ਪਰਮੇਸ਼ੁਰ ਦੇ ਪੁੱਤਰ ਦੀ ਸ਼੍ਰੇਸ਼ਠਤਾ
15 ਉਹ ਮਹਾਨ ਪਰਮੇਸ਼ੁਰ ਦਾ ਰੂਪ ਅਤੇ ਸਾਰੀ ਸਰਿਸ਼ਟ ਵਿੱਚੋਂ ਪਹਿਲੌਠਾ ਹੈ। 16 ਕਿਉਂ ਜੋ ਅਕਾਸ਼ ਅਤੇ ਧਰਤੀ ਉੱਤੇ ਸਾਰੀਆਂ ਵਸਤਾਂ ਉਸੇ ਤੋਂ ਉਤਪਤ ਹੋਈਆਂ, ਨਾਲੇ ਦਿੱਸਣ ਵਾਲੀਆਂ, ਨਾਲੇ ਨਾ ਦਿੱਸਣ ਵਾਲੀਆਂ, ਕੀ ਸਿੰਘਾਸਣ, ਕੀ ਰਿਆਸਤਾਂ, ਕੀ ਸਰਕਾਰਾਂ, ਕੀ ਅਧਿਕਾਰ, ਸੱਭੋ ਕੁਝ ਉਸ ਦੇ ਦੁਆਰਾ ਅਤੇ ਉਸੇ ਦੇ ਲਈ ਉਤਪਤ ਹੋਇਆ ਹੈ। 17 ਅਤੇ ਉਹ ਸਭ ਤੋਂ ਪਹਿਲਾਂ ਹੈ ਅਤੇ ਸੱਭੋ ਕੁਝ ਉਸੇ ਵਿੱਚ ਸਥਿਰ ਰਹਿੰਦਾ ਹੈ। 18 ਅਤੇ ਉਹ ਸਰੀਰ ਦਾ ਅਰਥਾਤ ਕਲੀਸਿਯਾ ਦਾ ਸਿਰ ਹੈ, ਉਹ ਹੀ ਆਦ ਹੈ ਅਤੇ ਮੁਰਦਿਆਂ ਵਿੱਚੋਂ ਪਹਿਲੌਠਾ ਹੈ ਕਿ ਉਹ ਸਭਨਾਂ ਗੱਲਾਂ ਵਿੱਚ ਪਰਧਾਨ ਹੋਵੇ। 19 ਕਿਉਂ ਜੋ ਪਰਮੇਸ਼ੁਰ ਨੂੰ ਇਹ ਚੰਗਾ ਲੱਗਾ ਜੋ ਸਾਰੀ ਸੰਪੂਰਨਤਾਈ ਉਸ ਵਿੱਚ ਵੱਸੇ। 20 ਅਤੇ ਉਸ ਦੀ ਸਲੀਬ ਦੇ ਲਹੂ ਦੇ ਵਸੀਲੇ ਮੇਲ ਕਰਾ ਕੇ ਧਰਤੀ ਉੱਤੇ ਅਤੇ ਅਕਾਸ਼ ਉੱਤੇ ਸਾਰੀਆਂ ਵਸਤਾਂ ਨੂੰ ਉਹ ਦੇ ਰਾਹੀਂ, ਹਾਂ, ਉਸੇ ਦੇ ਰਾਹੀਂ ਆਪਣੇ ਨਾਲ ਮੇਲ ਮਿਲਾਵੇ।