ਪੂਰੀਮ ਦੇ ਪਰਬ ਦੀ ਸਥਾਪਨਾ
20 ਮਾਰਦਕਈ ਨੇ ਇਨ੍ਹਾਂ ਗੱਲਾਂ ਨੂੰ ਵਿਸਥਾਰ ਨਾਲ ਲਿਖ ਕੇ, ਰਾਜਾ ਅਹਸ਼ਵੇਰੋਸ਼ ਦੇ ਸਾਰੇ ਸੂਬਿਆਂ ਵਿੱਚ, ਭਾਵੇਂ ਨਜ਼ਦੀਕ ਅਤੇ ਭਾਵੇਂ ਦੂਰ ਰਹਿਣ ਵਾਲੇ ਸਾਰੇ ਯਹੂਦੀਆਂ ਨੂੰ ਚਿੱਠੀਆਂ ਭੇਜੀਆਂ, 21 ਤਾਂ ਜੋ ਇਸ ਗੱਲ ਨੂੰ ਕਾਇਮ ਕਰੇ ਕਿ ਉਹ ਅਦਾਰ ਮਹੀਨੇ ਦੇ ਚੌਧਵੇਂ ਅਤੇ ਪੰਦਰਵੇਂ ਦਿਨ ਨੂੰ ਹਰ ਸਾਲ ਮਨਾਇਆ ਕਰਨ। 22 ਕਿਉਂਕਿ ਇਹ ਹੀ ਉਹ ਦਿਨ ਸਨ, ਜਿਨ੍ਹਾਂ ਵਿੱਚ ਯਹੂਦੀਆਂ ਨੂੰ ਆਪਣਿਆਂ ਵੈਰੀਆਂ ਤੋਂ ਅਰਾਮ ਮਿਲਿਆ, ਅਤੇ ਇਸ ਮਹੀਨੇ ਵਿੱਚ ਉਨ੍ਹਾਂ ਦਾ ਗ਼ਮ ਅਨੰਦ ਵਿੱਚ ਅਤੇ ਰੋਣਾ-ਪਿੱਟਣਾ ਖੁਸ਼ੀ ਦੇ ਦਿਨ ਵਿੱਚ ਬਦਲ ਗਿਆ। ਇਸ ਲਈ ਉਹ ਇਸ ਦਿਨ ਨੂੰ ਦਾਵਤ, ਅਨੰਦ, ਅਤੇ ਇੱਕ ਦੂਜੇ ਨੂੰ ਸੁਗਾਤਾਂ ਭੇਜਣ ਦਾ ਦਿਨ ਅਤੇ ਗਰੀਬਾਂ ਨੂੰ ਦਾਨ ਦੇਣ ਦਾ ਦਿਨ ਕਰਕੇ ਮਨਾਉਣ। 23 ਅਤੇ ਜਿਵੇਂ ਯਹੂਦੀਆਂ ਨੇ ਇਸ ਦਿਨ ਨੂੰ ਮਨਾਉਣਾ ਸ਼ੁਰੂ ਕੀਤਾ ਸੀ ਅਤੇ ਜਿਵੇਂ ਮਾਰਦਕਈ ਨੇ ਉਨ੍ਹਾਂ ਨੂੰ ਲਿਖਿਆ ਸੀ, ਉਸੇ ਤਰ੍ਹਾਂ ਹੀ ਇਸ ਰੀਤ ਨੂੰ ਮਨਾਉਣਾ ਸਵੀਕਾਰ ਕਰ ਲਿਆ, 24 ਕਿਉਂਕਿ ਅਗਾਗੀ ਹਮਦਾਥਾ ਦਾ ਪੁੱਤਰ ਹਾਮਾਨ ਜੋ ਸਾਰੇ ਯਹੂਦੀਆਂ ਦਾ ਵੈਰੀ ਸੀ, ਉਸਨੇ ਯਹੂਦੀਆਂ ਦਾ ਨਾਸ ਕਰਨ ਦੀ ਯੋਜਨਾ ਬਣਾਈ ਸੀ ਅਤੇ ਇਸ ਲਈ "ਪੂਰ" ਅਰਥਾਤ ਪਰਚੀਆਂ ਪਾਈਆਂ ਸਨ, ਤਾਂ ਜੋ ਉਨ੍ਹਾਂ ਨੂੰ ਦੁੱਖ ਦੇਵੇ ਅਤੇ ਮਿਟਾ ਦੇਵੇ। 25 ਪਰ ਜਦ ਇਹ ਮਾਮਲਾ ਰਾਜਾ ਦੇ ਸਾਹਮਣੇ ਆਇਆ ਤਾਂ ਉਸ ਨੇ ਹੁਕਮਨਾਮੇ ਲਿਖਵਾ ਕੇ ਹੁਕਮ ਜਾਰੀ ਕੀਤਾ ਕਿ ਜੋ ਦੁਸ਼ਟ ਯੋਜਨਾ ਹਾਮਾਨ ਨੇ ਯਹੂਦੀਆਂ ਦੇ ਵਿਰੁੱਧ ਬਣਾਈ ਸੀ, ਉਹ ਉਲਟਾ ਉਸ ਦੇ ਹੀ ਸਿਰ ਉੱਤੇ ਹੀ ਪਵੇ, ਤਦ ਉਹ ਅਤੇ ਉਸ ਦੇ ਪੁੱਤਰ ਫਾਂਸੀ ਦੇ ਕੇ ਲਟਕਾਏ ਗਏ।
26 ਇਸੇ ਕਰਕੇ ਉਨ੍ਹਾਂ ਨੇ "ਪੂਰ" ਸ਼ਬਦ ਤੋਂ ਇਨ੍ਹਾਂ ਦਿਨਾਂ ਦਾ ਨਾਮ ਪੂਰੀਮ ਰੱਖਿਆ। ਇਸ ਚਿੱਠੀ ਦੀਆਂ ਸਾਰੀਆਂ ਗੱਲਾਂ ਦੇ ਕਾਰਨ, ਅਤੇ ਉਸ ਸਭ ਦੇ ਕਾਰਨ ਜੋ ਉਨ੍ਹਾਂ ਨੇ ਵੇਖਿਆ ਸੀ ਅਤੇ ਜੋ ਕੁਝ ਉਨ੍ਹਾਂ ਨਾਲ ਬੀਤਿਆ ਸੀ, 27 ਯਹੂਦੀਆਂ ਨੇ ਆਪਣੇ ਲਈ, ਆਪਣੇ ਬੱਚਿਆਂ ਲਈ ਅਤੇ ਉਨ੍ਹਾਂ ਸਾਰਿਆਂ ਲਈ ਜਿਹੜੇ ਉਨ੍ਹਾਂ ਦੇ ਨਾਲ ਮਿਲ ਗਏ ਸਨ, ਇਹ ਗੱਲ ਪੱਕੀ ਕਰਕੇ ਸਵੀਕਾਰ ਕਰ ਲਈ ਤਾਂ ਜੋ ਇਹ ਅਟੱਲ ਹੋ ਜਾਵੇ ਕਿ ਉਹ ਇਹਨਾਂ ਦੋਹਾਂ ਦਿਨਾਂ ਨੂੰ ਆਪਣੀ ਲਿਖਤ ਦੇ ਅਨੁਸਾਰ ਠਹਿਰਾਏ ਹੋਏ ਸਮੇਂ ਉੱਤੇ ਹਰ ਸਾਲ ਮਨਾਉਣਗੇ। 28 ਅਤੇ ਇਹ ਦਿਨ ਪੀੜ੍ਹੀਓਂ ਪੀੜ੍ਹੀ, ਹਰੇਕ ਘਰਾਣੇ, ਹਰੇਕ ਸੂਬੇ, ਅਤੇ ਹਰੇਕ ਸ਼ਹਿਰ ਵਿੱਚ ਯਾਦ ਰੱਖ ਕੇ ਮਨਾਏ ਜਾਣਗੇ ਅਤੇ ਪੂਰੀਮ ਦੇ ਇਹ ਦਿਨ ਯਹੂਦੀਆਂ ਵਿੱਚੋਂ ਕਦੇ ਵੀ ਨਾ ਮਿੱਟਣਗੇ ਅਤੇ ਨਾ ਹੀ ਉਨ੍ਹਾਂ ਦੀ ਯਾਦ ਉਹਨਾਂ ਦੇ ਵੰਸ਼ ਵਿੱਚੋਂ ਕਦੀ ਜਾਵੇਗੀ।
29 ਤਾਂ ਅਬੀਹੈਲ ਦੀ ਧੀ ਰਾਣੀ ਅਸਤਰ ਅਤੇ ਮਾਰਦਕਈ ਯਹੂਦੀ ਨੇ ਪੂਰੀਮ ਦੇ ਵਿਖੇ ਇਹ ਦੂਸਰੀ ਚਿੱਠੀ ਪੂਰੇ ਅਧਿਕਾਰ ਨਾਲ ਲਿਖੀ। 30 ਅਤੇ ਇਸ ਦੀਆਂ ਨਕਲਾਂ ਮਾਰਦਕਈ ਨੇ ਰਾਜਾ ਅਹਸ਼ਵੇਰੋਸ਼ ਦੇ ਰਾਜ ਦੇ ਇੱਕ ਸੌ ਸਤਾਈ ਸੂਬਿਆਂ ਵਿੱਚ ਰਹਿਣ ਵਾਲੇ ਸਾਰੇ ਯਹੂਦੀਆਂ ਨੂੰ ਭੇਜੀਆਂ, ਜਿਨ੍ਹਾਂ ਵਿੱਚ ਸ਼ਾਂਤੀ ਅਤੇ ਸਚਿਆਈ ਦੀਆਂ ਗੱਲਾਂ ਲਿਖੀਆਂ ਸਨ, 31 ਤਾਂ ਜੋ ਪੂਰੀਮ ਦੇ ਇਹਨਾਂ ਦਿਨਾਂ ਨੂੰ ਉਨ੍ਹਾਂ ਦੇ ਠਹਿਰਾਏ ਹੋਏ ਸਮੇਂ ਤੇ ਅਤੇ ਜਿਵੇਂ ਮਾਰਦਕਈ ਯਹੂਦੀ ਅਤੇ ਰਾਣੀ ਅਸਤਰ ਨੇ ਹੁਕਮ ਦਿੱਤਾ ਸੀ ਅਤੇ ਜਿਵੇਂ ਯਹੂਦੀਆਂ ਨੇ ਆਪਣੇ ਲਈ ਤੇ ਆਪਣੇ ਬੱਚਿਆਂ ਲਈ ਪੱਕਾ ਕਰਕੇ ਇਸ ਨੂੰ ਕਾਇਮ ਕਰ ਲਿਆ ਸੀ, ਉਸੇ ਅਨੁਸਾਰ ਵਰਤ ਰੱਖਣ ਅਤੇ ਵਿਰਲਾਪ ਕੀਤੇ ਜਾਣ। 32 ਪੂਰੀਮ ਦੇ ਵਿਖੇ ਇਹ ਨਿਯਮ ਅਸਤਰ ਦੇ ਹੁਕਮ ਅਨੁਸਾਰ ਪੱਕੇ ਕੀਤੇ ਗਏ, ਅਤੇ ਇਹ ਗੱਲਾਂ ਪੁਸਤਕ ਵਿੱਚ ਲਿਖੀਆਂ ਗਈਆਂ।