ਉਨ੍ਹਾਂ ਨਗਰਾਂ ਉੱਤੇ ਹਾਏ ਜਿਨ੍ਹਾਂ ਨੇ ਤੋਬਾ ਨਹੀਂ ਕੀਤੀ
20 ਫਿਰ ਉਹ ਉਨ੍ਹਾਂ ਨਗਰਾਂ ਨੂੰ ਜਿਨ੍ਹਾਂ ਵਿੱਚ ਉਸ ਨੇ ਬਹੁਤ ਅਚਰਜ਼ ਕੰਮ ਕੀਤੇ ਸਨ ਉਲਾਂਭਾ ਦੇਣ ਲੱਗਾ, ਕਿਉਂਕਿ ਉਨ੍ਹਾਂ ਨੇ ਤੋਬਾ ਨਹੀਂ ਕੀਤੀ ਸੀ। 21 ਹੇ ਖੁਰਾਜ਼ੀਨ, ਤੇਰੇ ਉੱਤੇ ਹਾਏ! ਹੇ ਬੈਤਸੈਦਾ, ਤੇਰੇ ਉੱਤੇ ਅਫ਼ਸੋਸ! ਕਿਉਂਕਿ ਜਿਹੜੇ ਅਚਰਜ਼ ਕੰਮ ਤੁਹਾਡੇ ਵਿੱਚ ਕੀਤੇ ਗਏ ਹਨ ਜੇ ਸੂਰ ਅਤੇ ਸੈਦਾ ਵਿੱਚ ਕੀਤੇ ਜਾਂਦੇ ਤਾਂ ਉਹ ਤੱਪੜ ਪਹਿਨ ਕੇ ਅਤੇ ਸੁਆਹ ਵਿੱਚ ਬੈਠ ਕੇ ਕਦੋਂ ਦੇ ਤੋਬਾ ਕਰ ਲੈਂਦੇ! 22 ਫਿਰ ਵੀ ਮੈਂ ਤੁਹਾਨੂੰ ਆਖਦਾ ਹਾਂ ਕਿ ਨਿਆਂ ਦੇ ਦਿਨ ਤੁਹਾਡੇ ਨਾਲੋਂ ਸੂਰ ਅਤੇ ਸੈਦਾ ਦਾ ਹਾਲ ਝੱਲਣ ਯੋਗ ਹੋਵੇਗਾ। 23 ਅਤੇ ਹੇ ਕਫ਼ਰਨਾਹੂਮ, ਕੀ ਤੂੰ ਅਕਾਸ਼ ਤੱਕ ਉੱਚਾ ਕੀਤਾ ਜਾਵੇਂਗਾ? ਤੂੰ ਸਗੋਂ ਪਤਾਲ ਵਿੱਚ ਸੁੱਟਿਆ ਜਾਏਂਗਾ ਕਿਉਂਕਿ ਜਿਹੜੇ ਅਚਰਜ਼ ਕੰਮ ਤੇਰੇ ਵਿੱਚ ਵਿਖਾਏ ਗਏ ਹਨ ਜੇ ਉਹ ਸਦੂਮ ਵਿੱਚ ਵਿਖਾਏ ਜਾਂਦੇ ਤਾਂ ਉਹ ਅੱਜ ਤੱਕ ਬਣਿਆ ਰਹਿੰਦਾ। 24 ਪਰ ਮੈਂ ਤੁਹਾਨੂੰ ਆਖਦਾ ਹਾਂ ਕਿ ਨਿਆਂ ਦੇ ਦਿਨ ਤੇਰੇ ਨਾਲੋਂ ਸਦੂਮ ਦੇਸ ਦਾ ਹਾਲ ਝੱਲਣ ਯੋਗ ਹੋਵੇਗਾ।