ਪਰਮੇਸ਼ਵਰ ਦੇ ਪੁੱਤਰ ਦੀ ਸਰਬੋਤਮਤਾ
15 ਪੁੱਤਰ ਅਦਿੱਖ ਪਰਮੇਸ਼ਵਰ ਦਾ ਸਰੂਪ ਅਤੇ ਉਹ ਸਾਰੀ ਸ੍ਰਿਸ਼ਟੀ ਦਾ ਜੇਠਾ ਪੁੱਤਰ ਹੈ। 16 ਉਸ ਵਿੱਚ ਸਾਰੀਆਂ ਚੀਜ਼ਾਂ ਸਾਜੀਆਂ ਗਈਆਂ ਸਨ: ਸਵਰਗ ਅਤੇ ਧਰਤੀ ਦੀਆਂ ਚੀਜ਼ਾਂ, ਦ੍ਰਿਸ਼ਮਾਨ ਅਤੇ ਅਦਿੱਖ, ਸਿੰਘਾਸਣਾਂ ਅਤੇ ਸ਼ਕਤੀਆਂ, ਹਾਕਮ ਜਾਂ ਅਧਿਕਾਰੀ, ਸਭ ਕੁਝ ਉਸ ਦੁਆਰਾ ਅਤੇ ਉਸ ਲਈ ਬਣਾਇਆ ਗਿਆ ਹੈ। 17 ਸਾਰੀ ਸ੍ਰਿਸ਼ਟੀ ਵਿੱਚ ਉਹ ਪਹਿਲਾਂ ਹੈ ਅਤੇ ਸਾਰੀ ਸ੍ਰਿਸ਼ਟੀ ਉਸ ਵਿੱਚ ਟਿਕੀ ਹੋਈ ਹੈ।1:17 ਪ੍ਰਕਾ 1:8 18 ਅਤੇ ਉਹ ਸਰੀਰ, ਅਰਥਾਤ ਕਲੀਸਿਆ ਦਾ ਸਿਰ ਹੈ; ਉਹ ਸ਼ੁਰੂਆਤ ਅਤੇ ਮੁਰਦਿਆਂ ਵਿੱਚੋਂ ਜੇਠਾ ਹੈ, ਤਾਂ ਕਿ ਹਰ ਚੀਜ਼ ਵਿੱਚ ਉਹ ਸਰਬੋਤਮ ਹੋਣ। 19 ਕਿਉਂਕਿ ਪਰਮੇਸ਼ਵਰ ਆਪਣੀ ਸਾਰੀ ਸੰਪੂਰਨਤਾ ਵਿੱਚ ਉਹਨਾਂ ਵਿੱਚ ਵੱਸਣ ਲਈ ਪ੍ਰਸੰਨ ਸੀ। 20 ਅਤੇ ਉਸ ਦੇ ਦੁਆਰਾ ਸਾਰੀਆਂ ਚੀਜ਼ਾਂ ਨੂੰ ਆਪਣੇ ਨਾਲ ਮੇਲ ਕਰਨ ਲਈ, ਚਾਹੇ ਧਰਤੀ ਉੱਤੇ ਚੀਜ਼ਾਂ ਹੋਣ ਜਾਂ ਸਵਰਗ ਵਿੱਚ, ਉਸ ਦਾ ਲਹੂ ਸਲੀਬ ਉੱਤੇ ਵਹਾਇਆ ਗਿਆ ਤਾਂ ਕਿ ਸ਼ਾਂਤੀ ਦੀ ਸਥਾਪਨਾ ਹੋ ਸਕੇ।