ਕੁਰਿੰਥੁਸ ਨਗਰ ਵਿੱਚ
1 ਇਹ ਤੋਂ ਬਾਅਦ ਪੌਲੁਸ ਅਥੇਨੈ ਤੋਂ ਤੁਰ ਕੇ ਕੁਰਿੰਥੁਸ ਵਿੱਚ ਆਇਆ। 2 ਅਤੇ ਉੱਥੇ ਅਕੂਲਾ ਨਾਮ ਦਾ ਇੱਕ ਯਹੂਦੀ ਉਹ ਨੂੰ ਮਿਲਿਆ, ਜਿਸ ਦੀ ਜਨਮ ਭੂਮੀ ਪੁੰਤੁਸ ਸੀ ਅਤੇ ਥੋੜ੍ਹੇ ਚਿਰ ਦਾ ਆਪਣੀ ਪਤਨੀ ਪ੍ਰਿਸਕਿੱਲਾ ਨਾਲ ਇਤਾਲਿਯਾ ਤੋਂ ਆਇਆ ਹੋਇਆ ਸੀ ਕਿਉਂ ਜੋ ਕਲੌਦਿਯੁਸ ਨੇ ਹੁਕਮ ਦਿੱਤਾ ਸੀ ਕਿ ਸਾਰੇ ਯਹੂਦੀ ਰੋਮ ਤੋਂ ਨਿੱਕਲ ਜਾਣ, ਸੋ ਉਹ ਉਨ੍ਹਾਂ ਦੇ ਕੋਲ ਗਿਆ। 3 ਅਤੇ ਇਸ ਲਈ ਜੋ ਉਹਨਾਂ ਦਾ ਇੱਕੋ ਹੀ ਕੰਮ ਸੀ ਉਨ੍ਹਾਂ ਦੇ ਨਾਲ ਰਿਹਾ ਅਤੇ ਉਹ ਕੰਮ ਕਰਨ ਲੱਗੇ, ਕਿਉਂ ਜੋ ਉਹ ਤੰਬੂ ਬਣਾਉਣ ਵਾਲੇ ਸਨ। 4 ਅਤੇ ਉਹ ਹਰ ਸਬਤ ਦੇ ਦਿਨ ਨੂੰ ਪ੍ਰਾਰਥਨਾ ਘਰ ਵਿੱਚ ਪ੍ਰਚਾਰ ਕਰਦਾ ਅਤੇ ਯਹੂਦੀਆਂ ਅਤੇ ਯੂਨਾਨੀਆਂ ਨੂੰ ਸਮਝਾਉਂਦਾ ਸੀ।
5 ਪਰ ਜਦੋਂ ਸੀਲਾਸ ਅਤੇ ਤਿਮੋਥਿਉਸ ਮਕਦੂਨਿਯਾ ਤੋਂ ਆਏ ਤਦ ਪੌਲੁਸ ਬਚਨ ਸੁਣਾਉਣ ਵਿੱਚ ਰੁੱਝ ਕੇ ਯਹੂਦੀਆਂ ਦੇ ਅੱਗੇ ਗਵਾਹੀ ਦੇ ਰਿਹਾ ਸੀ, ਕਿ ਯਿਸੂ ਹੀ ਮਸੀਹ ਹੈ। 6 ਜਦੋਂ ਉਹ ਉਸ ਦਾ ਵਿਰੋਧ ਕਰਨ ਅਤੇ ਵਾਦ-ਵਿਵਾਦ ਕਰਨ ਲੱਗੇ ਤਾਂ ਉਸ ਨੇ ਆਪਣੇ ਕੱਪੜੇ ਝਾੜ ਕੇ ਉਨ੍ਹਾਂ ਨੂੰ ਆਖਿਆ, ਕਿ ਤੁਹਾਡਾ ਖੂਨ ਤੁਹਾਡੇ ਸਿਰ ਹੋਵੇ! ਮੈਂ ਨਿਰਦੋਸ਼ ਹਾਂ! ਇਸ ਤੋਂ ਬਾਅਦ ਮੈਂ ਪਰਾਈਆਂ ਕੌਮਾਂ ਵੱਲ ਜਾਂਵਾਂਗਾ। 7 ਉਹ ਉੱਥੋਂ ਤੁਰ ਕੇ ਤੀਤੁਸ ਯੂਸਤੁਸ ਨਾਮ ਦੇ ਇੱਕ ਪਰਮੇਸ਼ੁਰ ਦੇ ਭਗਤ ਦੇ ਘਰ ਗਿਆ, ਜਿਸ ਦਾ ਘਰ ਪ੍ਰਾਰਥਨਾ ਘਰ ਦੇ ਨਾਲ ਲੱਗਦਾ ਸੀ। 8 ਅਤੇ ਪ੍ਰਾਰਥਨਾ ਘਰ ਦੇ ਸਰਦਾਰ ਕਰਿਸਪੁਸ ਨੇ ਆਪਣੇ ਸਾਰੇ ਪਰਿਵਾਰ ਨਾਲ ਪ੍ਰਭੂ ਤੇ ਵਿਸ਼ਵਾਸ ਕੀਤਾ ਅਤੇ ਕੁਰਿੰਥੀਆਂ ਵਿੱਚੋਂ ਬਹੁਤਿਆਂ ਲੋਕਾਂ ਨੇ ਸੁਣ ਕੇ ਵਿਸ਼ਵਾਸ ਕੀਤਾ ਅਤੇ ਬਪਤਿਸਮਾ ਲਿਆ। 9 ਤਾਂ ਪ੍ਰਭੂ ਨੇ ਰਾਤ ਦੇ ਵੇਲੇ ਪੌਲੁਸ ਨੂੰ ਦਰਸ਼ਣ ਦੇ ਕੇ ਕਿਹਾ, ਨਾ ਡਰ ਸਗੋਂ ਬੋਲੀ ਜਾ ਅਤੇ ਚੁੱਪ ਨਾ ਰਹਿ। 10 ਇਸ ਲਈ ਜੋ ਮੈਂ ਤੇਰੇ ਨਾਲ ਹਾਂ ਅਤੇ ਕੋਈ ਤੈਨੂੰ ਦੁੱਖ ਦੇਣ ਲਈ ਤੇਰੇ ਉੱਤੇ ਹਮਲਾ ਨਾ ਕਰੇਗਾ, ਕਿਉਂ ਜੋ ਇਸ ਸ਼ਹਿਰ ਵਿੱਚ ਮੇਰੇ ਬਹੁਤ ਸਾਰੇ ਲੋਕ ਹਨ। 11 ਸੋ ਉਹ ਡੇਢ ਸਾਲ ਉੱਥੇ ਰਹਿ ਕੇ ਉਨ੍ਹਾਂ ਦੇ ਵਿੱਚ ਪਰਮੇਸ਼ੁਰ ਦਾ ਬਚਨ ਸਿਖਾਉਂਦਾ ਰਿਹਾ।