ਦਾਊਦ ਦਾ ਇਸਰਾਏਲ ਅਤੇ ਯਹੂਦਾਹ ਦਾ ਰਾਜਾ ਬਣਨਾ
1 ਇਹ ਦੇ ਬਾਅਦ ਇਸਰਾਏਲ ਦੇ ਸਾਰੇ ਗੋਤ ਹਬਰੋਨ ਵਿੱਚ ਦਾਊਦ ਦੇ ਕੋਲ ਇਕੱਠੇ ਹੋਏ ਅਤੇ ਉਸ ਨੂੰ ਆਖਿਆ, ਵੇਖੋ, ਅਸੀਂ ਤੁਹਾਡੀ ਹੀ ਹੱਡੀ ਅਤੇ ਮਾਸ ਹਾਂ। 2 ਪਿਛਲੇ ਸਮੇਂ ਵਿੱਚ ਜਦੋਂ ਸ਼ਾਊਲ ਸਾਡਾ ਰਾਜਾ ਸੀ, ਤਦ ਤੁਸੀਂ ਹੀ ਇਸਰਾਏਲ ਦੀ ਅਗਵਾਈ ਕੀਤੀ ਅਤੇ ਯਹੋਵਾਹ ਨੇ ਤੁਹਾਨੂੰ ਆਖਿਆ ਸੀ ਜੋ ਤੂੰ ਮੇਰੀ ਪਰਜਾ ਇਸਰਾਏਲ ਦਾ ਚਰਵਾਹਾ ਹੋਵੇਂਗਾ ਅਤੇ ਤੂੰ ਹੀ ਇਸਰਾਏਲ ਉੱਤੇ ਪ੍ਰਧਾਨ ਹੋਵੇਂਗਾ। 3 ਇਸ ਲਈ ਇਸਰਾਏਲ ਦੇ ਸਾਰੇ ਬਜ਼ੁਰਗ ਹਬਰੋਨ ਵਿੱਚ ਰਾਜਾ ਕੋਲ ਆਏ, ਦਾਊਦ ਰਾਜਾ ਨੇ ਹਬਰੋਨ ਵਿੱਚ ਉਨ੍ਹਾਂ ਦੇ ਨਾਲ ਯਹੋਵਾਹ ਦੇ ਅੱਗੇ ਵਾਇਦਾ ਕੀਤਾ ਅਤੇ ਉਨ੍ਹਾਂ ਨੇ ਦਾਊਦ ਨੂੰ ਮਸਹ ਕਰ ਕੇ ਇਸਰਾਏਲ ਦਾ ਰਾਜਾ ਬਣਾ ਦਿੱਤਾ।