35 ਉਹ ਇਹ ਗੱਲ ਕਰ ਹੀ ਰਿਹਾ ਸੀ ਕਿ ਪ੍ਰਾਰਥਨਾ ਘਰ ਦੇ ਸਰਦਾਰ ਦੇ ਘਰੋਂ ਲੋਕਾਂ ਨੇ ਆਣ ਕੇ ਆਖਿਆ, ਤੇਰੀ ਧੀ ਮਰ ਗਈ, ਗੁਰੂ ਜੀ ਨੂੰ ਕਿਉਂ ਖੇਚਲ ਪਾਉਂਦਾ ਹੈਂ? 36 ਪਰ ਯਿਸੂ ਨੇ ਉਸ ਗੱਲ ਦੀ ਜੋ ਉਹ ਆਖਦੇ ਸਨ ਪਰਵਾਹ ਨਾ ਕਰ ਕੇ ਪ੍ਰਾਰਥਨਾ ਘਰ ਦੇ ਸਰਦਾਰ ਨੂੰ ਆਖਿਆ, ਨਾ ਡਰ ਕੇਵਲ ਵਿਸ਼ਵਾਸ ਕਰ। 37 ਤਾਂ ਉਸ ਨੇ ਪਤਰਸ ਅਤੇ ਯਾਕੂਬ ਅਤੇ ਯਾਕੂਬ ਦੇ ਭਰਾ ਯੂਹੰਨਾ ਦੇ ਬਿਨ੍ਹਾਂ ਹੋਰ ਕਿਸੇ ਨੂੰ ਆਪਣੇ ਨਾਲ ਆਉਣ ਨਾ ਦਿੱਤਾ। 38 ਅਤੇ ਜਦ ਉਹ ਪ੍ਰਾਰਥਨਾ ਘਰ ਦੇ ਸਰਦਾਰ ਦੇ ਘਰ ਪਹੁੰਚੇ ਤਦ ਉਸ ਨੇ ਰੌਲ਼ਾ ਪਾਉਂਦੇ ਹੋਏ ਅਤੇ ਲੋਕਾਂ ਨੂੰ ਬਹੁਤ ਰੋਂਦੇ ਕੁਰਲਾਉਂਦੇ ਹੋਏ ਵੇਖਿਆ। 39 ਅਤੇ ਅੰਦਰ ਜਾ ਕੇ ਉਨ੍ਹਾਂ ਨੂੰ ਆਖਿਆ, ਤੁਸੀਂ ਕਿਉਂ ਰੌਲ਼ਾ ਪਾਉਂਦੇ ਅਤੇ ਰੋਂਦੇ ਹੋ? ਕੁੜੀ ਮਰੀ ਨਹੀਂ ਪਰ ਸੁੱਤੀ ਪਈ ਹੈ। 40 ਤਾਂ ਉਹ ਉਸ ਉੱਤੇ ਹੱਸੇ। ਪਰ ਉਹ ਸਭਨਾਂ ਨੂੰ ਬਾਹਰ ਕੱਢ ਕੇ ਕੁੜੀ ਦੇ ਮਾਂ ਪਿਉ ਅਤੇ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਜਿੱਥੇ ਕੁੜੀ ਸੀ ਉੱਥੇ ਅੰਦਰ ਗਿਆ। 41 ਅਤੇ ਉਸ ਨੇ ਕੁੜੀ ਦਾ ਹੱਥ ਫੜ੍ਹ ਕੇ ਉਹ ਨੂੰ ਕਿਹਾ "ਤਲੀਥਾ ਕੂਮੀ" ਜਿਹ ਦਾ ਅਰਥ ਇਹ ਹੈ ਕਿ ਹੇ ਕੰਨਿਆ, ਮੈਂ ਤੈਨੂੰ ਆਖਦਾ ਹਾਂ, ਉੱਠ! 42 ਉਹ ਕੁੜੀ ਉਸੇ ਵੇਲੇ ਉੱਠ ਖੜੀ ਹੋਈ ਅਤੇ ਤੁਰਨ ਫਿਰਨ ਲੱਗੀ ਕਿਉਂ ਜੋ ਉਹ ਬਾਰਾਂ ਸਾਲਾਂ ਦੀ ਸੀ ਅਤੇ ਇਸ ਗੱਲ ਤੋਂ ਲੋਕ ਵੱਡੇ ਅਚੰਭੇ ਵਿੱਚ ਆਣ ਕੇ ਹੈਰਾਨ ਹੋ ਗਏ। 43 ਅਤੇ ਉਸ ਨੇ ਉਨ੍ਹਾਂ ਨੂੰ ਹੁਕਮ ਕੀਤਾ, ਕੋਈ ਇਹ ਗੱਲ ਨਾ ਜਾਣੇ ਅਤੇ ਆਖਿਆ ਕਿ ਉਸ ਨੂੰ ਕੁਝ ਖਾਣ ਲਈ ਦਿੱਤਾ ਜਾਏ।