Pular para o conteúdo
Publicidade

ਯੂਹੰਨਾ ਦੇ ਪਰਕਾਸ਼ ਦੀ ਪੋਥੀ 7

ਇਸਰਾਏਲ ਦੇ 1,44,000 ਲੋਕ

1 ਇਸ ਤੋਂ ਬਾਅਦ ਮੈਂ ਧਰਤੀ ਦੇ ਚਾਰੋਂ ਕੋਨਿਆਂ ਉੱਤੇ ਚਾਰ ਦੂਤ ਖੜ੍ਹੇ ਵੇਖੇ, ਜਿਨ੍ਹਾਂ ਧਰਤੀ ਦੀਆਂ ਚਾਰਾਂ ਪੌਣਾਂ ਨੂੰ ਫੜ੍ਹਿਆ ਹੋਇਆ ਸੀ ਤਾਂ ਜੋ ਪੌਣ ਧਰਤੀ ਉੱਤੇ ਜਾਂ ਸਮੁੰਦਰ ਉੱਤੇ ਜਾਂ ਕਿਸੇ ਰੁੱਖ ਉੱਤੇ ਨਾ ਵਗੇ। 2 ਅਤੇ ਮੈਂ ਇੱਕ ਹੋਰ ਦੂਤ ਨੂੰ ਜਿਹ ਦੇ ਕੋਲ ਜਿਉਂਦੇ ਪਰਮੇਸ਼ੁਰ ਦੀ ਮੋਹਰ ਸੀ, ਚੜ੍ਹਦੇ ਪਾਸਿਓਂ ਉੱਠਦਾ ਵੇਖਿਆ ਅਤੇ ਉਸ ਨੇ ਉਹਨਾਂ ਚਾਰਾਂ ਦੂਤਾਂ ਨੂੰ ਜਿਨ੍ਹਾਂ ਨੂੰ ਇਹ ਦਿੱਤਾ ਗਿਆ ਸੀ ਕਿ ਧਰਤੀ ਅਤੇ ਸਮੁੰਦਰ ਦਾ ਵਿਗਾੜ ਕਰਨ, ਵੱਡੀ ਅਵਾਜ਼ ਨਾਲ ਪੁਕਾਰ ਕੇ ਆਖਿਆ। 3 ਜਿਨ੍ਹਾਂ ਸਮਾਂ ਅਸੀਂ ਆਪਣੇ ਪਰਮੇਸ਼ੁਰ ਦੇ ਦਾਸਾਂ ਦੇ ਮੱਥੇ ਉੱਤੇ ਮੋਹਰ ਨਾ ਲਾਈਏ, ਤੁਸੀਂ ਧਰਤੀ ਜਾਂ ਸਮੁੰਦਰ ਜਾਂ ਰੁੱਖਾਂ ਦਾ ਵਿਗਾੜ ਨਾ ਕਰੋ। 4 ਅਤੇ ਜਿਨ੍ਹਾਂ ਉੱਤੇ ਮੋਹਰ ਲੱਗੀ ਮੈਂ ਉਹਨਾਂ ਦੀ ਗਿਣਤੀ ਸੁਣੀ ਤਾਂ ਇਸਰਾਏਲ ਦੇ ਵੰਸ਼ ਦੇ ਸਭਨਾਂ ਗੋਤਾਂ ਵਿੱਚੋਂ ਇੱਕ ਲੱਖ ਚੁਤਾਲੀ ਹਜ਼ਾਰ ਉੱਤੇ ਮੋਹਰ ਲੱਗੀ - 5 ਯਹੂਦਾਹ ਦੇ ਗੋਤ ਵਿੱਚੋਂ ਬਾਰਾਂ ਹਜ਼ਾਰ ਉੱਤੇ ਮੋਹਰ ਲੱਗੀ। ਰੂਬੇਨ ਦੇ ਗੋਤ ਵਿੱਚੋਂ ਬਾਰਾਂ ਹਜ਼ਾਰ, ਗਾਦ ਦੇ ਗੋਤ ਵਿੱਚੋਂ ਬਾਰਾਂ ਹਜ਼ਾਰ, 6 ਆਸ਼ੇਰ ਦੇ ਗੋਤ ਵਿੱਚੋਂ ਬਾਰਾਂ ਹਜ਼ਾਰ, ਨਫ਼ਥਾਲੀ ਦੇ ਗੋਤ ਵਿੱਚੋਂ ਬਾਰਾਂ ਹਜ਼ਾਰ, ਮਨੱਸ਼ਹ ਦੇ ਗੋਤ ਵਿੱਚੋਂ ਬਾਰਾਂ ਹਜ਼ਾਰ, 7 ਸ਼ਮਊਨ ਦੇ ਗੋਤ ਵਿੱਚੋਂ ਬਾਰਾਂ ਹਜ਼ਾਰ, ਲੇਵੀ ਦੇ ਗੋਤ ਵਿੱਚੋਂ ਬਾਰਾਂ ਹਜ਼ਾਰ, ਯਿੱਸਾਕਾਰ ਦੇ ਗੋਤ ਵਿੱਚੋਂ ਬਾਰਾਂ ਹਜ਼ਾਰ, 8 ਜ਼ਬੂਲੁਨ ਦੇ ਗੋਤ ਵਿੱਚੋਂ ਬਾਰਾਂ ਹਜ਼ਾਰ, ਯੂਸੁਫ਼ ਦੇ ਗੋਤ ਵਿੱਚੋਂ ਬਾਰਾਂ ਹਜ਼ਾਰ ਅਤੇ ਬਿਨਯਾਮੀਨ ਦੇ ਗੋਤ ਵਿੱਚੋਂ ਬਾਰਾਂ ਹਜ਼ਾਰ ਉੱਤੇ ਮੋਹਰ ਲੱਗੀ।

ਇੱਕ ਵੱਡੀ ਭੀੜ

9 ਇਸ ਤੋਂ ਬਾਅਦ ਮੈਂ ਨਿਗਾਹ ਕੀਤੀ ਤਾਂ ਕੀ ਵੇਖਦਾ ਹਾਂ ਕਿ ਹਰੇਕ ਕੌਮ ਵਿੱਚੋਂ ਅਤੇ ਸਭਨਾਂ ਗੋਤਾਂ, ਉੱਮਤਾਂ ਅਤੇ ਭਾਸ਼ਾ ਵਿੱਚੋਂ ਇੱਕ ਵੱਡੀ ਭੀੜ ਜਿਹ ਦੀ ਗਿਣਤੀ ਕਿਸੇ ਕੋਲੋਂ ਨਹੀਂ ਹੁੰਦੀ ਚਿੱਟੇ ਬਸਤਰ ਪਹਿਨੇ ਅਤੇ ਖਜ਼ੂਰ ਦੀਆਂ ਟਹਿਣੀਆਂ ਹੱਥਾਂ ਵਿੱਚ ਲੈ ਕੇ ਸਿੰਘਾਸਣ ਦੇ ਸਾਹਮਣੇ ਅਤੇ ਲੇਲੇ ਦੇ ਸਾਹਮਣੇ ਖੜ੍ਹੀ ਹੈ। 10 ਅਤੇ ਇਹ ਵੱਡੀ ਅਵਾਜ਼ ਨਾਲ ਪੁਕਾਰ ਕੇ ਕਹਿੰਦੇ ਹਨ, - ਮੁਕਤੀ ਸਾਡੇ ਪਰਮੇਸ਼ੁਰ ਵੱਲੋਂ, ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਹੈ, ਅਤੇ ਲੇਲੇ ਵੱਲੋਂ ਹੈ!। 11 ਸਾਰੇ ਦੂਤ ਸਿੰਘਾਸਣ ਦੇ ਅਤੇ ਬਜ਼ੁਰਗਾਂ ਦੇ ਅਤੇ ਚਾਰਾਂ ਪ੍ਰਾਣੀਆਂ ਦੇ ਆਲੇ-ਦੁਆਲੇ ਖੜ੍ਹੇ ਸਨ ਤਾਂ ਉਹ ਸਿੰਘਾਸਣ ਦੇ ਸਾਹਮਣੇ ਮੂੰਹ ਦੇ ਭਾਰ ਡਿੱਗ ਪਏ ਅਤੇ ਪਰਮੇਸ਼ੁਰ ਨੂੰ ਮੱਥਾ ਟੇਕਿਆ। 12 ਅਤੇ ਬੋਲੇ, - ਆਮੀਨ! ਸਾਡੇ ਪਰਮੇਸ਼ੁਰ ਦਾ ਧੰਨਵਾਦ, ਮਹਿਮਾ, ਬੁੱਧ, ਸ਼ੁਕਰ, ਮਾਣ, ਸਮਰੱਥਾ ਅਤੇ ਸ਼ਕਤੀ ਜੁੱਗੋ-ਜੁੱਗ ਹੋਵੇ! ਆਮੀਨ। 13 ਉਹਨਾਂ ਬਜ਼ੁਰਗਾਂ ਵਿੱਚੋਂ ਇੱਕ ਨੇ ਅੱਗੋਂ ਮੈਨੂੰ ਇਹ ਕਹਿ ਕੇ ਪੁੱਛਿਆ ਭਈ ਇਹ ਜਿਨ੍ਹਾਂ ਚਿੱਟੇ ਬਸਤਰ ਪਹਿਨੇ ਹਨ ਕੌਣ ਹਨ ਅਤੇ ਕਿੱਥੋਂ ਆਏ? 14 ਫੇਰ ਮੈਂ ਉਹ ਨੂੰ ਆਖਿਆ, ਹੇ ਮੇਰੇ ਪ੍ਰਭੂ ਜੀ, ਤੁਸੀਂ ਜਾਣੋ। ਤਾਂ ਉਸ ਨੇ ਮੈਨੂੰ ਆਖਿਆ, ਇਹ ਉਹ ਹਨ ਜਿਹੜੇ ਵੱਡੀ ਬਿਪਤਾ ਵਿੱਚੋਂ ਆਉਂਦੇ ਹਨ ਅਤੇ ਉਹਨਾਂ ਆਪਣੇ ਬਸਤਰ ਲੇਲੇ ਦੇ ਲਹੂ ਨਾਲ ਧੋਤੇ ਅਤੇ ਉਨ੍ਹਾਂ ਨੂੰ ਚਿੱਟਾ ਕੀਤਾ। 15 ਇਸ ਕਰਕੇ ਉਹ ਪਰਮੇਸ਼ੁਰ ਦੇ ਸਿੰਘਾਸਣ ਦੇ ਸਾਹਮਣੇ ਹਨ, ਅਤੇ ਉਹ ਦੀ ਹੈਕਲ ਵਿੱਚ ਰਾਤ-ਦਿਨ ਉਹ ਦੀ ਬੰਦਗੀ ਕਰਦੇ ਹਨ, ਅਤੇ ਉਹ ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਹੈ ਉਹ ਉਹਨਾਂ ਦੇ ਵਿਚਕਾਰ ਆਪਣਾ ਡੇਰਾ ਲਗਾਵੇਗਾ। 16 ਉਹ ਫੇਰ ਭੁੱਖੇ ਨਾ ਹੋਣਗੇ, ਨਾ ਫੇਰ ਤਿਹਾਏ ਹੋਣਗੇ, ਨਾ ਧੁੱਪ, ਨਾ ਕੋਈ ਲੂ ਉਹਨਾਂ ਉੱਤੇ ਪਵੇਗੀ, 17 ਕਿਉਂ ਜੋ ਲੇਲਾ ਜਿਹੜਾ ਸਿੰਘਾਸਣ ਦੇ ਵਿਚਕਾਰ ਹੈ, ਉਹਨਾਂ ਦਾ ਅਯਾਲੀ ਹੋਵੇਗਾ, ਅਤੇ ਉਹਨਾਂ ਨੂੰ ਅੰਮ੍ਰਿਤ ਜਲ ਦੇ ਸੋਤਿਆਂ ਕੋਲ ਲੈ ਜਾਵੇਗਾ, ਅਤੇ ਪਰਮੇਸ਼ੁਰ ਉਹਨਾਂ ਦੀਆਂ ਅੱਖਾਂ ਤੋਂ ਹਰੇਕ ਹੰਝੂ ਪੂੰਝੇਗਾ।

Estes versículos te tocaram? Ore agora!

+581 estão orando agora.

Junte-se à corrente de oração.