ਸਫ਼ੇਦ ਘੋੜੇ ਦਾ ਸਵਾਰ
11 ਮੈਂ ਅਕਾਸ਼ ਨੂੰ ਖੁੱਲਿਆ ਹੋਇਆ ਦੇਖਿਆ, ਤਾਂ ਕੀ ਵੇਖਦਾ ਹਾਂ ਭਈ ਇੱਕ ਚਿੱਟਾ ਘੋੜਾ ਹੈ ਅਤੇ ਉਹ ਦਾ ਸਵਾਰ "ਵਫ਼ਾਦਾਰ" ਅਤੇ "ਸੱਚਾ" ਅਖਵਾਉਂਦਾ ਹੈ ਅਤੇ ਉਹ ਧਰਮ ਨਾਲ ਨਿਆਂ ਅਤੇ ਯੁੱਧ ਕਰਦਾ ਹੈ। 12 ਉਹ ਦੀਆਂ ਅੱਖਾਂ ਅੱਗ ਦੀ ਲਾਟ ਹਨ, ਉਹ ਦੇ ਸਿਰ ਉੱਤੇ ਬਹੁਤ ਸਾਰੇ ਮੁਕਟ ਹਨ ਅਤੇ ਉਹ ਦਾ ਇੱਕ ਨਾਮ ਲਿਖਿਆ ਹੋਇਆ ਹੈ ਜਿਸ ਨੂੰ ਉਹ ਦੇ ਬਿਨ੍ਹਾਂ ਹੋਰ ਕੋਈ ਨਹੀਂ ਜਾਣਦਾ। 13 ਅਤੇ ਉਹ ਇੱਕ ਬਸਤਰ ਲਹੂ ਨਾਲ ਛਿੜਕਿਆ ਹੋਇਆ ਪਹਿਨੇ ਹੋਏ ਹੈ ਅਤੇ ਉਹ ਦਾ ਨਾਮ "ਪਰਮੇਸ਼ੁਰ ਦਾ ਸ਼ਬਦ" ਅਖਵਾਉਂਦਾ ਹੈ। 14 ਅਤੇ ਜਿਹੜੀਆਂ ਫ਼ੌਜਾਂ ਸਵਰਗ ਵਿੱਚ ਹਨ, ਉਹ ਚਿੱਟੇ ਅਤੇ ਸਾਫ਼ ਕਤਾਨੀ ਕੱਪੜੇ ਪਹਿਨੀ ਚਿੱਟੇ ਘੋੜਿਆਂ ਉੱਤੇ ਉਹ ਦੇ ਮਗਰ-ਮਗਰ ਆਉਂਦੀਆਂ ਹਨ। 15 ਅਤੇ ਉਹ ਦੇ ਮੂੰਹ ਵਿੱਚੋਂ ਇੱਕ ਤਿੱਖੀ ਤਲਵਾਰ ਨਿੱਕਲਦੀ ਹੈ ਜੋ ਉਸ ਨਾਲ ਉਹ ਕੌਮਾਂ ਨੂੰ ਮਾਰੇ ਅਤੇ ਉਹ ਲੋਹੇ ਦੇ ਡੰਡੇ ਨਾਲ ਉਹਨਾਂ ਉੱਤੇ ਹਕੂਮਤ ਕਰੇਗਾ, ਅਤੇ ਉਹ ਪਰਮੇਸ਼ੁਰ ਸਰਬ ਸ਼ਕਤੀਮਾਨ ਦੇ ਅੱਤ ਵੱਡੇ ਕ੍ਰੋਧ ਦੀ ਮੈਅ ਦੇ ਚੁਬੱਚੇ ਨੂੰ ਲਿਤਾੜਦਾ ਹੈ। 16 ਉਹ ਦੇ ਬਸਤਰ ਉੱਤੇ ਅਤੇ ਉਹ ਦੇ ਪੱਟ ਉੱਤੇ ਇਹ ਨਾਮ ਲਿਖਿਆ ਹੋਇਆ ਹੈ, - "ਰਾਜਿਆਂ ਦਾ ਰਾਜਾ ਅਤੇ ਪ੍ਰਭੂਆਂ ਦਾ ਪ੍ਰਭੂ।"
17 ਮੈਂ ਇੱਕ ਦੂਤ ਨੂੰ ਸੂਰਜ ਵਿੱਚ ਖੜ੍ਹਾ ਵੇਖਿਆ ਅਤੇ ਉਸ ਨੇ ਉਹਨਾਂ ਸਭਨਾਂ ਪੰਛੀਆਂ ਨੂੰ ਜਿਹੜੇ ਅਕਾਸ਼ ਵਿੱਚ ਉੱਡਦੇ ਹਨ ਵੱਡੀ ਅਵਾਜ਼ ਨਾਲ ਆਖਿਆ, ਆਓ ਚੱਲੋ ਅਤੇ ਪਰਮੇਸ਼ੁਰ ਦੀ ਵੱਡੀ ਦਾਵਤ ਲਈ ਇਕੱਠੇ ਹੋਵੋ! 18 ਭਈ ਤੁਸੀਂ ਰਾਜਿਆਂ ਦਾ ਮਾਸ, ਫੌਜ ਦੇ ਸਰਦਾਰਾਂ ਦਾ ਮਾਸ, ਮਹਾਂ ਬਲੀਆਂ ਦਾ ਮਾਸ, ਘੋੜਿਆਂ ਨਾਲੇ ਉਨ੍ਹਾਂ ਦੇ ਸਵਾਰਾਂ ਦਾ ਮਾਸ ਅਤੇ ਕੀ ਅਜ਼ਾਦਾਂ ਕੀ ਗੁਲਾਮਾਂ, ਕੀ ਛੋਟਿਆਂ ਕੀ ਵੱਡਿਆਂ, ਸਭਨਾਂ ਦਾ ਮਾਸ ਖਾਓ!
19 ਫੇਰ ਮੈਂ ਵੇਖਿਆ ਕਿ ਉਹ ਦਰਿੰਦਾ, ਧਰਤੀ ਦੇ ਰਾਜੇ ਅਤੇ ਉਨ੍ਹਾਂ ਦੀਆਂ ਫ਼ੌਜਾਂ ਇਕੱਠੀਆਂ ਹੋਈਆਂ ਕਿ ਉਹ ਅਤੇ ਉਹ ਦੀ ਫੌਜ ਦੇ ਨਾਲ ਯੁੱਧ ਕਰਨ, ਜਿਹੜਾ ਘੋੜੇ ਉੱਤੇ ਸਵਾਰ ਸੀ। 20 ਅਤੇ ਉਹ ਦਰਿੰਦਾ ਫੜਿਆ ਗਿਆ ਅਤੇ ਉਹ ਦੇ ਨਾਲ ਉਹ ਝੂਠਾ ਨਬੀ ਵੀ ਜਿਸ ਨੇ ਉਹ ਦੇ ਸਾਹਮਣੇ ਉਹ ਨਿਸ਼ਾਨੀਆਂ ਵਿਖਾਈਆਂ ਜਿਨ੍ਹਾਂ ਨਾਲ ਉਸ ਨੇ ਉਹਨਾਂ ਨੂੰ ਭਰਮਾਇਆ ਸੀ ਜਿਨ੍ਹਾਂ ਉਸ ਦਰਿੰਦੇ ਦਾ ਦਾਗ ਲੁਆਇਆ ਸੀ, ਅਤੇ ਉਹਨਾਂ ਨੂੰ ਜਿਹੜੇ ਉਹ ਦੀ ਮੂਰਤੀ ਪੂਜਾ ਕਰਦੇ ਸਨ। ਇਹ ਦੋਵੇਂ ਉਸ ਅੱਗ ਦੀ ਝੀਲ ਵਿੱਚ ਜਿਹੜੀ ਗੰਧਕ ਨਾਲ ਬਲਦੀ ਹੈ ਜਿਉਂਦੇ ਜੀ ਸੁੱਟੇ ਗਏ! 21 ਅਤੇ ਹੋਰ ਸਭ ਉਸ ਘੋੜੇ ਦੇ ਸਵਾਰ ਦੀ ਤਲਵਾਰ ਨਾਲ ਜੋ ਉਹ ਦੇ ਮੂੰਹ ਵਿੱਚੋਂ ਨਿੱਕਲਦੀ ਸੀ ਵੱਢੇ ਗਏ ਅਤੇ ਸਾਰੇ ਪੰਛੀ ਉਹਨਾਂ ਦੇ ਮਾਸ ਨਾਲ ਰੱਜ ਗਏ।