ਅਲੀਸ਼ਾ ਅਤੇ ਸ਼ੂਨੇਮ ਦੀ ਰਹਿਣ ਵਾਲੀ ਧਨੀ ਔਰਤ
8 ਇੱਕ ਦਿਨ ਇਸ ਤਰ੍ਹਾਂ ਹੋਇਆ ਕਿ ਅਲੀਸ਼ਾ ਸ਼ੂਨੇਮ ਵੱਲੋਂ ਦੀ ਹੋ ਕੇ ਲੰਘਿਆ, ਜਿੱਥੇ ਇੱਕ ਪਤਵੰਤੀ ਔਰਤ ਸੀ। ਉਹ ਨੇ ਉਸ ਨੂੰ ਰੋਟੀ ਖਾਣ ਲਈ ਮਜ਼ਬੂਰ ਕੀਤਾ। ਫੇਰ ਜਦੋਂ ਕਦੀ ਉਹ ਉੱਧਰ ਦੀ ਲੰਘਦਾ ਸੀ ਰੋਟੀ ਖਾਣ ਲਈ ਉੱਧਰੇ ਮੁੜ ਪੈਂਦਾ ਸੀ। 9 ਤਦ ਉਹ ਨੇ ਆਪਣੇ ਪਤੀ ਨੂੰ ਆਖਿਆ, "ਵੇਖ, ਉਹ ਜਿਹੜਾ ਬਹੁਤ ਕਰਕੇ ਸਾਡੇ ਪਾਸਿਓਂ ਲੰਘਦਾ ਹੈ, ਪਰਮੇਸ਼ੁਰ ਦਾ ਪਵਿੱਤਰ ਜਨ ਜਾਪਦਾ ਹੈ। 10 ਅਸੀਂ ਇੱਕ ਨਿੱਕਾ ਜਿਹਾ ਚੁਬਾਰਾ ਉਹ ਦੇ ਲਈ ਬਣਾਈਏ ਅਤੇ ਉੱਥੇ ਉਸ ਦੇ ਲਈ ਇੱਕ ਮੰਜਾ, ਇੱਕ ਮੇਜ਼, ਇੱਕ ਚੌਂਕੀ ਤੇ ਇੱਕ ਦੀਵਾ ਰੱਖੀਏ ਅਤੇ ਇਸ ਤਰ੍ਹਾਂ ਹੋਵੇਗਾ ਕਿ ਜਦ ਉਹ ਸਾਡੇ ਕੋਲ ਆਵੇ ਤਾਂ ਉੱਥੇ ਰਹਿ ਸਕੇਗਾ।" 11 ਇੱਕ ਦਿਨ ਇਸ ਤਰ੍ਹਾਂ ਹੋਇਆ ਕਿ ਉਹ ਉੱਧਰ ਆਇਆ ਅਤੇ ਉਸ ਚੁਬਾਰੇ ਵਿੱਚ ਜਾ ਕੇ ਉੱਥੇ ਹੀ ਲੇਟਿਆ। 12 ਤਦ ਉਸ ਨੇ ਆਪਣੇ ਚੇਲੇ ਗੇਹਾਜੀ ਨੂੰ ਆਖਿਆ, "ਇਸ ਸ਼ੂਨੰਮੀ ਔਰਤ ਨੂੰ ਸੱਦ," ਤਦ ਉਹ ਨੇ ਉਹ ਨੂੰ ਸੱਦਿਆ ਤੇ ਉਹ ਉਸ ਦੇ ਅੱਗੇ ਖੜ੍ਹੀ ਹੋ ਗਈ। 13 ਉਸ ਨੇ ਚੇਲੇ ਨੂੰ ਕਿਹਾ ਕਿ ਉਹ ਨੂੰ ਆਖ ਕਿ ਵੇਖ ਤੂੰ ਜੋ ਐਨੇ ਧਿਆਨ ਨਾਲ ਸਾਡੀ ਸੇਵਾ ਕਰਦੀ ਰਹੀ, ਤੇਰੇ ਲਈ ਕੀ ਕੀਤਾ ਜਾਵੇ? ਕੀ ਅਸੀਂ ਰਾਜਾ ਜਾਂ ਸੈਨਾਪਤੀ ਨਾਲ ਤੇਰੇ ਬਾਰੇ ਗੱਲ ਕਰੀਏ? ਪਰ ਉਹ ਬੋਲੀ, "ਮੈਂ ਤਾਂ ਆਪਣੇ ਹੀ ਲੋਕਾਂ ਦੇ ਵਿਚਕਾਰ ਵੱਸਦੀ ਹਾਂ।" 14 ਫੇਰ ਉਸ ਨੇ ਕਿਹਾ ਤਾਂ ਉਹ ਦੇ ਲਈ ਕੀ ਕੀਤਾ ਜਾਵੇ? ਅੱਗੋਂ ਗੇਹਾਜੀ ਬੋਲਿਆ, "ਸੱਚ-ਮੁੱਚ ਉਹ ਦੇ ਕੋਈ ਪੁੱਤਰ ਨਹੀਂ ਹੈ ਅਤੇ ਉਹ ਦਾ ਪਤੀ ਬਿਰਧ ਹੈ।" 15 ਉਸ ਨੇ ਕਿਹਾ, "ਉਹ ਨੂੰ ਸੱਦ।" ਸੋ ਉਸ ਨੇ ਉਹ ਨੂੰ ਸੱਦਿਆ ਤੇ ਉਹ ਦਰਵਾਜ਼ੇ ਵਿੱਚ ਆ ਖੜ੍ਹੀ ਹੋਈ। 16 ਤਦ ਉਹ ਬੋਲਿਆ, "ਇਸੇ ਰੁੱਤੇ ਬਸੰਤ ਦੇ ਦਿਨਾਂ ਦੇ ਨੇੜ੍ਹੇ ਤੇਰੇ ਇੱਕ ਪੁੱਤਰ ਹੋਵੇਗਾ।" ਉਹ ਬੋਲੀ, "ਨਹੀਂ, ਮੇਰੇ ਸੁਆਮੀ ਪਰਮੇਸ਼ੁਰ ਦੇ ਜਨ ਆਪਣੀ ਦਾਸੀ ਨਾਲ ਝੂਠ ਨਾ ਬੋਲ।" 17 ਪਰ ਉਹ ਔਰਤ ਗਰਭਵਤੀ ਹੋਈ ਅਤੇ ਜਿਵੇਂ ਅਲੀਸ਼ਾ ਨੇ ਆਖਿਆ ਸੀ ਉਸੇ ਰੁੱਤੇ ਬਸੰਤ ਦੇ ਨੇੜ੍ਹੇ ਉਹ ਦੇ ਪੁੱਤਰ ਜੰਮਿਆ। 18 ਜਦੋਂ ਬਾਲਕ ਵੱਡਾ ਹੋਇਆ, ਤਾਂ ਇੱਕ ਦਿਨ ਉਹ ਆਪਣੇ ਪਿਉ ਕੋਲ ਵਾਢਿਆਂ ਵੱਲ ਚੱਲਿਆ ਗਿਆ। 19 ਅਤੇ ਉਹ ਆਪਣੇ ਪਿਉ ਨੂੰ ਆਖਣ ਲੱਗਾ, "ਹਾਏ ਮੇਰਾ ਸਿਰ, ਹਾਏ ਮੇਰਾ ਸਿਰ!" ਉਹ ਨੇ ਆਪਣੇ ਇੱਕ ਸੇਵਕ ਨੂੰ ਆਖਿਆ, "ਉਹ ਨੂੰ ਉਹ ਦੀ ਮਾਂ ਕੋਲ ਲੈ ਜਾ।" 20 ਜਦੋਂ ਉਹ ਉਸ ਨੂੰ ਚੁੱਕ ਕੇ ਉਹ ਦੀ ਮਾਂ ਕੋਲ ਅੰਦਰ ਲੈ ਗਿਆ, ਤਾਂ ਉਹ ਦੁਪਹਿਰ ਤੱਕ ਉਹ ਦੇ ਗੋਡਿਆਂ ਉੱਤੇ ਬੈਠਾ ਰਿਹਾ, ਫੇਰ ਮਰ ਗਿਆ। 21 ਤਦ ਉਹ ਨੇ ਉੱਤੇ ਜਾ ਕੇ ਉਹ ਨੂੰ ਪਰਮੇਸ਼ੁਰ ਦੇ ਜਨ ਦੇ ਮੰਜੇ ਉੱਤੇ ਲਿਟਾ ਦਿੱਤਾ ਅਤੇ ਦਰਵਾਜ਼ਾ ਬੰਦ ਕਰ ਕੇ ਬਾਹਰ ਚਲੀ ਗਈ। 22 ਉਹ ਨੇ ਆਪਣੇ ਪਤੀ ਨੂੰ ਸੱਦ ਕੇ ਆਖਿਆ, "ਜੁਆਨਾਂ ਵਿੱਚੋਂ ਇੱਕ ਜਣਾ ਨਾਲੇ ਇੱਕ ਗਧੀ ਮੇਰੇ ਕੋਲ ਭੇਜ ਕਿ ਮੈਂ ਪਰਮੇਸ਼ੁਰ ਦੇ ਜਨ ਕੋਲ ਭੱਜ ਕੇ ਜਾਂਵਾਂ ਤੇ ਮੁੜ ਆਵਾਂ।" 23 ਅੱਗੋਂ ਉਹ ਬੋਲਿਆ, "ਅੱਜ ਤੂੰ ਕਿਉਂ ਉਹ ਦੇ ਕੋਲ ਜਾਂਦੀ ਹੈਂ, ਨਾ ਨਵਾਂ ਚੰਦ ਹੈ ਨਾ ਸਬਤ?" ਪਰ ਉਹ ਬੋਲੀ ਸਲਾਮਤੀ ਹੀ ਹੋਵੇਗੀ। 24 ਤਦ ਉਹ ਨੇ ਗਧੀ ਉੱਤੇ ਕਾਠੀ ਕੱਸੀ ਅਤੇ ਆਪਣੇ ਸੇਵਕ ਨੂੰ ਆਖਿਆ, "ਹੱਕ ਲੈ ਤੇ ਅੱਗੇ ਵੱਧ। ਜਦ ਤੱਕ ਮੈਂ ਤੈਨੂੰ ਨਾ ਆਖਾਂ ਮੇਰੇ ਕਾਰਨ ਸਵਾਰੀ ਹੱਕਣ ਵਿੱਚ ਢਿੱਲ ਨਾ ਕਰੀਂ।" 25 ਸੋ ਉਹ ਰਾਹ ਪੈ ਗਈ ਤੇ ਪਰਮੇਸ਼ੁਰ ਦੇ ਜਨ ਕੋਲ ਕਰਮਲ ਦੇ ਪਰਬਤ ਉੱਤੇ ਗਈ ਅਤੇ ਜਦੋਂ ਪਰਮੇਸ਼ੁਰ ਦੇ ਜਨ ਨੇ ਉਹ ਨੂੰ ਦੂਰੋਂ ਵੇਖਿਆ, ਤਾਂ ਉਸ ਨੇ ਆਪਣੇ ਦਾਸ ਗੇਹਾਜੀ ਨੂੰ ਆਖਿਆ, "ਵੇਖ, ਓਹ ਸ਼ੂਨੰਮੀ ਔਰਤ ਹੈ।" 26 ਤੂੰ ਹੁਣ ਭੱਜ ਕੇ ਉਹ ਨੂੰ ਮਿਲ ਤੇ ਉਹ ਨੂੰ ਪੁੱਛ ਕਿ ਤੂੰ ਰਾਜੀ ਬਾਜ਼ੀ ਤਾਂ ਹੈਂ? ਤੇਰਾ ਪਤੀ ਰਾਜੀ ਬਾਜ਼ੀ ਹੈ? ਬਾਲਕ ਰਾਜੀ ਬਾਜ਼ੀ ਹੈ? ਅੱਗੋਂ ਉਹ ਬੋਲੀ, "ਸੁੱਖ-ਸਾਂਦ ਹੈ।" 27 ਪਰ ਜਦੋਂ ਉਹ ਪਰਮੇਸ਼ੁਰ ਦੇ ਜਨ ਕੋਲ ਪਰਬਤ ਉੱਤੇ ਆਈ, ਤਾਂ ਉਸ ਦੇ ਪੈਰ ਫੜ ਲਏ ਅਤੇ ਗੇਹਾਜੀ ਉਹ ਨੂੰ ਪਰੇ ਹਟਾਉਣ ਲਈ ਨੇੜੇ ਆਇਆ ਪਰ ਪਰਮੇਸ਼ੁਰ ਦੇ ਜਨ ਨੇ ਆਖਿਆ, "ਉਹ ਨੂੰ ਰਹਿਣ ਦੇ, ਕਿਉਂ ਜੋ ਉਹ ਦਾ ਮਨ ਭਰਿਆ ਹੋਇਆ ਹੈ ਪਰ ਯਹੋਵਾਹ ਨੇ ਇਹ ਮੇਰੇ ਤੋਂ ਲੁਕਾਇਆ ਤੇ ਮੈਨੂੰ ਨਾ ਦੱਸਿਆ।" 28 ਤਦ ਉਹ ਬੋਲੀ, "ਕੀ ਮੈਂ ਆਪਣੇ ਸੁਆਮੀ ਕੋਲੋਂ ਪੁੱਤਰ ਮੰਗਿਆ ਸੀ? ਕੀ ਮੈਂ ਇਹ ਨਹੀਂ ਸੀ ਆਖਿਆ ਕਿ ਮੈਨੂੰ ਧੋਖਾ ਨਾ ਦੇਵੀਂ?" 29 ਤਾਂ ਉਸ ਨੇ ਗੇਹਾਜੀ ਨੂੰ ਕਿਹਾ, "ਆਪਣਾ ਲੱਕ ਬੰਨ੍ਹ ਅਤੇ ਮੇਰੀ ਲਾਠੀ ਆਪਣੇ ਹੱਥ ਵਿੱਚ ਲੈ ਕੇ ਆਪਣਾ ਰਾਹ ਫੜ। ਜੇ ਕੋਈ ਆਦਮੀ ਤੈਨੂੰ ਮਿਲੇ ਤਾਂ ਉਹ ਨੂੰ ਪਰਨਾਮ ਨਾ ਕਰੀਂ ਅਤੇ ਜੇ ਕੋਈ ਆਦਮੀ ਪਰਨਾਮ ਕਰੇਂ ਤਾਂ ਤੂੰ ਉਹ ਨੂੰ ਉੱਤਰ ਨਾ ਦੇਵੀਂ। ਫੇਰ ਤੂੰ ਮੁੰਡੇ ਦੇ ਮੂੰਹ ਉੱਤੇ ਮੇਰੀ ਲਾਠੀ ਰੱਖ ਦੇਵੀਂ।" 30 ਪਰ ਮੁੰਡੇ ਦੀ ਮਾਂ ਬੋਲੀ, "ਜੀਉਂਦੇ ਯਹੋਵਾਹ ਦੀ ਤੇ ਤੇਰੀ ਜਾਨ ਦੀ ਸਹੁੰ ਮੈਂ ਤੈਨੂੰ ਨਹੀਂ ਛੱਡਾਂਗੀ।" ਸੋ ਉਹ ਉੱਠ ਕੇ ਉਹ ਦੇ ਮਗਰ ਤੁਰ ਪਿਆ। 31 ਗੇਹਾਜੀ ਉਨ੍ਹਾਂ ਤੋਂ ਪਹਿਲਾਂ ਤੁਰ ਗਿਆ ਤੇ ਮੁੰਡੇ ਦੇ ਮੂੰਹ ਉੱਤੇ ਲਾਠੀ ਰੱਖੀ ਪਰ ਨਾ ਅਵਾਜ਼ ਸੀ ਨਾ ਸੁਰਤ, ਇਸ ਲਈ ਉਹ ਉਸ ਨੂੰ ਮਿਲਣ ਲਈ ਮੁੜਿਆ ਅਤੇ ਉਸ ਨੂੰ ਦੱਸਿਆ ਕਿ ਬਾਲਕ ਨਹੀਂ ਜਾਗਿਆ। 32 ਜਦੋਂ ਅਲੀਸ਼ਾ ਘਰ ਵਿੱਚ ਆਇਆ, ਵੇਖੋ ਬਾਲਕ ਮਰਿਆ ਹੋਇਆ ਉਸ ਦੇ ਮੰਜੇ ਉੱਤੇ ਪਿਆ ਸੀ। 33 ਉਹ ਅੰਦਰ ਗਿਆ ਅਤੇ ਉਨ੍ਹਾਂ ਦੋਵਾਂ ਲਈ ਦਰਵਾਜ਼ਾ ਬੰਦ ਕਰ ਲਿਆ ਅਤੇ ਯਹੋਵਾਹ ਦੇ ਅੱਗੇ ਬੇਨਤੀ ਕੀਤੀ। 34 ਤਦ ਉਹ ਚੜ੍ਹ ਕੇ ਬਾਲਕ ਉੱਤੇ ਲੇਟ ਗਿਆ, ਉਸ ਨੇ ਆਪਣਾ ਮੂੰਹ ਉਹ ਦੇ ਮੂੰਹ ਉੱਤੇ, ਆਪਣੀਆਂ ਅੱਖਾਂ ਉਹ ਦੀਆਂ ਅੱਖਾਂ ਉੱਤੇ, ਆਪਣੇ ਹੱਥ ਉਹ ਦੇ ਹੱਥਾਂ ਉੱਤੇ ਰੱਖੇ ਅਤੇ ਉਹ ਦੇ ਉੱਤੇ ਪਸਰ ਗਿਆ ਤਦ ਉਸ ਬੱਚੇ ਦਾ ਸਰੀਰ ਨਿੱਘਾ ਹੋ ਗਿਆ। 35 ਫੇਰ ਉਹ ਉੱਠਿਆ ਅਤੇ ਇੱਕ ਵਾਰੀ ਘਰ ਵਿੱਚ ਇੱਧਰ-ਉੱਧਰ ਟਹਿਲਿਆ ਤਦ ਉਹ ਚੜ੍ਹ ਕੇ ਉਹ ਦੇ ਉੱਤੇ ਪਸਰ ਗਿਆ ਤੇ ਬਾਲਕ ਸੱਤ ਵਾਰੀ ਛਿੱਕਿਆ ਅਤੇ ਮੁੰਡੇ ਨੇ ਆਪਣੀਆਂ ਅੱਖਾਂ ਖੋਲ੍ਹੀਆਂ। 36 ਤਦ ਉਸ ਨੇ ਗੇਹਾਜੀ ਨੂੰ ਸੱਦ ਕੇ ਆਖਿਆ, "ਇਸ ਸ਼ੂਨੰਮੀ ਨੂੰ ਸੱਦ ਲੈ।" ਸੋ ਉਸ ਨੇ ਉਹ ਨੂੰ ਸੱਦਿਆ ਅਤੇ ਜਦੋਂ ਉਹ ਉਸ ਦੇ ਕੋਲ ਅੰਦਰ ਆਈ ਤਾਂ ਉਹ ਬੋਲਿਆ, "ਆਪਣੇ ਪੁੱਤਰ ਨੂੰ ਚੁੱਕ ਲੈ।" 37 ਤਦ ਉਹ ਅੰਦਰ ਆਈ ਤੇ ਉਸ ਦੇ ਚਰਨਾਂ ਉੱਤੇ ਡਿੱਗੀ, ਆਪਣੇ ਆਪ ਨੂੰ ਧਰਤੀ ਤੇ ਨਿਵਾਇਆ ਅਤੇ ਆਪਣੇ ਪੁੱਤਰ ਨੂੰ ਚੁੱਕ ਕੇ ਬਾਹਰ ਚੱਲੀ ਗਈ।