ਡੇਰੇ ਦਾ ਵਿਹੜਾ
9 ਇਸ ਤਰ੍ਹਾਂ ਤੂੰ ਡੇਰੇ ਦਾ ਵਿਹੜਾ ਬਣਾਈਂ - ਦੱਖਣ ਵੱਲ ਦੇ ਪਾਸੇ ਲਈ ਮਹੀਨ ਉਣੀ ਹੋਈ ਕਤਾਨ ਦੀਆਂ ਕਨਾਤਾਂ ਹੋਣ ਅਤੇ ਇੱਕ ਪਾਸੇ ਦੀ ਲੰਬਾਈ ਸੌ ਹੱਥ ਹੋਵੇ। 10 ਅਤੇ ਉਨ੍ਹਾਂ ਦੀਆਂ ਥੰਮ੍ਹੀਆਂ ਵੀਹ ਅਤੇ ਉਨ੍ਹਾਂ ਦੀਆਂ ਵੀਹ ਚੀਥੀਆਂ ਪਿੱਤਲ ਦੀਆਂ ਹੋਣ ਅਤੇ ਥੰਮ੍ਹੀਆਂ ਦੇ ਕੁੰਡੇ ਅਤੇ ਉਨ੍ਹਾਂ ਦੇ ਕੜੇ ਚਾਂਦੀ ਦੇ ਹੋਣ। 11 ਇਸ ਤਰ੍ਹਾਂ ਉੱਤਰ ਦੇ ਪਾਸੇ ਵੱਲ ਸੌ ਹੱਥ ਲੰਮੀਆਂ ਕਨਾਤਾਂ ਹੋਣ ਅਤੇ ਉਨ੍ਹਾਂ ਦੀਆਂ ਥੰਮ੍ਹੀਆਂ ਵੀਹ ਅਤੇ ਉਨ੍ਹਾਂ ਦੀਆਂ ਵੀਹ ਚੀਥੀਆਂ ਪਿੱਤਲ ਦੀਆਂ ਹੋਣ ਅਤੇ ਥੰਮ੍ਹੀਆਂ ਦੇ ਕੁੰਡੇ ਅਤੇ ਉਨ੍ਹਾਂ ਦੇ ਕੜੇ ਚਾਂਦੀ ਦੇ ਹੋਣ। 12 ਵਿਹੜੇ ਦੀ ਚੌੜਾਈ ਲਈ ਲਹਿੰਦੇ ਪਾਸੇ ਵੱਲ ਪੰਜਾਹ ਹੱਥ ਦੀਆਂ ਕਨਾਤਾਂ ਅਤੇ ਉਨ੍ਹਾਂ ਦੀਆਂ ਥੰਮ੍ਹੀਆਂ ਦਸ ਅਤੇ ਚੀਥੀਆਂ ਦਸ ਹੋਣ। 13 ਅਤੇ ਵਿਹੜੇ ਦੀ ਚੌੜਾਈ ਚੜ੍ਹਦੇ ਪਾਸੇ ਵੱਲ ਪੰਜਾਹ ਹੱਥ ਹੋਵੇ 14 ਅਤੇ ਦਰਵਾਜ਼ੇ ਦੇ ਇੱਕ ਪਾਸੇ ਦੀਆਂ ਕਨਾਤਾਂ ਪੰਦਰਾਂ ਹੱਥ ਹੋਣ ਅਤੇ ਉਨ੍ਹਾਂ ਦੀਆਂ ਥੰਮ੍ਹੀਆਂ ਤਿੰਨ ਅਤੇ ਉਨ੍ਹਾਂ ਦੀਆਂ ਚੀਥੀਆਂ ਤਿੰਨ ਹੋਣ 15 ਅਤੇ ਦੂਜੇ ਪਾਸੇ ਦੀਆਂ ਕਨਾਤਾਂ ਪੰਦਰਾਂ ਹੱਥ ਹੋਣ। ਉਨ੍ਹਾਂ ਦੀਆਂ ਥੰਮ੍ਹੀਆਂ ਤਿੰਨ ਅਤੇ ਉਨ੍ਹਾਂ ਦੀਆਂ ਚੀਥੀਆਂ ਤਿੰਨ ਹੋਣ। 16 ਵਿਹੜੇ ਦੇ ਫਾਟਕ ਲਈ ਇੱਕ ਓਟ ਵੀਹ ਹੱਥ ਦੀ ਨੀਲੇ, ਬੈਂਗਣੀ ਅਤੇ ਕਿਰਮਚੀ ਮਹੀਨ ਉਣੇ ਹੋਏ ਕਤਾਨ ਦੀ ਬਣਾਈਂ ਅਤੇ ਇਹ ਕਸੀਦੇਕਾਰ ਦਾ ਕੰਮ ਹੋਵੇ। ਉਨ੍ਹਾਂ ਦੀਆਂ ਥੰਮ੍ਹੀਆਂ ਚਾਰ ਅਤੇ ਉਨ੍ਹਾਂ ਦੀਆਂ ਚੀਥੀਆਂ ਚਾਰ ਹੋਣ। 17 ਅਤੇ ਵਿਹੜੇ ਦੀਆਂ ਸਾਰੀਆਂ ਥੰਮ੍ਹੀਆਂ ਚੁਫ਼ੇਰੇ ਚਾਂਦੀ ਦੀਆਂ ਲਕੀਰਾਂ ਨਾਲ ਸਜਾਈਆਂ ਹੋਈਆਂ ਹੋਣ। ਉਨ੍ਹਾਂ ਦੇ ਕੁੰਡੇ ਚਾਂਦੀ ਦੇ ਅਤੇ ਉਨ੍ਹਾਂ ਦੀਆਂ ਥੰਮ੍ਹੀਆਂ ਪਿੱਤਲ ਦੀਆਂ ਹੋਣ। 18 ਵਿਹੜੇ ਦੀ ਲੰਬਾਈ ਸੌ ਹੱਥ ਅਤੇ ਚੌੜਾਈ ਸਭਨੀਂ ਥਾਈਂ ਪੰਜਾਹ ਹੱਥ ਅਤੇ ਉਸ ਦੀ ਉਚਾਈ ਪੰਜ ਹੱਥ ਮਹੀਨ ਉਣੀ ਹੋਈ ਕਤਾਨ ਦੀ ਹੋਵੇ ਅਤੇ ਉਨ੍ਹਾਂ ਦੀਆਂ ਚੀਥੀਆਂ ਪਿੱਤਲ ਦੀਆਂ ਹੋਣ।