ਨਅਮਾਨ ਕੋੜ੍ਹੀ ਨੂੰ ਸ਼ੁੱਧ ਕੀਤਾ ਜਾਣਾ
1 ਅਰਾਮ ਦੇ ਰਾਜਾ ਦਾ ਸੈਨਾਪਤੀ ਨਅਮਾਨ ਆਪਣੇ ਸੁਆਮੀ ਦੇ ਅੱਗੇ ਵੱਡਾ ਆਦਮੀ ਸੀ ਅਤੇ ਉਹ ਦਾ ਆਦਰ ਮਾਣ ਹੁੰਦਾ ਸੀ, ਕਿਉਂ ਜੋ ਉਹ ਦੇ ਦੁਆਰਾ ਯਹੋਵਾਹ ਨੇ ਅਰਾਮ ਨੂੰ ਫ਼ਤਹ ਦਿੱਤੀ ਸੀ। ਉਹ ਮਨੁੱਖ ਯੋਧਾ ਸੂਰਮਾ ਸੀ ਪਰ ਕੋੜ੍ਹੀ ਸੀ। 2 ਅਰਾਮੀ ਜੱਥੇ ਬੰਨ੍ਹ ਕੇ ਨਿੱਕਲੇ ਤੇ ਇਸਰਾਏਲ ਦੇ ਦੇਸ ਵਿੱਚੋਂ ਇੱਕ ਛੋਟੀ ਕੁੜੀ ਨੂੰ ਗ਼ੁਲਾਮ ਬਣਾ ਕੇ ਨਾਲ ਲੈ ਆਏ ਸਨ, ਜੋ ਨਅਮਾਨ ਦੀ ਇਸਤਰੀ ਦੀ ਦਾਸੀ ਬਣ ਗਈ ਸੀ। 3 ਉਸ ਨੇ ਆਪਣੀ ਮਾਲਕਣ ਨੂੰ ਆਖਿਆ, "ਜੇਕਰ ਮੇਰਾ ਸੁਆਮੀ ਉਸ ਨਬੀ ਦੇ ਕੋਲ ਹੁੰਦਾ ਜੋ ਸਾਮਰਿਯਾ ਵਿੱਚ ਹੈ, ਤਾਂ ਉਹ ਉਸ ਨੂੰ ਉਸ ਦੇ ਕੋੜ੍ਹ ਤੋਂ ਚੰਗਾ ਕਰ ਦਿੰਦਾ।" 4 ਕਿਸੇ ਨੇ ਅੰਦਰ ਜਾ ਕੇ ਆਪਣੇ ਸੁਆਮੀ ਨੂੰ ਦੱਸਿਆ ਕਿ ਉਸ ਕੁੜੀ ਨੇ ਜੋ ਇਸਰਾਏਲ ਦੇ ਦੇਸ ਦੀ ਹੈ, ਇਸ ਤਰ੍ਹਾਂ ਆਖਿਆ ਹੈ। 5 ਤਦ ਨਅਮਾਨ ਅਰਾਮ ਦੇ ਰਾਜਾ ਕੋਲ ਗਿਆ ਅਤੇ ਰਾਜਾ ਨੇ ਆਖਿਆ, "ਚਲਾ ਜਾ। ਮੈਂ ਇਸਰਾਏਲ ਦੇ ਰਾਜਾ ਨੂੰ ਇੱਕ ਚਿੱਠੀ ਭੇਜਾਂਗਾ।" ਸੋ ਉਹ ਤੁਰ ਪਿਆ ਤੇ ਦਸ ਤੋੜੇ ਚਾਂਦੀ, ਛੇ ਹਜ਼ਾਰ ਮਿਸਕਾਲ ਸੋਨਾ ਅਤੇ ਦਸ ਜੋੜੇ ਕੱਪੜੇ ਆਪਣੇ ਨਾਲ ਲੈ ਲਏ। 6 ਉਹ ਇਸਰਾਏਲ ਦੇ ਰਾਜਾ ਦੇ ਕੋਲ ਚਿੱਠੀ ਲਿਆਇਆ ਜਿਸ ਦੇ ਵਿੱਚ ਇਹ ਲਿਖਿਆ ਸੀ ਕਿ ਹੁਣ ਜਦੋਂ ਇਹ ਚਿੱਠੀ ਤੇਰੇ ਕੋਲ ਪਹੁੰਚੇ, ਤਾਂ ਵੇਖ ਮੈਂ ਆਪਣੇ ਬੰਦੇ ਨਅਮਾਨ ਨੂੰ ਤੇਰੇ ਕੋਲ ਭੇਜਿਆ ਹੈ ਕਿ ਤੂੰ ਉਹ ਨੂੰ ਉਹ ਦੇ ਕੋੜ੍ਹ ਤੋਂ ਚੰਗਿਆ ਕਰ ਦੇਵੇਂ। 7 ਜਦੋਂ ਇਸਰਾਏਲ ਦੇ ਰਾਜਾ ਨੇ ਉਹ ਚਿੱਠੀ ਪੜ੍ਹੀ ਤਾਂ ਉਸ ਨੇ ਆਪਣੇ ਕੱਪੜੇ ਪਾੜ ਕੇ ਆਖਿਆ, "ਕੀ ਮੈਂ ਪਰਮੇਸ਼ੁਰ ਹਾਂ ਜੋ ਮਾਰਾਂ ਜਾਂ ਜਿਉਂਦਾ ਕਰਾਂ, ਜੋ ਇਹ ਪੁਰਸ਼ ਇੱਕ ਆਦਮੀ ਨੂੰ ਮੇਰੇ ਕੋਲ ਭੇਜਦਾ ਹੈ ਕਿ ਮੈਂ ਉਹ ਨੂੰ ਕੋੜ੍ਹ ਤੋਂ ਚੰਗਾ ਕਰਾਂ? ਇਸ ਤਰ੍ਹਾਂ ਲੱਗਦਾ ਹੈ ਕਿ ਉਹ ਮੇਰੇ ਨਾਲ ਬਹਿਸ ਸ਼ੁਰੂ ਕਰਨਾ ਚਾਹੁੰਦਾ ਹੈ।" 8 ਜਦੋਂ ਪਰਮੇਸ਼ੁਰ ਦੇ ਜਨ ਅਲੀਸ਼ਾ ਨੇ ਸੁਣਿਆ ਕਿ ਇਸਰਾਏਲ ਦੇ ਰਾਜਾ ਨੇ ਆਪਣੇ ਕੱਪੜੇ ਪਾੜੇ ਤਾਂ ਉਸ ਨੇ ਰਾਜਾ ਨੂੰ ਇਹ ਕਹਿ ਭੇਜਿਆ ਕਿ ਤੂੰ ਆਪਣੇ ਕੱਪੜੇ ਕਿਉਂ ਪਾੜੇ ਹਨ? ਉਹ ਨੂੰ ਮੇਰੇ ਕੋਲ ਆਉਣ ਦੇ ਤਾਂ ਜੋ ਉਹ ਨੂੰ ਪਤਾ ਲੱਗੇ ਕਿ ਇਸਰਾਏਲ ਵਿੱਚ ਇੱਕ ਨਬੀ ਹੈ। 9 ਸੋ ਨਅਮਾਨ ਆਪਣੇ ਘੋੜਿਆਂ ਤੇ ਆਪਣੇ ਰੱਥਾਂ ਸਮੇਤ ਆਇਆ ਅਤੇ ਅਲੀਸ਼ਾ ਦੇ ਘਰ ਦੇ ਦਰਵਾਜ਼ੇ ਕੋਲ ਆ ਗਿਆ। 10 ਅਲੀਸ਼ਾ ਨੇ ਇੱਕ ਸੰਦੇਸ਼ਵਾਹਕ ਨੂੰ ਇਹ ਆਖ ਕੇ ਉਹ ਦੇ ਕੋਲ ਭੇਜਿਆ ਕਿ ਜਾ ਤੇ ਯਰਦਨ ਵਿੱਚ ਸੱਤ ਚੁੱਭੀਆਂ ਮਾਰ, ਤਾਂ ਤੇਰਾ ਕੋੜ੍ਹ ਜਾਂਦਾ ਰਹੇਗਾ ਅਤੇ ਤੂੰ ਸ਼ੁੱਧ ਹੋ ਜਾਵੇਂਗਾ। 11 ਪਰ ਨਅਮਾਨ ਕ੍ਰੋਧੀ ਹੋ ਕੇ ਚੱਲਿਆ ਗਿਆ ਅਤੇ ਕਹਿਣ ਲੱਗਾ, "ਵੇਖੋ, ਮੈਂ ਤਾਂ ਸੋਚਦਾ ਸੀ ਕਿ ਜ਼ਰੂਰ ਉਹ ਬਾਹਰ ਆ ਕੇ ਮੇਰੇ ਕੋਲ ਆਵੇਗਾ ਅਤੇ ਆਪਣੇ ਪਰਮੇਸ਼ੁਰ ਯਹੋਵਾਹ ਦਾ ਨਾਮ ਲੈ ਕੇ ਉਸ ਕੋੜ੍ਹ ਵਾਲੇ ਥਾਂ ਉੱਤੇ ਆਪਣਾ ਹੱਥ ਫੇਰੇਗਾ ਅਤੇ ਕੋੜ੍ਹ ਨੂੰ ਚੰਗਾ ਕਰੇਗਾ। 12 ਕੀ ਦੰਮਿਸ਼ਕ ਦੀਆਂ ਨਦੀਆਂ ਅਬਾਨਾਹ ਤੇ ਫਰਫਰ ਇਸਰਾਏਲ ਦੀਆਂ ਸਾਰੀਆਂ ਨਦੀਆਂ ਤੋਂ ਚੰਗੀਆਂ ਨਹੀਂ ਹਨ? ਕੀ ਮੈਂ ਉਨ੍ਹਾਂ ਵਿੱਚ ਨਹਾ ਕੇ ਸ਼ੁੱਧ ਨਹੀਂ ਹੋ ਸਕਦਾ ਸੀ?" ਸੋ ਉਹ ਮੁੜਿਆ ਤੇ ਗੁੱਸੇ ਨਾਲ ਚੱਲਿਆ ਗਿਆ। 13 ਤਦ ਉਹ ਦੇ ਸੇਵਕ ਨੇੜੇ ਆਏ ਤੇ ਉਹ ਨੂੰ ਇਹ ਆਖਿਆ, "ਹੇ ਸਾਡੇ ਪਿਤਾ, ਜੇ ਨਬੀ ਤੁਹਾਨੂੰ ਕੋਈ ਵੱਡਾ ਕੰਮ ਕਰਨ ਦੀ ਆਗਿਆ ਦਿੰਦਾ ਤਾਂ ਕੀ ਤੁਸੀਂ ਨਾ ਕਰਦੇ? ਜਦੋਂ ਉਸ ਨੇ ਤੁਹਾਨੂੰ ਆਖਿਆ ਹੈ ਕਿ ਨਹਾ ਲੈ ਤੇ ਸ਼ੁੱਧ ਹੋ ਜਾ, ਤਾਂ ਕਿੰਨ੍ਹਾਂ ਵਧ ਕੇ ਇਹ ਕਰਨਾ ਚਾਹੀਦਾ ਹੈ?" 14 ਤਦ ਪਰਮੇਸ਼ੁਰ ਦੇ ਜਨ ਦੇ ਕਹਿਣ ਅਨੁਸਾਰ ਉਹ ਨੇ ਯਰਦਨ ਵਿੱਚ ਉਤਰ ਕੇ ਸੱਤ ਚੁੱਭੀਆਂ ਮਾਰੀਆਂ ਤੇ ਫੇਰ ਉਹ ਦੀ ਦੇਹ ਛੋਟੇ ਬੱਚੇ ਦੇ ਸਰੀਰ ਵਰਗੀ ਸਾਫ਼ ਹੋ ਗਈ ਅਤੇ ਉਹ ਸ਼ੁੱਧ ਹੋ ਗਿਆ।