ਖੁਸ਼ ਖ਼ਬਰੀ ਦੇ ਨਮਿੱਤ ਭਲਾ ਕਰਨਾ
1 ਪਰ ਤੂੰ ਉਹ ਬਚਨ ਆਖੀਂ ਜੋ ਖਰੀ ਸਿੱਖਿਆ ਦੇ ਨਾਲ ਮੇਲ ਖਾਂਦੇ ਹੋਣ। 2 ਜੋ ਬਜ਼ੁਰਗ ਪਰਹੇਜ਼ਗਾਰ, ਗੰਭੀਰ, ਸੁਰਤ ਵਾਲੇ, ਵਿਸ਼ਵਾਸ, ਪਿਆਰ ਅਤੇ ਸਹਿਣਸ਼ੀਲਤਾ ਵਿੱਚ ਮਜ਼ਬੂਤ ਹੋਣ। 3 ਇਸੇ ਪਰਕਾਰ ਬਜ਼ੁਰਗ ਔਰਤਾਂ ਦਾ ਚਾਲ-ਚਲਣ ਵੀ ਆਦਰ ਵਾਲਾ ਹੋਵੇ, ਉਹ ਨਾ ਦੋਸ਼ ਲਾਉਣ ਵਾਲੀਆਂ, ਨਾ ਸ਼ਰਾਬ ਪੀਣ ਵਾਲੀਆਂ ਸਗੋਂ ਚੰਗੀਆਂ ਗੱਲਾਂ ਦੀ ਸਿੱਖਿਆ ਦੇਣ ਵਾਲੀਆਂ ਹੋਣ। 4 ਭਈ ਜਵਾਨ ਇਸਤਰੀਆਂ ਨੂੰ ਅਜਿਹੀ ਸਿੱਖਿਆ ਦੇਣ, ਜੋ ਓਹ ਆਪਣੇ ਪਤੀਆਂ ਅਤੇ ਬੱਚਿਆਂ ਨਾਲ ਪਿਆਰ ਕਰਨ। 5 ਸਮਝਦਾਰ, ਪਵਿੱਤਰ, ਘਰ ਸੰਭਾਲਣ ਵਾਲੀਆਂ, ਨੇਕ ਅਤੇ ਆਪਣੇ ਪਤੀਆਂ ਦੇ ਅਧੀਨ ਹੋਣ ਤਾਂ ਜੋ ਪਰਮੇਸ਼ੁਰ ਦੇ ਬਚਨ ਦੀ ਨਿੰਦਿਆ ਨਾ ਹੋਵੇ। 6 ਇਸੇ ਤਰ੍ਹਾਂ ਨੌਜਵਾਨਾਂ ਨੂੰ ਸਮਝਾ ਜੋ ਬਹੁਤੇ ਕਾਹਲੇ ਨਾ ਹੋਣ। 7 ਅਤੇ ਤੂੰ ਸਭ ਗੱਲਾਂ ਵਿੱਚ ਆਪਣੇ ਆਪ ਨੂੰ ਭਲੇ ਕੰਮਾਂ ਦਾ ਚੰਗਾ ਨਮੂਨਾ ਬਣਾ। ਤੇਰੀ ਸਿੱਖਿਆ ਗੰਭੀਰਤਾਈ ਅਤੇ ਸਚਿਆਈ ਨਾਲ ਹੋਵੇ। 8 ਤੇਰੇ ਬਚਨਾਂ ਵਿੱਚ ਖਰਿਆਈ ਹੋਵੇ ਤਾਂ ਜੋ ਵਿਰੋਧੀ ਨੂੰ ਸਾਡੇ ਉੱਤੇ ਦੋਸ਼ ਲਾਉਣ ਦਾ ਮੌਕਾ ਨਾ ਮਿਲੇ ਅਤੇ ਉਹ ਸ਼ਰਮਿੰਦੇ ਹੋਣ।