27 ਅਤੇ ਜਦ ਉਹ ਕੰਢੇ ਤੇ ਉੱਤਰਿਆ ਤਾਂ ਉਸ ਨਗਰ ਵਿੱਚੋਂ ਇੱਕ ਆਦਮੀ ਉਸ ਨੂੰ ਮਿਲਿਆ ਜਿਸ ਵਿੱਚ ਦੁਸ਼ਟ ਆਤਮਾਵਾਂ ਸਨ ਅਤੇ ਉਹ ਬਹੁਤ ਸਮੇਂ ਤੋਂ ਕੱਪੜੇ ਨਹੀਂ ਪਹਿਨਦਾ ਸੀ ਅਤੇ ਘਰ ਨਹੀਂ ਸਗੋਂ ਕਬਰਾਂ ਵਿੱਚ ਰਹਿੰਦਾ ਸੀ। 28 ਅਤੇ ਉਹ ਯਿਸੂ ਨੂੰ ਵੇਖਦਿਆਂ ਹੀ ਚੀਕ ਉੱਠਿਆ ਅਤੇ ਉਸ ਦੇ ਅੱਗੇ ਡਿੱਗ ਪਿਆ ਅਤੇ ਉੱਚੀ ਅਵਾਜ਼ ਨਾਲ ਬੋਲਿਆ, ਹੇ ਮਹਾਂ ਪਰਮੇਸ਼ੁਰ ਦੇ ਪੁੱਤਰ ਯਿਸੂ, ਤੁਹਾਡਾ ਮੇਰੇ ਨਾਲ ਕੀ ਕੰਮ? ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਜੋ ਮੈਨੂੰ ਦੁੱਖ ਨਾ ਦਿਓ! 29 ਕਿਉਂਕਿ ਉਹ ਅਸ਼ੁੱਧ ਆਤਮਾ ਨੂੰ ਉਸ ਆਦਮੀ ਵਿੱਚੋਂ ਨਿੱਕਲਣ ਦਾ ਹੁਕਮ ਦੇ ਰਿਹਾ ਸੀ, ਇਸ ਲਈ ਜੋ ਦੁਸ਼ਟ-ਆਤਮਾ ਬਾਰ-ਬਾਰ ਉਸ ਵਿੱਚ ਆਉਂਦਾ ਸੀ। ਬਹੁਤ ਵਾਰ ਲੋਕ ਉਸ ਨੂੰ ਸੰਗਲਾਂ ਅਤੇ ਬੇੜੀਆਂ ਨਾਲ ਜਕੜ ਕੇ ਪਹਿਰੇ ਵਿੱਚ ਰੱਖਦੇ ਸਨ ਪਰ ਉਹ ਬੰਧਨਾਂ ਨੂੰ ਤੋੜ ਦਿੰਦਾ ਸੀ। ਦੁਸ਼ਟ-ਆਤਮਾ ਉਸ ਨੂੰ ਉਜਾੜਾਂ ਵਿੱਚ ਭਜਾਈ ਫਿਰਦਾ ਸੀ। 30 ਫਿਰ ਯਿਸੂ ਨੇ ਉਸ ਨੂੰ ਪੁੱਛਿਆ, ਤੇਰਾ ਕੀ ਨਾਮ ਹੈ? ਉਹ ਬੋਲਿਆ, ਲਸ਼ਕਰ, ਕਿਉਂ ਜੋ ਬਹੁਤ ਸਾਰੀਆਂ ਦੁਸ਼ਟ ਆਤਮਾਵਾਂ ਉਸ ਵਿੱਚ ਸਨ। 31 ਅਤੇ ਉਨ੍ਹਾਂ ਯਿਸੂ ਦੀ ਮਿੰਨਤ ਕੀਤੀ ਕਿ ਸਾਨੂੰ ਅਥਾਹ ਕੁੰਡ ਵਿੱਚ ਜਾਣ ਦਾ ਹੁਕਮ ਨਾ ਕਰ! 32 ਨੇੜੇ ਪਹਾੜ ਉੱਤੇ ਸੂਰਾਂ ਦਾ ਇੱਕ ਵੱਡਾ ਇੱਜੜ ਚੁਗਦਾ ਸੀ ਅਤੇ ਉਨ੍ਹਾਂ ਉਸ ਦੀ ਮਿੰਨਤ ਕੀਤੀ ਕਿ ਸਾਨੂੰ ਆਗਿਆ ਦਿਓ ਜੋ ਅਸੀਂ ਉਨ੍ਹਾਂ ਸੂਰਾਂ ਵਿੱਚ ਜਾ ਵੜੀਏ ਤਾਂ ਉਸ ਨੇ ਉਨ੍ਹਾਂ ਨੂੰ ਆਗਿਆ ਦਿੱਤੀ। 33 ਅਤੇ ਦੁਸ਼ਟ ਆਤਮਾਵਾਂ ਉਸ ਮਨੁੱਖ ਵਿੱਚੋਂ ਨਿੱਕਲ ਕੇ ਸੂਰਾਂ ਵਿੱਚ ਜਾ ਵੜੀਆਂ ਅਤੇ ਸਾਰਾ ਇੱਜੜ ਪਹਾੜ ਦੀ ਢਲਾਣ ਤੋਂ ਤੇਜ ਭੱਜ ਕੇ ਝੀਲ ਵਿੱਚ ਡੁੱਬ ਕੇ ਮਰ ਗਿਆ। 34 ਤਦ ਉਹਨਾਂ ਦੇ ਚੁਗਾਉਣ ਵਾਲੇ ਇਹ ਸਭ ਵੇਖ ਕੇ ਭੱਜੇ ਅਤੇ ਨਗਰ ਅਤੇ ਪਿੰਡਾਂ ਵਿੱਚ ਇਸ ਦੀ ਖ਼ਬਰ ਪਹੁੰਚਾਈ। 35 ਤਾਂ ਲੋਕ ਉਨ੍ਹਾਂ ਦੀਆਂ ਗੱਲਾਂ ਸੁਣ ਕੇ ਇਹ ਸਭ ਜੋ ਵਾਪਰਿਆ ਸੀ, ਵੇਖਣ ਨੂੰ ਨਿੱਕਲੇ ਅਤੇ ਯਿਸੂ ਦੇ ਕੋਲ ਆ ਕੇ ਉਸ ਆਦਮੀ ਨੂੰ ਜਿਸ ਵਿੱਚੋਂ ਦੁਸ਼ਟ ਆਤਮਾਵਾਂ ਨਿੱਕਲੀਆਂ ਸਨ ਕੱਪੜੇ ਪਹਿਨੀ ਅਤੇ ਸੁਰਤ ਸੰਭਾਲੀ ਯਿਸੂ ਦੇ ਚਰਨਾਂ ਲਾਗੇ ਬੈਠਾ ਵੇਖਿਆ ਅਤੇ ਉਹ ਡਰ ਗਏ।