ਨਿਆਂ ਦਾ ਦਿਨ
31 ਜਦ ਮਨੁੱਖ ਦਾ ਪੁੱਤਰ ਆਪਣੀ ਮਹਿਮਾ ਨਾਲ ਸਾਰੇ ਦੂਤਾਂ ਨਾਲ ਆਵੇਗਾ ਤਦ ਉਹ ਆਪਣੇ ਤੇਜ ਦੇ ਸਿੰਘਾਸਣ ਉੱਤੇ ਬੈਠੇਗਾ। 32 ਅਤੇ ਸਭ ਕੌਮਾਂ ਉਹ ਦੇ ਅੱਗੇ ਇਕੱਠੀਆਂ ਕੀਤੀਆਂ ਜਾਣਗੀਆਂ ਅਤੇ ਜਿਸ ਤਰ੍ਹਾਂ ਅਯਾਲੀ ਭੇਡਾਂ ਨੂੰ ਬੱਕਰੀਆਂ ਵਿੱਚੋਂ ਅਲੱਗ ਕਰਦਾ ਹੈ, ਉਸੇ ਤਰ੍ਹਾਂ ਉਹ ਉਨ੍ਹਾਂ ਨੂੰ ਇੱਕ ਦੂਜੇ ਤੋਂ ਅਲੱਗ ਕਰੇਗਾ। 33 ਅਤੇ ਉਹ ਭੇਡਾਂ ਨੂੰ ਆਪਣੇ ਸੱਜੇ ਪਾਸੇ ਅਤੇ ਬੱਕਰੀਆਂ ਨੂੰ ਖੱਬੇ ਪਾਸੇ ਖੜ੍ਹਾ ਕਰੇਗਾ। 34 ਤਦ ਰਾਜਾ ਉਨ੍ਹਾਂ ਨੂੰ ਜਿਹੜੇ ਉਹ ਦੇ ਸੱਜੇ ਪਾਸੇ ਹੋਣ ਆਖੇਗਾ, ਹੇ ਮੇਰੇ ਪਿਤਾ ਦੇ ਮੁਬਾਰਕ ਲੋਕੋ ਆਓ! ਜਿਹੜਾ ਰਾਜ ਜਗਤ ਦੇ ਮੁੱਢੋਂ ਤੁਹਾਡੇ ਲਈ ਤਿਆਰ ਕੀਤਾ ਹੋਇਆ ਹੈ, ਉਹ ਦੇ ਵਾਰਿਸ ਹੋਵੋ। 35 ਕਿਉਂ ਜੋ ਮੈਂ ਭੁੱਖਾ ਸੀ ਅਤੇ ਤੁਸੀਂ ਮੈਨੂੰ ਖਾਣ ਨੂੰ ਦਿੱਤਾ, ਮੈਂ ਤਿਹਾਇਆ ਸੀ ਅਤੇ ਤੁਸੀਂ ਮੈਨੂੰ ਪੀਣ ਨੂੰ ਦਿੱਤਾ, ਮੈਂ ਪਰਦੇਸੀ ਸੀ ਅਤੇ ਤੁਸੀਂ ਮੈਨੂੰ ਆਪਣੇ ਘਰ ਉਤਾਰਿਆ, 36 ਨੰਗਾ ਸੀ ਅਤੇ ਤੁਸੀਂ ਮੈਨੂੰ ਕੱਪੜੇ ਪਹਿਨਾਏ, ਮੈਂ ਰੋਗੀ ਸੀ ਅਤੇ ਤੁਸੀਂ ਮੇਰੀ ਖ਼ਬਰ ਲਈ, ਮੈਂ ਕੈਦ ਵਿੱਚ ਸੀ ਅਤੇ ਤੁਸੀਂ ਮੇਰੇ ਕੋਲ ਆਏ। 37 ਤਦ ਧਰਮੀ ਲੋਕ ਉਹ ਨੂੰ ਇਹ ਉੱਤਰ ਦੇਣਗੇ, ਪ੍ਰਭੂ ਜੀ ਅਸੀਂ ਕਦੋਂ ਤੈਨੂੰ ਭੁੱਖਾ ਵੇਖਿਆ ਤੇ ਤੈਨੂੰ ਖੁਆਇਆ ਜਾਂ ਤਿਹਾਇਆ ਵੇਖਿਆ ਤੇ ਤੈਨੂੰ ਪਿਲਾਇਆ? 38 ਕਦੋਂ ਅਸੀਂ ਤੈਨੂੰ ਪਰਦੇਸੀ ਵੇਖਿਆ ਤੇ ਤੈਨੂੰ ਆਪਣੇ ਘਰ ਉਤਾਰਿਆ ਜਾਂ ਨੰਗਾ ਵੇਖਿਆ ਤੇ ਤੈਨੂੰ ਕੱਪੜੇ ਪਹਿਨਾਏ? 39 ਕਦੋਂ ਅਸੀਂ ਤੈਨੂੰ ਰੋਗੀ ਜਾਂ ਕੈਦੀ ਵੇਖਿਆ ਤੇ ਤੇਰੇ ਕੋਲ ਆਏ? 40 ਰਾਜਾ ਉਨ੍ਹਾਂ ਨੂੰ ਉੱਤਰ ਦੇਵੇਗਾ, ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜਦ ਤੁਸੀਂ ਮੇਰੇ ਇਨ੍ਹਾਂ ਸਭਨਾਂ ਛੋਟੇ ਭਰਾਵਾਂ ਵਿੱਚੋਂ ਇੱਕ ਨਾਲ ਇਹ ਕੀਤਾ ਤਾਂ ਮੇਰੇ ਨਾਲ ਕੀਤਾ। 41 ਤਦ ਜਿਹੜੇ ਖੱਬੇ ਪਾਸੇ ਹੋਣ ਉਨ੍ਹਾਂ ਨੂੰ ਵੀ ਉਹ ਕਹੇਗਾ, ਹੇ ਸਰਾਪੇ ਹੋਇਓ, ਮੇਰੇ ਕੋਲੋਂ ਉਸ ਸਦੀਪਕ ਅੱਗ ਵਿੱਚ ਚੱਲੇ ਜਾਓ ਜਿਹੜੀ ਸ਼ੈਤਾਨ ਅਤੇ ਉਹ ਦੇ ਦੂਤਾਂ ਲਈ ਤਿਆਰ ਕੀਤੀ ਹੋਈ ਹੈ। 42 ਕਿਉਂ ਜੋ ਮੈਂ ਭੁੱਖਾ ਸੀ ਤੇ ਤੁਸੀਂ ਮੈਨੂੰ ਨਾ ਖੁਆਇਆ, ਮੈਂ ਤਿਹਾਇਆ ਸੀ ਤੇ ਤੁਸੀਂ ਮੈਨੂੰ ਨਾ ਪਿਆਇਆ। 43 ਮੈਂ ਪਰਦੇਸੀ ਸੀ ਤੇ ਤੁਸੀਂ ਮੈਨੂੰ ਆਪਣੇ ਘਰ ਨਾ ਉਤਾਰਿਆ, ਨੰਗਾ ਸੀ ਤੇ ਤੁਸੀਂ ਮੈਨੂੰ ਕੱਪੜੇ ਨਾ ਪਹਿਨਾਏ, ਰੋਗੀ ਅਤੇ ਕੈਦੀ ਸੀ ਤੇ ਤੁਸੀਂ ਮੇਰੀ ਖ਼ਬਰ ਨਾ ਲਈ। 44 ਤਦ ਉਹ ਵੀ ਉੱਤਰ ਦੇਣਗੇ, ਪ੍ਰਭੂ ਜੀ ਕਦੋਂ ਅਸੀਂ ਤੈਨੂੰ ਭੁੱਖਾ ਜਾਂ ਤਿਹਾਇਆ ਜਾਂ ਪਰਦੇਸੀ ਜਾਂ ਨੰਗਾ ਜਾਂ ਰੋਗੀ ਜਾਂ ਕੈਦੀ ਵੇਖਿਆ ਅਤੇ ਤੇਰੀ ਟਹਿਲ ਸੇਵਾ ਨਾ ਕੀਤੀ? 45 ਤਦ ਉਹ ਉਨ੍ਹਾਂ ਨੂੰ ਇਹ ਉੱਤਰ ਦੇਵੇਗਾ, ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜਦ ਤੁਸੀਂ ਇਨ੍ਹਾਂ ਸਭਨਾਂ ਤੋਂ ਛੋਟਿਆਂ ਵਿੱਚੋਂ ਇੱਕ ਨਾਲ ਇਹ ਨਾ ਕੀਤਾ ਤਾਂ ਮੇਰੇ ਨਾਲ ਨਾ ਕੀਤਾ। 46 ਅਤੇ ਇਹ ਸਦੀਪਕ ਸਜ਼ਾ ਵਿੱਚ ਜਾਣਗੇ, ਪਰ ਧਰਮੀ ਸਦੀਪਕ ਜੀਵਨ ਵਿੱਚ।