ਅੰਤ ਦਾ ਸਮਾਂ
1 ਉਸ ਵੇਲੇ ਮੀਕਾਏਲ ਉਹ ਵੱਡਾ ਪ੍ਰਧਾਨ ਜੋ ਤੇਰੇ ਲੋਕਾਂ ਦੇ ਬੱਚਿਆਂ ਦੀ ਸਹਾਇਤਾ ਲਈ ਖੜ੍ਹਾ ਰਹਿੰਦਾ ਹੈ ਉਹ ਉੱਠੇਗਾ ਤਦ ਅਜਿਹੀ ਬਿਪਤਾ ਦਾ ਵੇਲਾ ਹੋਵੇਗਾ ਜਿਹੋ ਜਿਹਾ ਕੌਮ ਦੇ ਮੁੱਢ ਤੋਂ ਲੈ ਕੇ ਉਸ ਵੇਲੇ ਤੱਕ ਕਦੀ ਨਹੀਂ ਹੋਇਆ ਹੋਵੇਗਾ, ਪਰ ਉਸ ਵੇਲੇ ਤੇਰਿਆਂ ਲੋਕਾਂ ਵਿੱਚੋਂ ਹਰ ਕੋਈ ਜਿਸ ਦਾ ਨਾਮ ਪੋਥੀ ਵਿੱਚ ਲਿਖਿਆ ਹੋਇਆ ਹੋਵੇਗਾ ਉਹੀ ਬਚ ਜਾਵੇਗਾ। 2 ਉਹਨਾਂ ਵਿੱਚੋਂ ਢੇਰ ਸਾਰੇ ਜੋ ਧਰਤੀ ਦੇ ਹੇਠਾਂ ਸੁੱਤੇ ਪਏ ਹਨ ਜਾਗ ਉੱਠਣਗੇ, ਕਈ ਸਦੀਪਕ ਜੀਉਣ ਲਈ, ਕਈ ਸ਼ਰਮਿੰਦਗੀ ਅਤੇ ਸਦੀਪਕ ਨਿਰਾਦਰੀ ਲਈ। 3 ਪਰ ਉਹ ਜਿਹੜੇ ਬੁੱਧਵਾਨ ਹਨ ਅੰਬਰ ਦੇ ਪਰਕਾਸ਼ ਵਾਂਗੂੰ ਚਮਕਣਗੇ ਅਤੇ ਉਹ ਜਿਹਨਾਂ ਦੇ ਉੱਦਮ ਨਾਲ ਢੇਰ ਸਾਰੇ ਧਰਮੀ ਬਣ ਗਏ ਤਾਰਿਆਂ ਵਾਂਗੂੰ ਜੁੱਗੋ-ਜੁੱਗ ਤੱਕ ਚਮਕਣਗੇ।