ਕੁਧਰਮੀ ਨਿਆਈਂ ਅਤੇ ਵਿਧਵਾ ਦਾ ਦ੍ਰਿਸ਼ਟਾਂਤ
1 ਫਿਰ ਯਿਸੂ ਉਨ੍ਹਾਂ ਨਾਲ ਦ੍ਰਿਸ਼ਟਾਂਤ ਵਿੱਚ ਗੱਲਾਂ ਕਰ ਕੇ ਕਹਿਣ ਲੱਗਾ ਕਿ ਸਦਾ ਪ੍ਰਾਰਥਨਾ ਵਿੱਚ ਲੱਗੇ ਰਹੋ ਅਤੇ ਹਿੰਮਤ ਨਾ ਹਾਰੋ। 2 ਕਿਸੇ ਨਗਰ ਵਿੱਚ ਇੱਕ ਹਾਕਮ ਰਹਿੰਦਾ ਸੀ, ਜਿਸ ਨੂੰ ਨਾ ਪਰਮੇਸ਼ੁਰ ਦਾ ਡਰ ਸੀ ਅਤੇ ਨਾ ਕਿਸੇ ਮਨੁੱਖ ਦੀ ਪਰਵਾਹ। 3 ਅਤੇ ਉਸੇ ਨਗਰ ਵਿੱਚ ਇੱਕ ਵਿਧਵਾ ਰਹਿੰਦੀ ਸੀ ਜੋ ਉਸ ਦੇ ਕੋਲ ਇਹ ਕਹਿੰਦੀ ਆਉਂਦੀ ਸੀ ਕਿ ਮੇਰੇ ਵੈਰੀ ਤੋਂ ਮੇਰਾ ਬਦਲਾ ਲੈ ਦਿਹ। 4 ਕਾਫੀ ਸਮੇਂ ਤੱਕ ਹਾਕਮ ਨੇ ਉਸ ਵਿਧਵਾ ਦੀ ਗੱਲ ਨਾ ਸੁਣੀ ਪਰ ਪਿੱਛੋਂ ਆਪਣੇ ਮਨ ਵਿੱਚ ਸੋਚਣ ਲੱਗਾ ਕਿ ਮੈਂ ਨਾ ਤਾਂ ਪਰਮੇਸ਼ੁਰ ਦਾ ਡਰ ਮੰਨਦਾ ਹਾਂ ਅਤੇ ਨਾ ਮਨੁੱਖ ਦੀ ਪਰਵਾਹ ਕਰਦਾ ਹਾਂ। 5 ਤਾਂ ਵੀ ਇਹ ਵਿਧਵਾ ਮੈਨੂੰ ਸ਼ਿਕਾਇਤ ਕਰਦੀ ਹੈ ਇਸ ਲਈ ਮੈਂ ਉਸ ਦਾ ਬਦਲਾ ਉਸ ਨੂੰ ਲੈ ਦਿਆਂਗਾ, ਇਹ ਨਾ ਹੋਵੇ ਜੋ ਉਹ ਵਾਰ-ਵਾਰ ਆ ਕੇ ਮੈਨੂੰ ਤੰਗ ਕਰੇ। 6 ਪ੍ਰਭੂ ਨੇ ਆਖਿਆ, ਸੁਣੋ ਕਿ ਇਹ ਬੇਇਨਸਾਫ਼ ਹਾਕਮ ਕੀ ਕਹਿੰਦਾ ਹੈ। 7 ਫੇਰ ਭਲਾ, ਪਰਮੇਸ਼ੁਰ ਆਪਣੇ ਚੁਣਿਆਂ ਹੋਇਆਂ ਦਾ ਬਦਲਾ ਨਾ ਲਵੇਗਾ, ਜਿਹੜੇ ਰਾਤ-ਦਿਨ ਉਸ ਦੀ ਦੁਹਾਈ ਦਿੰਦੇ ਹਨ, ਭਾਵੇਂ ਉਹ ਉਹਨਾਂ ਦੇ ਨਿਆਂ ਵਿੱਚ ਦੇਰੀ ਕਰੇ? 8 ਮੈਂ ਤੁਹਾਨੂੰ ਆਖਦਾ ਹਾਂ ਜੋ ਉਹ ਛੇਤੀ ਹੀ ਉਨ੍ਹਾਂ ਦਾ ਬਦਲਾ ਲਵੇਗਾ। ਪਰ ਜਦ ਮਨੁੱਖ ਦਾ ਪੁੱਤਰ ਆਵੇਗਾ ਤਦ ਕੀ ਉਹ ਧਰਤੀ ਉੱਤੇ ਵਿਸ਼ਵਾਸ ਪਾਵੇਗਾ?।