25 ਹੇ ਪਤੀਓ, ਆਪਣੀਆਂ ਪਤਨੀਆਂ ਨਾਲ ਪਿਆਰ ਰੱਖੋ, ਜਿਵੇਂ ਮਸੀਹ ਨੇ ਵੀ ਕਲੀਸਿਯਾ ਨਾਲ ਪਿਆਰ ਕੀਤਾ ਅਤੇ ਆਪਣੇ ਆਪ ਨੂੰ ਉਸ ਦੇ ਲਈ ਦੇ ਦਿੱਤਾ। 26 ਪਰਮੇਸ਼ੁਰ ਦੇ ਬਚਨ ਦੇ ਰਾਹੀਂ ਜਲ ਦੇ ਇਸ਼ਨਾਨ ਨਾਲ ਸ਼ੁੱਧ ਕਰਕੇ ਪਵਿੱਤਰ ਕਰੇ। 27 ਅਤੇ ਉਹ ਉਸ ਨੂੰ ਆਪਣੇ ਲਈ ਇਹੋ ਜਿਹੀ ਪਰਤਾਪਵਾਨ ਕਲੀਸਿਯਾ ਤਿਆਰ ਕਰੇ ਜਿਹ ਦੇ ਵਿੱਚ ਕਲੰਕ ਜਾਂ ਬੱਜ ਜਾਂ ਕੋਈ ਹੋਰ ਅਜਿਹਾ ਔਗੁਣ ਨਾ ਹੋਵੇ ਸਗੋਂ ਉਹ ਪਵਿੱਤਰ ਅਤੇ ਨਿਰਮਲ ਹੋਵੇ। 28 ਇਸੇ ਤਰ੍ਹਾਂ ਪਤੀਆਂ ਨੂੰ ਵੀ ਚਾਹੀਦਾ ਹੈ ਜੋ ਆਪਣੀਆਂ ਪਤਨੀਆਂ ਨਾਲ ਅਜਿਹਾ ਪਿਆਰ ਰੱਖਣ ਜਿਵੇਂ ਆਪਣੇ ਸਰੀਰਾਂ ਨਾਲ ਰੱਖਦੇ ਹਨ। ਜਿਹੜਾ ਆਪਣੀ ਪਤਨੀ ਨਾਲ ਪਿਆਰ ਕਰਦਾ ਹੈ ਉਹ ਆਪਣੇ ਹੀ ਨਾਲ ਪਿਆਰ ਕਰਦਾ ਹੈ। 29 ਕਿਉਂ ਜੋ ਕਿਸੇ ਨੇ ਆਪਣੇ ਸਰੀਰ ਨਾਲ ਕਦੇ ਵੈਰ ਨਹੀਂ ਕੀਤਾ ਸਗੋਂ ਉਹ ਉਸ ਨੂੰ ਪਾਲਦਾ ਪਲੋਸਦਾ ਹੈ ਜਿਵੇਂ ਮਸੀਹ ਵੀ ਕਲੀਸਿਯਾ ਨੂੰ ਪਾਲਦਾ ਪਲੋਸਦਾ ਹੈ। 30 ਕਿਉਂ ਜੋ ਅਸੀਂ ਉਸ ਦੀ ਦੇਹੀ ਦੇ ਅੰਗ ਹਾਂ।