ਯਿਸੂ ਇੱਕ ਮਰੀ ਹੋਈ ਲੜਕੀ ਨੂੰ ਜਿਉਂਦਾ ਕਰਦਾ ਹੈ ਅਤੇ ਇੱਕ ਬਿਮਾਰ ਔਰਤ ਨੂੰ ਚੰਗਾ ਕਰਦਾ ਹੈ
40 ਜਦ ਯਿਸੂ ਵਾਪਸ ਮੁੜ ਆਇਆ ਤਾਂ ਲੋਕਾਂ ਨੇ ਉਸ ਨੂੰ ਖੁਸ਼ੀ ਨਾਲ ਕਬੂਲ ਕੀਤਾ ਕਿਉਂ ਜੋ ਉਹ ਸਭ ਉਸ ਦੀ ਉਡੀਕ ਕਰ ਰਹੇ ਸਨ। 41 ਉਸੇ ਸਮੇਂ ਜੈਰੁਸ ਨਾਮ ਦਾ ਇੱਕ ਮਨੁੱਖ ਆਇਆ ਜਿਹੜਾ ਪ੍ਰਾਰਥਨਾ ਘਰ ਦਾ ਸਰਦਾਰ ਸੀ ਅਤੇ ਉਸ ਨੇ ਯਿਸੂ ਦੇ ਚਰਨਾਂ ਵਿੱਚ ਡਿੱਗ ਕੇ ਉਸ ਦੀ ਮਿੰਨਤ ਕੀਤੀ ਜੋ ਮੇਰੇ ਘਰ ਚੱਲੋ। 42 ਕਿਉਂ ਜੋ ਉਸ ਦੀ ਬਾਰਾਂ ਸਾਲਾਂ ਦੀ ਇਕਲੌਤੀ ਧੀ ਮਰਨ ਵਾਲੀ ਸੀ ਅਤੇ ਜਦੋਂ ਉਹ ਜਾ ਰਿਹਾ ਸੀ ਭੀੜ ਉਸ ਨੂੰ ਦਬਾਈ ਜਾਂਦੀ ਸੀ। 43 ਤਦ ਇੱਕ ਔਰਤ ਨੇ ਜਿਸ ਨੂੰ ਬਾਰਾਂ ਸਾਲਾਂ ਤੋਂ ਲਹੂ ਵਹਿਣ ਦੀ ਬਿਮਾਰੀ ਸੀ ਅਤੇ ਉਹ ਆਪਣੀ ਸਾਰੀ ਕਮਾਈ ਹਕੀਮਾਂ ਨੂੰ ਦੇ ਚੁੱਕੀ ਸੀ ਪਰ ਕੋਈ ਵੀ ਹਕੀਮ ਉਸ ਨੂੰ ਠੀਕ ਨਾ ਕਰ ਸਕਿਆ। 44 ਉਸ ਨੇ ਪਿੱਛੋਂ ਦੀ ਆ ਕੇ ਯਿਸੂ ਦੇ ਕੱਪੜੇ ਦਾ ਪੱਲਾ ਛੂਹਿਆ ਅਤੇ ਉਸੇ ਸਮੇਂ ਉਸ ਦੇ ਲਹੂ ਵਹਿਣਾ ਬੰਦ ਹੋ ਗਿਆ। 45 ਤਦ ਯਿਸੂ ਨੇ ਕਿਹਾ, ਮੈਨੂੰ ਕਿਸ ਨੇ ਛੂਹਿਆ ਹੈ? ਜਦ ਸਾਰਿਆਂ ਨੇ ਨਾ ਕੀਤੀ ਤਾਂ ਪਤਰਸ ਅਤੇ ਉਸ ਦੇ ਨਾਲ ਦਿਆਂ ਨੇ ਆਖਿਆ, ਸੁਆਮੀ ਜੀ, ਭੀੜ ਤੁਹਾਡੇ ਉੱਤੇ ਡਿੱਗਦੀ ਹੈ। 46 ਪਰ ਯਿਸੂ ਨੇ ਆਖਿਆ, ਕਿਸੇ ਨੇ ਮੈਨੂੰ ਜ਼ਰੂਰ ਛੂਹਿਆ ਹੈ ਕਿਉਂ ਜੋ ਮੈਂ ਮਹਿਸੂਸ ਕੀਤਾ ਕਿ ਮੇਰੇ ਵਿੱਚੋਂ ਸਮਰੱਥਾ ਨਿੱਕਲੀ ਹੈ। 47 ਜਦ ਉਸ ਔਰਤ ਨੇ ਵੇਖਿਆ ਜੋ ਮੈਂ ਲੁੱਕ ਨਹੀਂ ਸਕਦੀ ਤਾਂ ਕੰਬਦੀ-ਕੰਬਦੀ ਯਿਸੂ ਕੋਲ ਆਈ ਅਤੇ ਉਸ ਦੇ ਚਰਨਾਂ ਵਿੱਚ ਡਿੱਗ ਕੇ ਸਾਰੇ ਲੋਕਾਂ ਦੇ ਸਾਹਮਣੇ ਆਪਣਾ ਹਾਲ ਦੱਸਿਆ ਜੋ ਕਿਸ ਕਾਰਨ ਉਸ ਨੂੰ ਛੂਹਿਆ ਅਤੇ ਕਿਸ ਤਰ੍ਹਾਂ ਇਕਦਮ ਚੰਗੀ ਹੋ ਗਈ। 48 ਯਿਸੂ ਨੇ ਉਸ ਨੂੰ ਆਖਿਆ, ਬੇਟੀ, ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾ ਕੀਤਾ ਹੈ, ਸ਼ਾਂਤੀ ਨਾਲ ਚਲੀ ਜਾ। 49 ਉਹ ਬੋਲ ਹੀ ਰਿਹਾ ਸੀ ਕਿ ਪ੍ਰਾਰਥਨਾ ਘਰ ਦੇ ਸਰਦਾਰ ਦੇ ਘਰੋਂ ਕਿਸੇ ਨੇ ਆ ਕੇ ਕਿਹਾ ਤੇਰੀ ਧੀ ਮਰ ਗਈ, ਗੁਰੂ ਜੀ ਨੂੰ ਖੇਚਲ ਨਾ ਦੇ। 50 ਪਰ ਯਿਸੂ ਨੇ ਸੁਣ ਕੇ ਜੈਰੁਸ ਨੂੰ ਆਖਿਆ, ਨਾ ਡਰ, ਕੇਵਲ ਵਿਸ਼ਵਾਸ ਕਰ ਤਾਂ ਉਹ ਬਚ ਜਾਵੇਗੀ। 51 ਉਸ ਨੇ ਘਰ ਪਹੁੰਚ ਕੇ ਪਤਰਸ, ਯੂਹੰਨਾ ਅਤੇ ਯਾਕੂਬ ਅਤੇ ਕੁੜੀ ਦੇ ਮਾਪਿਆਂ ਤੋਂ ਬਿਨ੍ਹਾਂ ਹੋਰ ਕਿਸੇ ਨੂੰ ਆਪਣੇ ਨਾਲ ਅੰਦਰ ਵੜਨ ਨਾ ਦਿੱਤਾ। 52 ਅਤੇ ਸਭ ਲੋਕ ਉਸ ਕੁੜੀ ਲਈ ਰੋਂਦੇ ਅਤੇ ਪਿੱਟਦੇ ਸਨ ਪਰ ਯਿਸੂ ਨੇ ਆਖਿਆ, ਨਾ ਰੋਵੋ ਕਿਉਂ ਜੋ ਉਹ ਮਰੀ ਨਹੀਂ ਪਰ ਸੁੱਤੀ ਪਈ ਹੈ। 53 ਤਾਂ ਉਹ ਉਸ ਉੱਤੇ ਹੱਸਣ ਲੱਗੇ ਕਿਉਂ ਜੋ ਜਾਣਦੇ ਸਨ ਕਿ ਉਹ ਮਰੀ ਹੋਈ ਹੈ। 54 ਪਰ ਯਿਸੂ ਨੇ ਉਸ ਦਾ ਹੱਥ ਫੜ੍ਹ ਕੇ ਉੱਚੀ ਅਵਾਜ਼ ਨਾਲ ਕਿਹਾ, ਬੇਟੀ, ਉੱਠ! 55 ਅਤੇ ਉਸ ਦਾ ਆਤਮਾ ਮੁੜ ਆਇਆ ਅਤੇ ਉਹ ਝੱਟ ਉੱਠ ਖੜ੍ਹੀ ਹੋਈ, ਅਤੇ ਉਸ ਨੇ ਹੁਕਮ ਦਿੱਤਾ ਜੋ ਉਸ ਨੂੰ ਕੁਝ ਖਾਣ ਲਈ ਦਿੱਤਾ ਜਾਏ। 56 ਉਸ ਦੇ ਮਾਪੇ ਹੈਰਾਨ ਰਹਿ ਗਏ, ਅਤੇ ਯਿਸੂ ਨੇ ਉਨ੍ਹਾਂ ਨੂੰ ਕਿਹਾ ਕਿ ਇਸ ਘਟਨਾ ਦੇ ਬਾਰੇ ਕਿਸੇ ਨੂੰ ਕੁਝ ਨਾ ਦੱਸਣ।