7 ਇਹਨਾਂ ਗੱਲਾਂ ਦੇ ਪਿੱਛੋਂ ਅਜਿਹਾ ਹੋਇਆ ਕਿ ਉਸ ਦੇ ਸੁਆਮੀ ਦੀ ਪਤਨੀ ਆਪਣੀਆਂ ਅੱਖਾਂ ਯੂਸੁਫ਼ ਨਾਲ ਲਾਉਣ ਲੱਗ ਪਈ ਅਤੇ ਉਸ ਨੇ ਉਹ ਨੂੰ ਆਖਿਆ, ਤੂੰ ਮੇਰੇ ਨਾਲ ਲੇਟ। 8 ਪਰ ਉਸ ਨੇ ਨਾ ਮੰਨਿਆ ਅਤੇ ਆਪਣੇ ਸੁਆਮੀ ਦੀ ਪਤਨੀ ਨੂੰ ਆਖਿਆ, ਵੇਖੋ, ਮੇਰਾ ਸੁਆਮੀ ਨਹੀਂ ਜਾਣਦਾ ਕਿ ਘਰ ਵਿੱਚ ਮੇਰੇ ਕੋਲ ਕੀ ਕੁਝ ਹੈ ਅਤੇ ਉਸ ਨੇ ਆਪਣਾ ਸਭ ਕੁਝ ਮੇਰੇ ਹੱਥ ਵਿੱਚ ਦੇ ਦਿੱਤਾ ਹੈ 9 ਅਤੇ ਇਸ ਘਰ ਵਿੱਚ ਮੈਥੋਂ ਵੱਡਾ ਵੀ ਕੋਈ ਨਹੀਂ ਅਤੇ ਉਸ ਨੇ ਤੁਹਾਥੋਂ ਬਿਨ੍ਹਾਂ ਕੋਈ ਚੀਜ਼ ਮੇਰੇ ਕੋਲੋਂ ਰੋਕ ਕੇ ਵੀ ਨਹੀਂ ਰੱਖੀ, ਕਿਉਂ ਜੋ ਤੁਸੀਂ ਉਸ ਦੀ ਪਤਨੀ ਹੋ। ਮੈਂ ਐਡੀ ਵੱਡੀ ਬੁਰਿਆਈ ਅਤੇ ਪਾਪ ਪਰਮੇਸ਼ੁਰ ਦੇ ਵਿਰੁੱਧ ਕਿਵੇਂ ਕਰਾਂ? 10 ਤਦ ਅਜਿਹਾ ਹੋਇਆ ਕਿ ਉਹ ਹਰ ਰੋਜ਼ ਯੂਸੁਫ਼ ਨੂੰ ਆਖਦੀ ਰਹੀ ਪਰ ਉਸ ਨੇ ਉਹ ਦੀ ਗੱਲ ਨਾ ਮੰਨੀ ਕਿ ਉਹ ਉਸ ਦੇ ਨਾਲ ਲੇਟੇ ਜਾਂ ਉਸ ਦੇ ਕੋਲ ਰਹੇ। 11 ਇੱਕ ਦਿਨ ਅਜਿਹਾ ਹੋਇਆ ਕਿ ਉਹ ਘਰ ਵਿੱਚ ਆਪਣਾ ਕੰਮ ਕਰਨ ਲਈ ਗਿਆ ਅਤੇ ਘਰ ਦੇ ਮਨੁੱਖਾਂ ਵਿੱਚੋਂ ਕੋਈ ਵੀ ਘਰ ਵਿੱਚ ਨਹੀਂ ਸੀ। 12 ਤਦ ਉਸ ਨੇ ਉਸ ਦਾ ਕੱਪੜਾ ਫੜ੍ਹ ਕੇ ਆਖਿਆ, ਮੇਰੇ ਨਾਲ ਲੇਟ ਤਾਂ ਉਹ ਆਪਣਾ ਕੱਪੜਾ ਉਸ ਦੇ ਹੱਥ ਵਿੱਚ ਛੱਡ ਕੇ ਭੱਜਿਆ ਅਤੇ ਬਾਹਰ ਨਿੱਕਲ ਗਿਆ।