ਵਿਸ਼ਵਾਸ ਅਤੇ ਅਮਲ
14 ਹੇ ਮੇਰੇ ਭਰਾਵੋ, ਜੇ ਕੋਈ ਆਖੇ ਕਿ ਮੈਨੂੰ ਵਿਸ਼ਵਾਸ ਹੈ, ਪਰ ਉਹ ਅਮਲ ਨਾ ਕਰਦਾ ਹੋਵੇ ਤਾਂ ਕੀ ਲਾਭ ਹੋਇਆ? ਭਲਾ, ਇਹ ਵਿਸ਼ਵਾਸ ਉਸ ਨੂੰ ਬਚਾ ਸਕਦਾ ਹੈ? 15 ਜੇ ਕੋਈ ਭਾਈ ਜਾਂ ਭੈਣ ਭੋਜਨ ਬਸਤਰ ਅਤੇ ਰੱਜਵੀਂ ਰੋਟੀ ਤੋਂ ਥੁੜਿਆ ਹੋਵੇ। 16 ਅਤੇ ਤੁਹਾਡੇ ਵਿੱਚੋਂ ਕੋਈ ਉਨ੍ਹਾਂ ਨੂੰ ਆਖੇ ਕਿ ਸ਼ਾਂਤੀ ਨਾਲ ਜਾਓ। ਨਿੱਘੇ ਅਤੇ ਰੱਜੇ ਪੁੱਜੇ ਰਹੋ ਪਰ ਜਿਹੜੀਆਂ ਵਸਤਾਂ ਸਰੀਰ ਲਈ ਜ਼ਰੂਰੀ ਹਨ ਉਹ ਤੁਸੀਂ ਉਨ੍ਹਾਂ ਨੂੰ ਨਾ ਦਿੱਤੀਆਂ ਤਾਂ ਕੀ ਲਾਭ ਹੋਇਆ? 17 ਇਸੇ ਪ੍ਰਕਾਰ ਵਿਸ਼ਵਾਸ ਜੋ ਅਮਲ ਸਹਿਤ ਨਾ ਹੋਵੇ ਤਾਂ ਆਪਣੇ ਆਪ ਵਿੱਚ ਮਰਿਆ ਹੋਇਆ ਹੈ। 18 ਪਰ ਜੇ ਕੋਈ ਕਹੇ ਕਿ ਤੇਰੇ ਕੋਲ ਵਿਸ਼ਵਾਸ ਹੈ ਅਤੇ ਮੇਰੇ ਕੋਲ ਅਮਲ ਹਨ। ਤੂੰ ਆਪਣਾ ਵਿਸ਼ਵਾਸ ਕੰਮਾਂ ਤੋਂ ਬਿਨ੍ਹਾਂ ਮੈਨੂੰ ਵਿਖਾ ਅਤੇ ਮੈਂ ਆਪਣਿਆਂ ਕੰਮਾਂ ਨਾਲ ਤੈਨੂੰ ਆਪਣਾ ਵਿਸ਼ਵਾਸ ਵਿਖਾਵਾਂਗਾ। 19 ਤੂੰ ਵਿਸ਼ਵਾਸ ਕਰਦਾ ਹੈਂ ਕਿ ਪਰਮੇਸ਼ੁਰ ਇੱਕ ਹੀ ਹੈ। ਇਹ ਤੂੰ ਚੰਗਾ ਕਰਦਾ ਹੈਂ, ਭੂਤਾਂ ਵੀ ਇਹ ਵਿਸ਼ਵਾਸ ਕਰਦੀਆਂ ਅਤੇ ਕੰਬਦੀਆਂ ਹਨ। 20 ਪਰ ਹੇ ਨਿਕੰਮਿਆ ਮਨੁੱਖਾ, ਕੀ ਤੂੰ ਇਹ ਨਹੀਂ ਜਾਣਦਾ ਕਿ ਅਮਲਾਂ ਤੋਂ ਬਿਨ੍ਹਾਂ ਵਿਸ਼ਵਾਸ ਵਿਅਰਥ ਹੈ? 21 ਕੀ ਸਾਡਾ ਪਿਤਾ ਅਬਰਾਹਾਮ ਅਮਲਾਂ ਨਾਲ ਧਰਮੀ ਨਹੀਂ ਸੀ ਠਹਿਰਾਇਆ ਗਿਆ ਜਦੋਂ ਉਸ ਨੇ ਆਪਣੇ ਪੁੱਤਰ ਇਸਹਾਕ ਨੂੰ ਜਗਵੇਦੀ ਉੱਤੇ ਚੜ੍ਹਾ ਦਿੱਤਾ? 22 ਤੂੰ ਵੇਖਦਾ ਹੈਂ ਕਿ ਵਿਸ਼ਵਾਸ ਉਹ ਦੇ ਕੰਮਾਂ ਦੇ ਕਾਰਨ ਗੁਣਕਾਰ ਹੋਇਆ ਅਤੇ ਕੰਮਾਂ ਤੋਂ ਵਿਸ਼ਵਾਸ ਸੰਪੂਰਨ ਹੋਇਆ। 23 ਅਤੇ ਪਵਿੱਤਰ ਗ੍ਰੰਥ ਦਾ ਇਹ ਬਚਨ ਪੂਰਾ ਹੋਇਆ ਕਿ ਅਬਰਾਹਾਮ ਨੇ ਪਰਮੇਸ਼ੁਰ ਤੇ ਵਿਸ਼ਵਾਸ ਕੀਤਾ ਅਤੇ ਇਹ ਉਹ ਦੇ ਲਈ ਧਾਰਮਿਕਤਾ ਗਿਣੀ ਗਈ ਅਤੇ ਉਹ ਪਰਮੇਸ਼ੁਰ ਦਾ ਮਿੱਤਰ ਅਖਵਾਇਆ। 24 ਤੁਸੀਂ ਵੇਖਦੇ ਹੋ ਕਿ ਮਨੁੱਖ ਕੇਵਲ ਵਿਸ਼ਵਾਸ ਨਾਲ ਹੀ ਨਹੀਂ ਸਗੋਂ ਕੰਮਾਂ ਨਾਲ ਵੀ ਧਰਮੀ ਠਹਿਰਾਇਆ ਜਾਂਦਾ ਹੈ। 25 ਕੀ ਉਸੇ ਹੀ ਤਰ੍ਹਾਂ ਰਹਾਬ ਵੇਸਵਾ ਵੀ ਅਮਲਾਂ ਹੀ ਨਾਲ ਧਰਮੀ ਨਾ ਠਹਿਰਾਈ ਗਈ ਜਦੋਂ ਉਹ ਨੇ ਭੇਤੀਆਂ ਨੂੰ ਆਪਣੇ ਘਰ ਉਤਾਰਿਆ ਅਤੇ ਉਨ੍ਹਾਂ ਨੂੰ ਦੂਸਰੇ ਰਾਹ ਵੱਲੋਂ ਭੇਜ ਦਿੱਤਾ? 26 ਜਿਸ ਤਰ੍ਹਾਂ ਸਰੀਰ ਆਤਮਾ ਤੋਂ ਬਿਨ੍ਹਾਂ ਮੁਰਦਾ ਹੈ ਉਸੇ ਤਰ੍ਹਾਂ ਵਿਸ਼ਵਾਸ ਕੰਮਾਂ ਤੋਂ ਬਿਨ੍ਹਾਂ ਮੁਰਦਾ ਹੈ।