ਇਸਰਾਏਲ ਦੇ 1,44,000 ਲੋਕ
1 ਇਸ ਤੋਂ ਬਾਅਦ ਮੈਂ ਧਰਤੀ ਦੇ ਚਾਰੋਂ ਕੋਨਿਆਂ ਉੱਤੇ ਚਾਰ ਦੂਤ ਖੜ੍ਹੇ ਵੇਖੇ, ਜਿਨ੍ਹਾਂ ਧਰਤੀ ਦੀਆਂ ਚਾਰਾਂ ਪੌਣਾਂ ਨੂੰ ਫੜ੍ਹਿਆ ਹੋਇਆ ਸੀ ਤਾਂ ਜੋ ਪੌਣ ਧਰਤੀ ਉੱਤੇ ਜਾਂ ਸਮੁੰਦਰ ਉੱਤੇ ਜਾਂ ਕਿਸੇ ਰੁੱਖ ਉੱਤੇ ਨਾ ਵਗੇ। 2 ਅਤੇ ਮੈਂ ਇੱਕ ਹੋਰ ਦੂਤ ਨੂੰ ਜਿਹ ਦੇ ਕੋਲ ਜਿਉਂਦੇ ਪਰਮੇਸ਼ੁਰ ਦੀ ਮੋਹਰ ਸੀ, ਚੜ੍ਹਦੇ ਪਾਸਿਓਂ ਉੱਠਦਾ ਵੇਖਿਆ ਅਤੇ ਉਸ ਨੇ ਉਹਨਾਂ ਚਾਰਾਂ ਦੂਤਾਂ ਨੂੰ ਜਿਨ੍ਹਾਂ ਨੂੰ ਇਹ ਦਿੱਤਾ ਗਿਆ ਸੀ ਕਿ ਧਰਤੀ ਅਤੇ ਸਮੁੰਦਰ ਦਾ ਵਿਗਾੜ ਕਰਨ, ਵੱਡੀ ਅਵਾਜ਼ ਨਾਲ ਪੁਕਾਰ ਕੇ ਆਖਿਆ। 3 ਜਿਨ੍ਹਾਂ ਸਮਾਂ ਅਸੀਂ ਆਪਣੇ ਪਰਮੇਸ਼ੁਰ ਦੇ ਦਾਸਾਂ ਦੇ ਮੱਥੇ ਉੱਤੇ ਮੋਹਰ ਨਾ ਲਾਈਏ, ਤੁਸੀਂ ਧਰਤੀ ਜਾਂ ਸਮੁੰਦਰ ਜਾਂ ਰੁੱਖਾਂ ਦਾ ਵਿਗਾੜ ਨਾ ਕਰੋ। 4 ਅਤੇ ਜਿਨ੍ਹਾਂ ਉੱਤੇ ਮੋਹਰ ਲੱਗੀ ਮੈਂ ਉਹਨਾਂ ਦੀ ਗਿਣਤੀ ਸੁਣੀ ਤਾਂ ਇਸਰਾਏਲ ਦੇ ਵੰਸ਼ ਦੇ ਸਭਨਾਂ ਗੋਤਾਂ ਵਿੱਚੋਂ ਇੱਕ ਲੱਖ ਚੁਤਾਲੀ ਹਜ਼ਾਰ ਉੱਤੇ ਮੋਹਰ ਲੱਗੀ - 5 ਯਹੂਦਾਹ ਦੇ ਗੋਤ ਵਿੱਚੋਂ ਬਾਰਾਂ ਹਜ਼ਾਰ ਉੱਤੇ ਮੋਹਰ ਲੱਗੀ। ਰੂਬੇਨ ਦੇ ਗੋਤ ਵਿੱਚੋਂ ਬਾਰਾਂ ਹਜ਼ਾਰ, ਗਾਦ ਦੇ ਗੋਤ ਵਿੱਚੋਂ ਬਾਰਾਂ ਹਜ਼ਾਰ, 6 ਆਸ਼ੇਰ ਦੇ ਗੋਤ ਵਿੱਚੋਂ ਬਾਰਾਂ ਹਜ਼ਾਰ, ਨਫ਼ਥਾਲੀ ਦੇ ਗੋਤ ਵਿੱਚੋਂ ਬਾਰਾਂ ਹਜ਼ਾਰ, ਮਨੱਸ਼ਹ ਦੇ ਗੋਤ ਵਿੱਚੋਂ ਬਾਰਾਂ ਹਜ਼ਾਰ, 7 ਸ਼ਮਊਨ ਦੇ ਗੋਤ ਵਿੱਚੋਂ ਬਾਰਾਂ ਹਜ਼ਾਰ, ਲੇਵੀ ਦੇ ਗੋਤ ਵਿੱਚੋਂ ਬਾਰਾਂ ਹਜ਼ਾਰ, ਯਿੱਸਾਕਾਰ ਦੇ ਗੋਤ ਵਿੱਚੋਂ ਬਾਰਾਂ ਹਜ਼ਾਰ, 8 ਜ਼ਬੂਲੁਨ ਦੇ ਗੋਤ ਵਿੱਚੋਂ ਬਾਰਾਂ ਹਜ਼ਾਰ, ਯੂਸੁਫ਼ ਦੇ ਗੋਤ ਵਿੱਚੋਂ ਬਾਰਾਂ ਹਜ਼ਾਰ ਅਤੇ ਬਿਨਯਾਮੀਨ ਦੇ ਗੋਤ ਵਿੱਚੋਂ ਬਾਰਾਂ ਹਜ਼ਾਰ ਉੱਤੇ ਮੋਹਰ ਲੱਗੀ।