਂ ਸਰਿਸ਼ਟੀ ਹੈ। ਪੁਰਾਣੀਆਂ ਗੱਲਾਂ ਬੀਤ ਗਈਆਂ, ਵੇਖੋ, ਉਹ ਨਵੀਆਂ ਹੋ ਗਈਆਂ ਹਨ। 18 ਪਰ ਸਾਰੀਆਂ ਗੱਲਾਂ ਪਰਮੇਸ਼ੁਰ ਤੋਂ ਹਨ, ਜਿਸ ਨੇ ਮਸੀਹ ਦੇ ਰਾਹੀਂ ਸਾਨੂੰ ਆਪਣੇ ਨਾਲ ਮਿਲਾ ਲਿਆ ਅਤੇ ਮੇਲ-ਮਿਲਾਪ ਦੇ ਸੇਵਕਾਈ ਸਾਨੂੰ ਦਿੱਤੀ। 19 ਅਰਥਾਤ ਪਰਮੇਸ਼ੁਰ ਮਸੀਹ ਵਿੱਚ ਹੋ ਕੇ ਸੰਸਾਰ ਨੂੰ ਆਪਣੇ ਨਾਲ ਮਿਲਾ ਰਿਹਾ ਸੀ ਅਤੇ ਉਨ੍ਹਾਂ ਦੇ ਪਾਪਾਂ ਦਾ ਲੇਖਾ ਨਹੀਂ ਸੀ ਕਰਦਾ ਅਤੇ ਉਸ ਨੇ ਮੇਲ-ਮਿਲਾਪ ਦਾ ਬਚਨ ਸਾਨੂੰ ਸੌਂਪ ਦਿੱਤਾ।
20 ਅਸੀਂ ਮਸੀਹ ਦੇ ਰਾਜਦੂਤ ਹਾਂ, ਤੁਸੀਂ ਸਮਝੋ ਪਰਮੇਸ਼ੁਰ ਸਾਡੇ ਰਾਹੀਂ ਮਿੰਨਤ ਕਰਦਾ ਹੈ, ਸੋ ਅਸੀਂ ਮਸੀਹ ਵੱਲੋਂ ਬੇਨਤੀ ਕਰਦੇ ਹਾਂ ਜੋ ਤੁਸੀਂ ਪਰਮੇਸ਼ੁਰ ਨਾਲ ਮੇਲ-ਮਿਲਾਪ ਕਰ ਲਓ। 21 ਪਰਮੇਸ਼ੁਰ ਨੇ ਯਿਸੂ ਨੂੰ ਜਿਹੜਾ ਪਾਪ ਨੂੰ ਜਾਣਦਾ ਤੱਕ ਨਹੀਂ ਸੀ ਸਾਡੀ ਖ਼ਾਤਰ ਪਾਪ ਠਹਿਰਾਇਆ ਤਾਂ ਜੋ ਅਸੀਂ ਉਸ ਵਿੱਚ ਹੋ ਕੇ ਪਰਮੇਸ਼ੁਰ ਦੀ ਧਾਰਮਿਕਤਾ ਬਣੀਏ।