ਪੌਲੁਸ ਅਤੇ ਸੀਲਾਸ ਕੈਦ ਵਿੱਚ
16 ਇਸ ਤਰ੍ਹਾਂ ਹੋਇਆ ਕਿ ਜਦੋਂ ਅਸੀਂ ਪ੍ਰਾਰਥਨਾ ਕਰਨ ਦੇ ਸਥਾਨ ਨੂੰ ਜਾ ਰਹੇ ਸੀ ਤਾਂ ਇੱਕ ਦਾਸੀ ਸਾਨੂੰ ਮਿਲੀ, ਜਿਸ ਦੇ ਵਿੱਚ ਭੇਤ ਬੁੱਝਣ ਦੀ ਆਤਮਾ ਸੀ ਅਤੇ ਉਹ ਟੇਵੇ ਲਾ ਕੇ ਆਪਣੇ ਮਾਲਕਾਂ ਲਈ ਬਹੁਤ ਕੁਝ ਕਮਾ ਲਿਆਉਂਦੀ ਸੀ। 17 ਪੌਲੁਸ ਅਤੇ ਸਾਡੇ ਮਗਰ ਆ ਕੇ ਅਵਾਜ਼ਾਂ ਮਾਰਦੀ ਅਤੇ ਕਹਿੰਦੀ ਸੀ ਕਿ ਇਹ ਲੋਕ ਅੱਤ ਮਹਾਨ ਪਰਮੇਸ਼ੁਰ ਦੇ ਦਾਸ ਹਨ, ਜਿਹੜੇ ਤੁਹਾਨੂੰ ਮੁਕਤੀ ਦੀ ਰਾਹ ਦੱਸਦੇ ਹਨ। 18 ਉਹ ਬਹੁਤ ਦਿਨਾਂ ਤੱਕ ਇਹ ਕਰਦੀ ਰਹੀ ਪਰ ਪੌਲੁਸ ਅੱਕ ਗਿਆ ਅਤੇ ਮੁੜ ਕੇ ਉਸ ਆਤਮਾ ਨੂੰ ਕਿਹਾ, ਮੈਂ ਤੈਨੂੰ ਯਿਸੂ ਮਸੀਹ ਦੇ ਨਾਮ ਨਾਲ ਹੁਕਮ ਕਰਦਾ ਹਾਂ ਜੋ ਇਹ ਦੇ ਵਿੱਚੋਂ ਨਿੱਕਲ ਜਾ! ਅਤੇ ਉਸੇ ਸਮੇਂ ਉਹ ਨਿੱਕਲ ਗਈ।
19 ਪਰ ਜਦੋਂ ਉਹ ਦੇ ਮਾਲਕਾਂ ਨੇ ਵੇਖਿਆ ਜੋ ਸਾਡੀ ਕਮਾਈ ਦੀ ਆਸ ਖ਼ਤਮ ਹੋ ਗਈ ਤਾਂ ਪੌਲੁਸ ਅਤੇ ਸੀਲਾਸ ਨੂੰ ਫੜ੍ਹ ਕੇ ਬਜ਼ਾਰ ਵਿੱਚ ਅਧਿਕਾਰੀਆਂ ਦੇ ਕੋਲ ਖਿੱਚ ਕੇ ਲੈ ਗਏ। 20 ਅਤੇ ਉਨ੍ਹਾਂ ਨੇ ਸਰਦਾਰਾਂ ਦੇ ਅੱਗੇ ਲੈ ਜਾ ਕੇ ਕਿਹਾ ਕਿ ਉਹ ਮਨੁੱਖ ਜਿਹੜੇ ਯਹੂਦੀ ਹਨ ਸਾਡੇ ਸ਼ਹਿਰ ਵਿੱਚ ਬਹੁਤ ਗੜਬੜੀ ਕਰਦੇ ਹਨ। 21 ਅਤੇ ਸਾਨੂੰ ਅਜਿਹੀਆਂ ਰੀਤਾਂ ਦੱਸਦੇ ਹਨ ਕਿ ਜੋ ਕਿਸੇ ਰੋਮੀ ਦੇ ਮੰਨਣ ਅਤੇ ਪੂਰਾ ਕਰਨ ਦੇ ਯੋਗ ਨਹੀਂ। 22 ਤਦ ਲੋਕ ਮਿਲ ਕੇ ਉਨ੍ਹਾਂ ਦੇ ਵਿਰੁੱਧ ਉੱਠੇ ਅਤੇ ਸਰਦਾਰਾਂ ਨੇ ਉਨ੍ਹਾਂ ਦੇ ਕੱਪੜੇ ਪਾੜ ਕੇ ਬੈਂਤ ਮਾਰਨ ਦਾ ਹੁਕਮ ਦਿੱਤਾ। 23 ਉਨ੍ਹਾਂ ਨੂੰ ਬਹੁਤੇ ਬੈਂਤ ਮਾਰ ਕੇ ਕੈਦ ਕਰ ਦਿੱਤਾ ਅਤੇ ਕੈਦਖ਼ਾਨੇ ਦੇ ਦਰੋਗੇ ਨੂੰ ਹੁਕਮ ਦਿੱਤਾ ਕਿ ਵੱਡੀ ਚੌਕਸੀ ਨਾਲ ਰੱਖਿਆ ਜਾਵੇ! 24 ਉਸ ਨੇ ਅਜਿਹਾ ਹੁਕਮ ਪਾ ਕੇ ਉਨ੍ਹਾਂ ਨੂੰ ਅੰਦਰਲੇ ਕੈਦਖ਼ਾਨੇ ਵਿੱਚ ਸੁੱਟਿਆ ਅਤੇ ਉਨ੍ਹਾਂ ਦੇ ਪੈਰਾਂ ਵਿੱਚ ਕਾਠ ਠੋਕ ਦਿੱਤਾ।
ਪੌਲੁਸ ਅਤੇ ਸੀਲਾਸ ਦਾ ਕੈਦ ਵਿੱਚੋਂ ਛੁਟਕਾਰਾ
25 ਪਰ ਅੱਧੀ ਰਾਤ ਨੂੰ ਪੌਲੁਸ ਅਤੇ ਸੀਲਾਸ ਪ੍ਰਾਰਥਨਾ ਕਰਦੇ ਅਤੇ ਪਰਮੇਸ਼ੁਰ ਦਾ ਭਜਨ ਗਾਉਂਦੇ ਸਨ ਅਤੇ ਕੈਦੀ ਵੀ ਉਨ੍ਹਾਂ ਦੀ ਸੁਣ ਰਹੇ ਸਨ। 26 ਤਾਂ ਅਚਾਨਕ ਇੱਕ ਭੂਚਾਲ ਆਇਆ ਅਤੇ ਕੈਦਖ਼ਾਨੇ ਦੀਆਂ ਨੀਹਾਂ ਹਿੱਲ ਗਈਆਂ ਅਤੇ ਸਾਰੇ ਬੂਹੇ ਖੁੱਲ੍ਹ ਗਏ ਅਤੇ ਸਭਨਾਂ ਦੀਆਂ ਬੇੜੀਆਂ ਵੀ ਖੁੱਲ੍ਹ ਗਈਆਂ। 27 ਕੈਦਖ਼ਾਨੇ ਦਾ ਦਰੋਗਾ ਜਾਗ ਉੱਠਿਆ ਅਤੇ ਜਦੋਂ ਕੈਦਖ਼ਾਨੇ ਦੇ ਬੂਹੇ ਖੁੱਲ੍ਹੇ ਵੇਖੇ, ਤਾਂ ਇਹ ਸਮਝ ਕੇ, ਕਿ ਕੈਦੀ ਭੱਜ ਗਏ ਹੋਣਗੇ, ਤਲਵਾਰ ਨਾਲ ਆਪਣੇ ਆਪ ਨੂੰ ਮਾਰਨ ਲੱਗਾ। 28 ਪਰ ਪੌਲੁਸ ਨੇ ਉੱਚੀ ਅਵਾਜ਼ ਨਾਲ ਪੁਕਾਰ ਕੇ ਆਖਿਆ, ਆਪਣੇ ਆਪ ਨੂੰ ਕੁਝ ਨੁਕਸਾਨ ਨਾ ਪਹੁੰਚਾ, ਕਿਉਂਕਿ ਅਸੀਂ ਸਭ ਇੱਥੇ ਹੀ ਹਾਂ! 29 ਉਹ ਦੀਵਾ ਮੰਗਵਾ ਕੇ ਅੰਦਰ ਨੂੰ ਦੌੜਿਆ ਅਤੇ ਕੰਬਦਾ-ਕੰਬਦਾ ਪੌਲੁਸ ਅਤੇ ਸੀਲਾਸ ਦੇ ਅੱਗੇ ਡਿੱਗ ਪਿਆ। 30 ਅਤੇ ਉਨ੍ਹਾਂ ਨੂੰ ਬਾਹਰ ਲਿਆ ਕੇ ਕਿਹਾ, ਹੇ ਮਹਾਂ ਪੁਰਖੋ, ਮੈਂ ਹੁਣ ਕੀ ਕਰਾਂ ਤਾਂ ਜੋ ਮੁਕਤੀ ਪ੍ਰਾਪਤ ਕਰਾਂ? 31 ਉਨ੍ਹਾਂ ਨੇ ਆਖਿਆ, ਪ੍ਰਭੂ ਯਿਸੂ ਉੱਤੇ ਵਿਸ਼ਵਾਸ ਕਰ ਤਾਂ ਤੂੰ ਅਤੇ ਤੇਰਾ ਸਾਰਾ ਘਰਾਣਾ ਬਚਾਇਆ ਜਾਵੇਗਾ। 32 ਉਨ੍ਹਾਂ ਉਸ ਨੂੰ ਅਤੇ ਜਿਹੜੇ ਉਸ ਦੇ ਘਰ ਵਿੱਚ ਰਹਿੰਦੇ ਸਨ, ਪ੍ਰਭੂ ਦਾ ਬਚਨ ਸੁਣਾਇਆ। 33 ਅਤੇ ਰਾਤ ਦੇ ਵੇਲੇ ਉਸ ਨੇ ਉਨ੍ਹਾਂ ਨੂੰ ਲੈ ਕੇ ਉਨ੍ਹਾਂ ਦੇ ਜ਼ਖਮ ਸਾਫ਼ ਕੀਤੇ ਅਤੇ ਉਸ ਨੇ ਅਤੇ ਉਸ ਦੇ ਸਾਰੇ ਪਰਿਵਾਰ ਨੇ ਬਪਤਿਸਮਾ ਲਿਆ। 34 ਅਤੇ ਉਨ੍ਹਾਂ ਨੂੰ ਘਰ ਲਿਆ ਕੇ ਉਨ੍ਹਾਂ ਨੂੰ ਭੋਜਨ ਕਰਵਾਇਆ ਅਤੇ ਉਸ ਨੇ ਪਰਮੇਸ਼ੁਰ ਦਾ ਵਿਸ਼ਵਾਸ ਕਰ ਕੇ ਆਪਣੇ ਸਾਰੇ ਪਰਿਵਾਰ ਸਮੇਤ ਇੱਕ ਵੱਡੀ ਖੁਸ਼ੀ ਮਨਾਈ।