6 ਤਦ ਉਸ ਇਸਤਰੀ ਨੇ ਆਪਣੇ ਪਤੀ ਨੂੰ ਜਾ ਕੇ ਕਿਹਾ, "ਪਰਮੇਸ਼ੁਰ ਦਾ ਇੱਕ ਬੰਦਾ ਮੇਰੇ ਕੋਲ ਆਇਆ ਸੀ। ਉਸ ਦਾ ਰੂਪ ਪਰਮੇਸ਼ੁਰ ਦੇ ਦੂਤ ਦੇ ਰੂਪ ਵਰਗਾ ਬਹੁਤ ਭੈਅ ਯੋਗ ਸੀ ਅਤੇ ਮੈਂ ਉਸ ਨੂੰ ਨਹੀਂ ਪੁੱਛਿਆ ਕਿ ਤੂੰ ਕਿੱਥੋਂ ਦਾ ਹੈਂ ਅਤੇ ਉਸ ਨੇ ਵੀ ਮੈਨੂੰ ਆਪਣਾ ਨਾਮ ਨਹੀਂ ਦੱਸਿਆ। 7 ਪਰ ਉਸ ਨੇ ਮੈਨੂੰ ਕਿਹਾ, ‘ਵੇਖ, ਤੂੰ ਗਰਭਵਤੀ ਹੋਵੇਂਗੀ ਅਤੇ ਪੁੱਤਰ ਨੂੰ ਜਨਮ ਦੇਵੇਂਗੀ, ਇਸ ਲਈ ਹੁਣ ਤੂੰ ਦਾਖ਼ਰਸ ਜਾਂ ਨਸ਼ੇ ਵਾਲੀ ਕੋਈ ਚੀਜ਼ ਨਾ ਪੀਵੀਂ ਅਤੇ ਨਾ ਕੋਈ ਅਸ਼ੁੱਧ ਵਸਤੂ ਖਾਵੀਂ ਕਿਉਂ ਜੋ ਉਹ ਮੁੰਡਾ ਗਰਭ ਤੋਂ ਹੀ ਮਰਨ ਦੇ ਦਿਨ ਤੱਕ ਪਰਮੇਸ਼ੁਰ ਦਾ ਨਜ਼ੀਰ ਹੋਵੇਗਾ।’"
8 ਤਦ ਮਾਨੋਆਹ ਨੇ ਯਹੋਵਾਹ ਅੱਗੇ ਬੇਨਤੀ ਕਰ ਕੇ ਕਿਹਾ, "ਹੇ ਪ੍ਰਭੂ, ਬੇਨਤੀ ਸੁਣ, ਅਤੇ ਪਰਮੇਸ਼ੁਰ ਦਾ ਉਹ ਬੰਦਾ ਜਿਸ ਨੂੰ ਤੂੰ ਭੇਜਿਆ ਸੀ, ਫੇਰ ਸਾਡੇ ਕੋਲ ਭੇਜ ਤਾਂ ਜੋ ਉਹ ਸਾਨੂੰ ਸਿਖਾਵੇ ਕਿ ਜਿਹੜਾ ਮੁੰਡਾ ਪੈਦਾ ਹੋਵੇਗਾ ਉਸ ਨਾਲ ਅਸੀਂ ਕੀ-ਕੀ ਕਰੀਏ।"