ਬਾਰਾਂ ਚੇਲਿਆਂ ਨੂੰ ਭੇਜਣਾ
1 ਤਦ ਉਸ ਨੇ ਬਾਰਾਂ ਚੇਲਿਆਂ ਨੂੰ ਇਕੱਠੇ ਬੁਲਾ ਕੇ ਉਨ੍ਹਾਂ ਨੂੰ ਸਾਰੀਆਂ ਭੂਤਾਂ ਉੱਤੇ ਅਤੇ ਰੋਗਾਂ ਨੂੰ ਦੂਰ ਕਰਨ ਦੀ ਸਮਰੱਥਾ ਦਾ ਅਧਿਕਾਰ ਦਿੱਤਾ। 2 ਅਤੇ ਉਨ੍ਹਾਂ ਨੂੰ ਪਰਮੇਸ਼ੁਰ ਦੇ ਰਾਜ ਦਾ ਪਰਚਾਰ ਕਰਨ ਅਤੇ ਰੋਗੀਆਂ ਨੂੰ ਚੰਗੇ ਕਰਨ ਲਈ ਭੇਜਿਆ। 3 ਉਸ ਨੇ ਉਨ੍ਹਾਂ ਨੂੰ ਆਖਿਆ ਕਿ ਤੁਸੀਂ ਰਾਹ ਦੇ ਲਈ ਕੁਝ ਨਾ ਲਓ, ਨਾ ਲਾਠੀ, ਨਾ ਝੋਲਾ, ਨਾ ਰੋਟੀ, ਨਾ ਰੁਪਿਆ ਅਤੇ ਨਾ ਦੋ ਕੁੜਤੇ ਰੱਖੋ। 4 ਜਿਸ ਘਰ ਵਿੱਚ ਜਾਓ ਉੱਥੇ ਹੀ ਠਹਿਰੋ ਅਤੇ ਉੱਥੋਂ ਹੀ ਤੁਰੋ। 5 ਅਤੇ ਜਿਸ ਨਗਰ ਵਿੱਚ ਤੁਹਾਡਾ ਆਦਰ ਨਾ ਹੋਵੇ, ਉਸ ਨਗਰ ਨੂੰ ਛੱਡਦੇ ਸਮੇਂ ਆਪਣੇ ਪੈਰਾਂ ਦੀ ਮਿੱਟੀ ਵੀ ਉਸ ਨਗਰ ਦੇ ਲੋਕਾਂ ਉੱਤੇ ਗਵਾਹੀ ਲਈ ਝਾੜ ਦਿਓ। 6 ਤਦ ਉਹ ਬਾਹਰ ਨਿੱਕਲ ਕੇ ਪਿੰਡ-ਪਿੰਡ ਜਾ ਕੇ ਖੁਸ਼ਖਬਰੀ ਸੁਣਾਉਂਦੇ ਅਤੇ ਰੋਗਾਂ ਨੂੰ ਦੂਰ ਕਰਦੇ ਫਿਰੇ।