5 ਫ਼ਿਰਊਨ ਦੀ ਧੀ ਨਹਾਉਣ ਲਈ ਨੀਲ ਨਦੀ ਵਿੱਚ ਉੱਤਰੀ, ਜਦ ਉਸ ਦੀਆਂ ਸਹੇਲੀਆਂ ਦਰਿਆ ਦੇ ਕੰਢੇ-ਕੰਢੇ ਫਿਰਦੀਆਂ ਸਨ ਤਦ ਉਸ ਨੇ ਝਾੜੀਆਂ ਵਿੱਚ ਟੋਕਰੀ ਵੇਖੀ। ਉਸ ਨੇ ਆਪਣੀ ਦਾਸੀ ਨੂੰ ਉਹ ਟੋਕਰੀ ਲਿਆਉਣ ਲਈ ਭੇਜਿਆ। 6 ਜਦ ਉਸ ਨੇ ਉਸ ਨੂੰ ਖੋਲ੍ਹਿਆ ਤਦ ਉਸ ਨੇ ਬੱਚੇ ਨੂੰ ਵੇਖਿਆ ਅਤੇ ਉਹ ਮੁੰਡਾ ਰੋ ਰਿਹਾ ਸੀ। ਉਸ ਨੂੰ ਉਸ ਬੱਚੇ ਉੱਤੇ ਤਰਸ ਆਇਆ, ਉਸ ਨੇ ਆਖਿਆ ਕਿ ਇਹ ਇਬਰਾਨੀਆਂ ਦੇ ਬੱਚਿਆਂ ਵਿੱਚੋਂ ਹੈ। 7 ਤਦ ਉਸ ਦੀ ਭੈਣ ਨੇ ਫ਼ਿਰਊਨ ਦੀ ਧੀ ਨੂੰ ਆਖਿਆ, "ਮੈਂ ਜਾ ਕੇ ਇਬਰਾਨਣਾਂ ਵਿੱਚੋਂ ਕਿਸੇ ਦੁੱਧ ਚੁੰਘਾਉਣ ਵਾਲੀ ਔਰਤ ਨੂੰ ਤੁਹਾਡੇ ਕੋਲ ਲਿਆਵਾਂ ਤਾਂ ਜੋ ਉਹ ਤੁਹਾਡੇ ਲਈ ਇਸ ਬੱਚੇ ਨੂੰ ਦੁੱਧ ਚੁੰਘਾਇਆ ਕਰੇ?" 8 ਤਦ ਫ਼ਿਰਊਨ ਦੀ ਧੀ ਨੇ ਆਖਿਆ, "ਜਾ।" ਉਹ ਲੜਕੀ ਜਾ ਕੇ ਬੱਚੇ ਦੀ ਮਾਂ ਨੂੰ ਸੱਦ ਲਿਆਈ। 9 ਤਦ ਫ਼ਿਰਊਨ ਦੀ ਧੀ ਨੇ ਉਸ ਨੂੰ ਆਖਿਆ, ਇਸ ਬੱਚੇ ਨੂੰ ਲੈ ਅਤੇ ਮੇਰੇ ਲਈ ਦੁੱਧ ਪਿਲਾ, ਮੈਂ ਤੈਨੂੰ ਮਜ਼ਦੂਰੀ ਦੇਵਾਂਗੀ। ਤਦ ਉਸ ਔਰਤ ਨੇ ਬੱਚੇ ਨੂੰ ਲੈ ਕੇ ਦੁੱਧ ਪਿਲਾਇਆ।