ਯਿਸੂ ਇੱਕ ਮਰੀ ਹੋਈ ਕੁੜੀ ਨੂੰ ਜਿਵਾਉਂਦਾ ਹੈ ਅਤੇ ਇੱਕ ਬਿਮਾਰ ਔਰਤ ਨੂੰ ਚੰਗਾ ਕਰਦਾ ਹੈ
21 ਜਦ ਯਿਸੂ ਬੇੜੀ ਉੱਤੇ ਫੇਰ ਪਾਰ ਲੰਘਿਆ ਤਾਂ ਇੱਕ ਵੱਡੀ ਭੀੜ ਉਸ ਕੋਲ ਇਕੱਠੀ ਹੋਈ ਅਤੇ ਉਹ ਝੀਲ ਦੇ ਕਿਨਾਰੇ ਉੱਤੇ ਸੀ। 22 ਅਤੇ ਪ੍ਰਾਰਥਨਾ ਘਰ ਦੇ ਸਰਦਾਰਾਂ ਵਿੱਚੋਂ ਜੈਰੁਸ ਨਾਮ ਦਾ ਇੱਕ ਮਨੁੱਖ ਆਇਆ ਅਤੇ ਉਹ ਨੂੰ ਵੇਖ ਕੇ ਉਹ ਦੇ ਪੈਰੀਂ ਪੈ ਗਿਆ। 23 ਅਤੇ ਉਹ ਦੀ ਬਹੁਤ ਮਿੰਨਤ ਕੀਤੀ ਜੋ ਮੇਰੀ ਛੋਟੀ ਬੇਟੀ ਬਿਮਾਰੀ ਦੇ ਕਾਰਨ ਮਰਨ ਵਾਲੀ ਹੈ, ਤੁਸੀਂ ਚੱਲ ਕੇ ਉਹ ਦੇ ਉੱਤੇ ਆਪਣੇ ਹੱਥ ਰੱਖੋ ਤਾਂ ਜੋ ਉਹ ਚੰਗੀ ਹੋ ਜਾਵੇ ਅਤੇ ਜਿਉਂਦੀ ਰਹੇ। 24 ਤਦ ਉਹ ਉਸ ਦੇ ਨਾਲ ਗਿਆ ਅਤੇ ਵੱਡੀ ਭੀੜ ਉਹ ਦੇ ਮਗਰ ਤੁਰ ਪਈ ਅਤੇ ਉਹ ਨੂੰ ਦਬਾਈ ਜਾਂਦੀ ਸੀ।
25 ਤਦ ਇੱਕ ਔਰਤ ਜਿਸ ਨੂੰ ਬਾਰਾਂ ਸਾਲਾਂ ਤੋਂ ਲਹੂ ਵਹਿਣ ਦਾ ਰੋਗ ਸੀ 26 ਅਤੇ ਜਿਹਨੇ ਬਹੁਤ ਹਕੀਮਾਂ ਦੇ ਹੱਥੋਂ ਵੱਡਾ ਦੁੱਖ ਪਾਇਆ ਅਤੇ ਆਪਣਾ ਸਭ ਕੁਝ ਖ਼ਰਚ ਕਰ ਦਿੱਤਾ ਸੀ ਪਰ ਕੁਝ ਵੀ ਅਰਾਮ ਨਾ ਪਾਇਆ ਸਗੋਂ ਉਹ ਦਾ ਹੋਰ ਵੀ ਮਾੜਾ ਹਾਲ ਹੋ ਗਿਆ ਸੀ, 27 ਉਹ ਯਿਸੂ ਦੀ ਖ਼ਬਰ ਸੁਣ ਕੇ ਭੀੜ ਵਿੱਚ ਪਿੱਛੋਂ ਦੀ ਹੋ ਕੇ ਆਈ ਅਤੇ ਉਹ ਦੇ ਕੱਪੜੇ ਦਾ ਪੱਲਾ ਛੂਹ ਲਿਆ। 28 ਕਿਉਂ ਜੋ ਉਹ ਆਪਣੇ ਮਨ ਵਿੱਚ ਆਖਦੀ ਸੀ, ਜੇ ਮੈਂ ਕੇਵਲ ਉਹ ਦੇ ਕੱਪੜੇ ਨੂੰ ਹੀ ਛੂਹ ਲਵਾਂ ਤਾਂ ਚੰਗੀ ਹੋ ਜਾਂਵਾਂਗੀ। 29 ਅਤੇ ਤੁਰੰਤ ਉਸ ਦੇ ਲਹੂ ਦਾ ਵਹਿਣਾ ਬੰਦ ਹੋ ਗਿਆ ਅਤੇ ਉਸ ਨੇ ਆਪਣੇ ਸਰੀਰ ਵਿੱਚ ਮਲੂਮ ਕਰ ਲਿਆ ਜੋ ਮੈਂ ਇਸ ਬਿਮਾਰੀ ਤੋਂ ਚੰਗੀ ਹੋ ਗਈ। 30 ਅਤੇ ਯਿਸੂ ਨੇ ਉਸ ਸਮੇਂ ਆਪਣੇ ਮਨ ਵਿੱਚ ਜਾਣ ਕੇ ਜੋ ਮੇਰੇ ਵਿੱਚੋਂ ਸਮਰੱਥਾ ਨਿੱਕਲੀ ਹੈ ਉਸ ਭੀੜ ਦੀ ਵੱਲ ਮੁੜ ਕੇ ਕਿਹਾ, ਮੇਰੇ ਕੱਪੜੇ ਨੂੰ ਕਿਸ ਨੇ ਛੂਹਿਆ? 31 ਉਹ ਦੇ ਚੇਲਿਆਂ ਨੇ ਉਹ ਨੂੰ ਆਖਿਆ, ਤੁਸੀਂ ਵੇਖਦੇ ਹੀ ਹੋ ਜੋ ਲੋਕ ਤੁਹਾਡੇ ਉੱਤੇ ਡਿੱਗਦੇ ਜਾਂਦੇ ਹਨ, ਅਤੇ ਤੁਸੀਂ ਆਖਦੇ ਹੋ, ਮੈਨੂੰ ਕਿਸ ਨੇ ਛੂਹਿਆ? 32 ਅਤੇ ਉਸ ਨੇ ਇੱਧਰ-ਉੱਧਰ ਨਿਗਾਹ ਕੀਤੀ ਕਿ ਇਸ ਕੰਮ ਦੇ ਕਰਨ ਵਾਲੇ ਨੂੰ ਵੇਖੇ। 33 ਤਦ ਉਹ ਔਰਤ ਜੋ ਕੁਝ ਉਸ ਉੱਤੇ ਬੀਤਿਆ ਸੀ ਜਾਣ ਕੇ ਕੰਬਦੀ ਹੋਈ ਆਈ ਅਤੇ ਉਹ ਦੇ ਚਰਨਾਂ ਉੱਤੇ ਡਿੱਗ ਕੇ ਸਾਰੀ ਵਾਰਤਾ ਉਹ ਨੂੰ ਦੱਸ ਦਿੱਤੀ। 34 ਤਾਂ ਉਹ ਨੇ ਉਸ ਨੂੰ ਆਖਿਆ, ਬੇਟੀ ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾ ਕੀਤਾ ਹੈ, ਸ਼ਾਂਤੀ ਨਾਲ ਚਲੀ ਜਾ ਅਤੇ ਆਪਣੀ ਬਿਮਾਰੀ ਤੋਂ ਬਚੀ ਰਹਿ।
35 ਉਹ ਇਹ ਗੱਲ ਕਰ ਹੀ ਰਿਹਾ ਸੀ ਕਿ ਪ੍ਰਾਰਥਨਾ ਘਰ ਦੇ ਸਰਦਾਰ ਦੇ ਘਰੋਂ ਲੋਕਾਂ ਨੇ ਆਣ ਕੇ ਆਖਿਆ, ਤੇਰੀ ਧੀ ਮਰ ਗਈ, ਗੁਰੂ ਜੀ ਨੂੰ ਕਿਉਂ ਖੇਚਲ ਪਾਉਂਦਾ ਹੈਂ? 36 ਪਰ ਯਿਸੂ ਨੇ ਉਸ ਗੱਲ ਦੀ ਜੋ ਉਹ ਆਖਦੇ ਸਨ ਪਰਵਾਹ ਨਾ ਕਰ ਕੇ ਪ੍ਰਾਰਥਨਾ ਘਰ ਦੇ ਸਰਦਾਰ ਨੂੰ ਆਖਿਆ, ਨਾ ਡਰ ਕੇਵਲ ਵਿਸ਼ਵਾਸ ਕਰ। 37 ਤਾਂ ਉਸ ਨੇ ਪਤਰਸ ਅਤੇ ਯਾਕੂਬ ਅਤੇ ਯਾਕੂਬ ਦੇ ਭਰਾ ਯੂਹੰਨਾ ਦੇ ਬਿਨ੍ਹਾਂ ਹੋਰ ਕਿਸੇ ਨੂੰ ਆਪਣੇ ਨਾਲ ਆਉਣ ਨਾ ਦਿੱਤਾ। 38 ਅਤੇ ਜਦ ਉਹ ਪ੍ਰਾਰਥਨਾ ਘਰ ਦੇ ਸਰਦਾਰ ਦੇ ਘਰ ਪਹੁੰਚੇ ਤਦ ਉਸ ਨੇ ਰੌਲ਼ਾ ਪਾਉਂਦੇ ਹੋਏ ਅਤੇ ਲੋਕਾਂ ਨੂੰ ਬਹੁਤ ਰੋਂਦੇ ਕੁਰਲਾਉਂਦੇ ਹੋਏ ਵੇਖਿਆ। 39 ਅਤੇ ਅੰਦਰ ਜਾ ਕੇ ਉਨ੍ਹਾਂ ਨੂੰ ਆਖਿਆ, ਤੁਸੀਂ ਕਿਉਂ ਰੌਲ਼ਾ ਪਾਉਂਦੇ ਅਤੇ ਰੋਂਦੇ ਹੋ? ਕੁੜੀ ਮਰੀ ਨਹੀਂ ਪਰ ਸੁੱਤੀ ਪਈ ਹੈ। 40 ਤਾਂ ਉਹ ਉਸ ਉੱਤੇ ਹੱਸੇ। ਪਰ ਉਹ ਸਭਨਾਂ ਨੂੰ ਬਾਹਰ ਕੱਢ ਕੇ ਕੁੜੀ ਦੇ ਮਾਂ ਪਿਉ ਅਤੇ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਜਿੱਥੇ ਕੁੜੀ ਸੀ ਉੱਥੇ ਅੰਦਰ ਗਿਆ। 41 ਅਤੇ ਉਸ ਨੇ ਕੁੜੀ ਦਾ ਹੱਥ ਫੜ੍ਹ ਕੇ ਉਹ ਨੂੰ ਕਿਹਾ "ਤਲੀਥਾ ਕੂਮੀ" ਜਿਹ ਦਾ ਅਰਥ ਇਹ ਹੈ ਕਿ ਹੇ ਕੰਨਿਆ, ਮੈਂ ਤੈਨੂੰ ਆਖਦਾ ਹਾਂ, ਉੱਠ! 42 ਉਹ ਕੁੜੀ ਉਸੇ ਵੇਲੇ ਉੱਠ ਖੜੀ ਹੋਈ ਅਤੇ ਤੁਰਨ ਫਿਰਨ ਲੱਗੀ ਕਿਉਂ ਜੋ ਉਹ ਬਾਰਾਂ ਸਾਲਾਂ ਦੀ ਸੀ ਅਤੇ ਇਸ ਗੱਲ ਤੋਂ ਲੋਕ ਵੱਡੇ ਅਚੰਭੇ ਵਿੱਚ ਆਣ ਕੇ ਹੈਰਾਨ ਹੋ ਗਏ। 43 ਅਤੇ ਉਸ ਨੇ ਉਨ੍ਹਾਂ ਨੂੰ ਹੁਕਮ ਕੀਤਾ, ਕੋਈ ਇਹ ਗੱਲ ਨਾ ਜਾਣੇ ਅਤੇ ਆਖਿਆ ਕਿ ਉਸ ਨੂੰ ਕੁਝ ਖਾਣ ਲਈ ਦਿੱਤਾ ਜਾਏ।