10 ਤਾਂ ਦਾਊਦ ਉੱਠਿਆ ਅਤੇ ਸ਼ਾਊਲ ਦੇ ਡਰ ਨਾਲ ਉਸੇ ਦਿਨ ਭੱਜ ਗਿਆ ਅਤੇ ਗਥ ਦੇ ਰਾਜਾ ਆਕੀਸ਼ ਦੇ ਕੋਲ ਚੱਲਿਆ ਗਿਆ। 11 ਆਕੀਸ਼ ਦੇ ਸੇਵਕਾਂ ਨੇ ਉਹ ਨੂੰ ਆਖਿਆ, ਕੀ, ਇਹ ਉਹ ਦਾਊਦ ਨਹੀਂ ਜੋ ਉਸ ਦੇਸ ਦਾ ਰਾਜਾ ਹੈ? ਅਤੇ ਉਹ ਨਹੀਂ ਜਿਸ ਦੇ ਲਈ ਉਹ ਨੱਚਦੀਆਂ ਹੋਈਆਂ ਆਪੋ ਵਿੱਚ ਗਾਉਂਦੀਆਂ ਸਨ,
ਸ਼ਾਊਲ ਨੇ ਹਜ਼ਾਰਾਂ ਨੂੰ ਮਾਰਿਆ,
ਪਰ ਦਾਊਦ ਲੱਖਾਂ ਨੂੰ?
12 ਇਹ ਗੱਲਾਂ ਦਾਊਦ ਨੇ ਆਪਣੇ ਮਨ ਵਿੱਚ ਰੱਖੀਆਂ ਅਤੇ ਗਥ ਦੇ ਰਾਜਾ ਆਕੀਸ਼ ਤੋਂ ਬਹੁਤ ਡਰਿਆ। 13 ਤਦ ਉਹ ਨੇ ਉਸ ਦੇ ਅੱਗੇ ਦੂਸਰੀ ਚਾਲ ਚਲੀ ਅਤੇ ਉਨ੍ਹਾਂ ਦੇ ਵੱਸ ਵਿੱਚ ਹੋਣ ਕਰਕੇ ਆਪ ਨੂੰ ਪਾਗਲ ਬਣਾਇਆ ਅਤੇ ਡਿਉੜ੍ਹੀ ਦੇ ਬੂਹਿਆਂ ਉੱਤੇ ਵਿਅਰਥ ਲਕੀਰਾਂ ਖਿੱਚਣ ਲੱਗਾ ਅਤੇ ਆਪਣੀਆਂ ਲਾਰਾਂ ਦਾੜ੍ਹੀ ਉੱਤੇ ਵਗਾਉਣ ਲੱਗਾ। 14 ਤਦ ਆਕੀਸ਼ ਨੇ ਆਪਣੇ ਸੇਵਕਾਂ ਨੂੰ ਆਖਿਆ, ਲਓ, ਵੇਖੋ, ਇਹ ਮਨੁੱਖ ਤਾਂ ਪਾਗਲਾਂ ਜਿਹਾ ਹੈ! ਤੁਸੀਂ ਇਹ ਨੂੰ ਮੇਰੇ ਕੋਲ ਕਿਉਂ ਨੂੰ ਲਿਆਏ ਹੋ? 15 ਭਲਾ, ਮੈਨੂੰ ਪਾਗਲਾਂ ਦੀ ਕਮੀ ਹੈ ਜੋ ਤੁਸੀਂ ਉਸ ਨੂੰ ਮੇਰੇ ਸਾਹਮਣੇ ਪਾਗਲਪੁਣਾ ਖਿਲਾਰਨ ਨੂੰ ਮੇਰੇ ਕੋਲ ਲੈ ਆਏ ਹੋ? ਕੀ, ਅਜਿਹਾ ਮਨੁੱਖ ਮੇਰੇ ਘਰ ਵਿੱਚ ਵੜ ਜਾਵੇ?