Pular para o conteúdo
Publicidade

ਏਜ਼ਰਾ 5

ਤਤਨਈ ਦੀ ਦਾਰਾ ਨੂੰ ਚਿੱਠੀ

1 ਹੁਣ ਹੱਜਈ ਨਬੀ ਅਤੇ ਜ਼ਕਰਯਾਹ ਨਬੀ, ਜੋ ਇੱਦੋ ਦੇ ਵੰਸ਼ ਵਿੱਚੋਂ ਸੀ, ਨੇ ਯਹੂਦਾਹ ਅਤੇ ਯੇਰੂਸ਼ਲੇਮ ਵਿੱਚ ਯਹੂਦੀਆਂ ਨੂੰ ਇਸਰਾਏਲ ਦੇ ਪਰਮੇਸ਼ਵਰ ਦੇ ਨਾਮ ਉੱਤੇ, ਜੋ ਉਹਨਾਂ ਉੱਤੇ ਸੀ, ਭਵਿੱਖਬਾਣੀ ਕੀਤੀ। 2 ਤਦ ਸ਼ਅਲਤੀਏਲ ਦਾ ਪੁੱਤਰ ਜ਼ਰੁੱਬਾਬਲ ਅਤੇ ਯੋਸਾਦਾਕ ਦਾ ਪੁੱਤਰ ਯੇਸ਼ੂਆ ਯੇਰੂਸ਼ਲੇਮ ਵਿੱਚ ਪਰਮੇਸ਼ਵਰ ਦੇ ਭਵਨ ਨੂੰ ਦੁਬਾਰਾ ਬਣਾਉਣ ਲਈ ਕੰਮ ਕਰਨ ਲੱਗੇ ਅਤੇ ਪਰਮੇਸ਼ਵਰ ਦੇ ਨਬੀ ਉਹਨਾਂ ਦੇ ਨਾਲ ਮਿਲ ਕੇ ਉਹਨਾਂ ਦਾ ਸਮਰਥਨ ਕਰਦੇ ਸਨ।

3 ਉਸ ਸਮੇਂ ਦਰਿਆ ਪਾਰ ਦਾ ਹਾਕਮ ਤਤਨਈ ਤੇ ਸਥਰ-ਬੋਜ਼ਨਈ ਅਤੇ ਉਨ੍ਹਾਂ ਦੇ ਸਾਥੀ ਯਹੂਦੀਆਂ ਦੇ ਕੋਲ ਆ ਕੇ ਪੁੱਛਣ ਲੱਗੇ, "ਕਿਸ ਦੀ ਆਗਿਆ ਨਾਲ ਤੁਸੀਂ ਇਸ ਭਵਨ ਨੂੰ ਬਣਾਉਂਦੇ ਅਤੇ ਇਸ ਦੀਆਂ ਕੰਧਾਂ ਨੂੰ ਖੜ੍ਹਾ ਕਰ ਰਹੇ ਹੋ?" 4 ਉਹਨਾਂ ਨੇ ਇਹ ਵੀ ਪੁੱਛਿਆ ਕਿ "ਜਿਹੜੇ ਲੋਕ ਇਸ ਭਵਨ ਨੂੰ ਬਣਾ ਰਹੇ ਹਨ ਉਹਨਾਂ ਦੇ ਕੀ ਨਾਮ ਹਨ?" 5 ਪਰ ਪਰਮੇਸ਼ਵਰ ਦੀ ਨਜ਼ਰ ਯਹੂਦੀ ਬਜ਼ੁਰਗਾਂ ਉੱਤੇ ਸੀ, ਇਸ ਲਈ ਜਦੋਂ ਤੱਕ ਇਹ ਗੱਲ ਦਾਰਾ ਤੱਕ ਨਾ ਪਹੁੰਚੀ ਅਤੇ ਇਸ ਦੇ ਬਾਰੇ ਚਿੱਠੀ ਦੇ ਰਾਹੀਂ ਉੱਤਰ ਨਾ ਮਿਲਿਆ, ਤਦ ਤੱਕ ਉਨ੍ਹਾਂ ਨੇ ਉਹਨਾਂ ਨੂੰ ਨਾ ਰੋਕਿਆ।

6 ਇਹ ਹੈ ਉਸ ਚਿੱਠੀ ਦੀ ਨਕਲ ਜੋ ਦਰਿਆ ਪਾਰ ਦੇ ਹਾਕਮ ਤਤਨਈ ਤੇ ਸਥਰ-ਬੋਜ਼ਨਈ ਤੇ ਉਨ੍ਹਾਂ ਦੇ ਅਫਰਸਕਾਈ ਸਾਥੀਆਂ ਨੇ ਜੋ ਦਰਿਆ ਪਾਰ ਦੇ ਸਨ ਦਾਰਾ ਰਾਜਾ ਨੂੰ ਭੇਜੀ ਸੀ। 7 ਜੋ ਚਿੱਠੀ ਉਹਨਾਂ ਭੇਜੀ ਸੀ ਉਹ ਇਸ ਪ੍ਰਕਾਰ ਹੈ:

ਰਾਜਾ ਦਾਰਾ ਨੂੰ

ਦਿਲੋਂ ਸ਼ੁਭਕਾਮਨਾਵਾਂ।

8 ਰਾਜਾ ਨੂੰ ਖ਼ਬਰ ਹੋਵੇ ਕਿ ਅਸੀਂ ਯਹੂਦਾਹ ਦੇ ਜ਼ਿਲ੍ਹੇ ਵਿੱਚ, ਮਹਾਨ ਪਰਮੇਸ਼ਵਰ ਦੇ ਭਵਨ ਵਿੱਚ ਗਏ ਸੀ। ਉਹ ਵੱਡੇ-ਵੱਡੇ ਪੱਥਰਾਂ ਨਾਲ ਬਣ ਰਿਹਾ ਹੈ ਅਤੇ ਕੰਧਾਂ ਵਿੱਚ ਕੜੀਆਂ ਜੋੜੀਆਂ ਜਾ ਰਹੀਆਂ ਹਨ ਅਤੇ ਇਹ ਕੰਮ ਉਨ੍ਹਾਂ ਲੋਕਾਂ ਦੁਆਰਾ ਬਹੁਤ ਤੇਜ਼ੀ ਨਾਲ ਹੋ ਰਿਹਾ ਹੈ ਅਤੇ ਸਫ਼ਲ ਵੀ ਹੋ ਰਿਹਾ ਹੈ।

9 ਅਸੀਂ ਬਜ਼ੁਰਗਾਂ ਨੂੰ ਸਵਾਲ ਕੀਤਾ ਅਤੇ ਉਹਨਾਂ ਨੂੰ ਪੁੱਛਿਆ, "ਤੁਹਾਨੂੰ ਇਸ ਭਵਨ ਨੂੰ ਦੁਬਾਰਾ ਬਣਾਉਣ ਅਤੇ ਇਸਨੂੰ ਪੂਰਾ ਕਰਨ ਦਾ ਅਧਿਕਾਰ ਕਿਸਨੇ ਦਿੱਤਾ ਹੈ?" 10 ਅਸੀਂ ਉਹਨਾਂ ਤੋਂ ਉਹਨਾਂ ਦੇ ਨਾਮ ਵੀ ਪੁੱਛੇ ਤਾਂ ਜੋ ਅਸੀਂ ਤੁਹਾਡੀ ਜਾਣਕਾਰੀ ਲਈ ਉਹਨਾਂ ਦੇ ਆਗੂਆਂ ਦੇ ਨਾਮ ਲਿਖ ਸਕੀਏ।

11 ਇਹ ਉਹ ਉੱਤਰ ਹੈ ਜੋ ਉਹਨਾਂ ਨੇ ਸਾਨੂੰ ਦਿੱਤਾ:

"ਅਸੀਂ ਅਕਾਸ਼ ਅਤੇ ਧਰਤੀ ਦੇ ਪਰਮੇਸ਼ਵਰ ਦੇ ਸੇਵਕ ਹਾਂ, ਅਤੇ ਅਸੀਂ ਉਸ ਭਵਨ ਨੂੰ ਦੁਬਾਰਾ ਬਣਾ ਰਹੇ ਹਾਂ ਜਿਸ ਨੂੰ ਬਹੁਤ ਸਾਲ ਪਹਿਲਾਂ ਇਸਰਾਏਲ ਦੇ ਇੱਕ ਵੱਡੇ ਰਾਜਾ ਨੇ ਬਣਾਇਆ ਤੇ ਪੂਰਾ ਕੀਤਾ ਸੀ। 12 ਪਰ ਕਿਉਂਕਿ ਸਾਡੇ ਪੁਰਖਿਆਂ ਨੇ ਅਕਾਸ਼ ਦੇ ਪਰਮੇਸ਼ਵਰ ਨੂੰ ਨਾਰਾਜ਼ ਕੀਤਾ, ਉਸ ਨੇ ਉਹਨਾਂ ਨੂੰ ਬਾਬੇਲ ਦੇ ਰਾਜੇ ਨਬੂਕਦਨੱਸਰ ਕਸਦੀ ਦੇ ਹੱਥ ਵਿੱਚ ਦੇ ਦਿੱਤਾ, ਜਿਸ ਨੇ ਇਸ ਭਵਨ ਨੂੰ ਢਾਹ ਦਿੱਤਾ ਅਤੇ ਲੋਕਾਂ ਨੂੰ ਬੰਦੀ ਬਣਾ ਬਾਬੇਲ ਨੂੰ ਲੈ ਗਿਆ।

13 "ਪਰ ਬਾਬੇਲ ਦੇ ਰਾਜੇ ਕੋਰਸ਼ ਦੇ ਪਹਿਲੇ ਸਾਲ ਵਿੱਚ, ਰਾਜਾ ਕੋਰਸ਼ ਨੇ ਪਰਮੇਸ਼ਵਰ ਦੇ ਇਸ ਭਵਨ ਨੂੰ ਦੁਬਾਰਾ ਬਣਾਉਣ ਦਾ ਫ਼ਰਮਾਨ ਜਾਰੀ ਕੀਤਾ। 14 ਪਰਮੇਸ਼ਵਰ ਦੇ ਭਵਨ ਦੇ ਸੋਨੇ ਤੇ ਚਾਂਦੀ ਦੇ ਭਾਂਡਿਆਂ ਨੂੰ ਵੀ ਜਿਨ੍ਹਾਂ ਨੂੰ ਨਬੂਕਦਨੱਸਰ ਯੇਰੂਸ਼ਲੇਮ ਦੇ ਮੰਦਰ ਵਿੱਚੋਂ ਕੱਢ ਕੇ ਬਾਬੇਲ ਦੇ ਮੰਦਰ ਵਿੱਚ ਲੈ ਗਿਆ ਸੀ, ਕੋਰਸ਼ ਰਾਜਾ ਨੇ ਬਾਬੇਲ ਦੇ ਮੰਦਰ ਵਿੱਚੋਂ ਕਢਵਾਇਆ ਅਤੇ ਉਨ੍ਹਾਂ ਨੂੰ ਸ਼ੇਸ਼ਬੱਸਰ ਨਾਮਕ ਇੱਕ ਪੁਰਖ ਨੂੰ ਜਿਸ ਨੂੰ ਉਸ ਨੇ ਹਾਕਮ ਬਣਾਇਆ ਸੀ, ਸੌਂਪ ਦਿੱਤਾ, 15 ਅਤੇ ਉਸ ਨੇ ਉਸ ਨੂੰ ਆਖਿਆ, ‘ਇਹ ਚੀਜ਼ਾਂ ਲੈ ਜਾ ਅਤੇ ਯੇਰੂਸ਼ਲੇਮ ਦੇ ਮੰਦਰ ਵਿੱਚ ਰੱਖ ਅਤੇ ਪਰਮੇਸ਼ਵਰ ਦੇ ਘਰ ਨੂੰ ਉਸ ਦੇ ਸਥਾਨ ਉੱਤੇ ਦੁਬਾਰਾ ਬਣਾਉ।’

16 "ਇਸ ਲਈ ਇਸ ਸ਼ੇਸ਼ਬੱਸਰ ਨੇ ਆ ਕੇ ਯੇਰੂਸ਼ਲੇਮ ਵਿੱਚ ਪਰਮੇਸ਼ਵਰ ਦੇ ਭਵਨ ਦੀ ਨੀਂਹ ਰੱਖੀ ਅਤੇ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਇਹ ਬਣ ਰਿਹਾ ਹੈ ਪਰ ਅਜੇ ਪੂਰਾ ਨਹੀਂ ਹੋਇਆ।"

17 ਹੁਣ ਜੇ ਰਾਜਾ ਨੂੰ ਚੰਗਾ ਲੱਗੇ, ਤਾਂ ਬਾਬੇਲ ਦੇ ਸ਼ਾਹੀ ਪੁਰਾਲੇਖਾਂ ਵਿੱਚ ਖੋਜ ਕੀਤੀ ਜਾਵੇ ਕਿ ਕੀ ਅਸਲ ਵਿੱਚ ਰਾਜਾ ਕੋਰਸ਼ ਨੇ ਯੇਰੂਸ਼ਲੇਮ ਵਿੱਚ ਪਰਮੇਸ਼ਵਰ ਦੇ ਇਸ ਭਵਨ ਨੂੰ ਦੁਬਾਰਾ ਬਣਾਉਣ ਦਾ ਹੁਕਮ ਜਾਰੀ ਕੀਤਾ ਸੀ? ਫ਼ੇਰ ਪਾਤਸ਼ਾਹ ਸਾਨੂੰ ਇਸ ਮਾਮਲੇ ਵਿੱਚ ਆਪਣਾ ਫ਼ੈਸਲਾ ਭੇਜ ਦੇਣ।

Estes versículos te tocaram? Ore agora!

+581 estão orando agora.

Junte-se à corrente de oração.