1 ਇਹ ਪਰਿਵਾਰ ਦੇ ਮੁਖੀਆਂ ਅਤੇ ਉਹਨਾਂ ਦੇ ਨਾਲ ਦਰਜ ਕੀਤੇ ਗਏ ਲੋਕ ਹਨ ਜੋ ਅਰਤਹਸ਼ਸ਼ਤਾ ਰਾਜਾ ਦੇ ਰਾਜ ਦੌਰਾਨ ਬਾਬੇਲ ਤੋਂ ਮੇਰੇ ਨਾਲ ਆਏ ਸਨ:
2 ਫੀਨਹਾਸ ਦੀ ਵੰਸ਼ਾਵਲੀ ਵਿੱਚੋਂ:
ਗੇਰਸ਼ੋਨ;
ਈਥਾਮਾਰ ਦੀ ਵੰਸ਼ਾਵਲੀ ਵਿੱਚੋਂ:
ਦਾਨੀਏਲ;
ਦਾਵੀਦ ਦੀ ਵੰਸ਼ਾਵਲੀ ਵਿੱਚੋਂ:
ਹਤੂਸ਼ 3 ਸ਼ਕਨਯਾਹ ਦੀ ਵੰਸ਼ਾਵਲੀ ਵਿੱਚੋਂ;
ਪਾਰੋਸ਼ ਦੀ ਵੰਸ਼ਾਵਲੀ ਵਿੱਚੋਂ:
ਜ਼ਕਰਯਾਹ ਅਤੇ ਉਸ ਦੇ ਨਾਲ 150 ਆਦਮੀ ਦਰਜ ਕੀਤੇ ਗਏ ਸਨ;
4 ਪਹਥ-ਮੋਆਬ ਦੀ ਵੰਸ਼ਾਵਲੀ ਵਿੱਚੋਂ:
ਜ਼ਰਹਯਾਹ ਦਾ ਪੁੱਤਰ ਅਲੀਹੋਏਨਈ ਅਤੇ ਉਸ ਦੇ ਨਾਲ 200 ਆਦਮੀ;
5 ਜ਼ੱਤੂ ਦੀ ਵੰਸ਼ਾਵਲੀ ਵਿੱਚੋਂ:
ਯਹਜ਼ੀਏਲ ਦਾ ਪੁੱਤਰ ਸ਼ਕਨਯਾਹ ਅਤੇ ਉਸਦੇ ਨਾਲ 300 ਆਦਮੀ;
6 ਅਦੀਨ ਦੀ ਵੰਸ਼ਾਵਲੀ ਵਿੱਚੋਂ:
ਯੋਨਾਥਨ ਦਾ ਪੁੱਤਰ ਉਬੇਦ ਅਤੇ ਉਸ ਦੇ ਨਾਲ 50 ਆਦਮੀ;
7 ਏਲਾਮ ਦੀ ਵੰਸ਼ਾਵਲੀ ਵਿੱਚੋਂ:
ਅਥਲਯਾਹ ਦਾ ਪੁੱਤਰ ਯਸ਼ਯਾਹ ਅਤੇ ਉਸਦੇ ਨਾਲ 70 ਆਦਮੀ;
8 ਸ਼ਫਾਟਯਾਹ ਦੀ ਵੰਸ਼ਾਵਲੀ ਵਿੱਚੋਂ:
ਮੀਕਾਏਲ ਦਾ ਪੁੱਤਰ ਜ਼ਬਦਯਾਹ ਅਤੇ ਉਸਦੇ ਨਾਲ 80 ਆਦਮੀ;
9 ਯੋਆਬ ਦੀ ਵੰਸ਼ਾਵਲੀ ਵਿੱਚੋਂ:
ਯਹੀਏਲ ਦਾ ਪੁੱਤਰ ਓਬਦਯਾਹ ਅਤੇ ਉਸਦੇ ਨਾਲ 218 ਆਦਮੀ;
10 ਬਾਣੀ ਦੀ ਵੰਸ਼ਾਵਲੀ ਵਿੱਚੋਂ:
ਯੋਸੀਫਯਾਹ ਦਾ ਪੁੱਤਰ ਸ਼ਲੋਮੀਥ ਅਤੇ ਉਸ ਦੇ ਨਾਲ 160 ਆਦਮੀ;
11 ਬੇਬਾਈ ਦੀ ਵੰਸ਼ਾਵਲੀ ਵਿੱਚੋਂ:
ਬੇਬਾਈ ਦਾ ਪੁੱਤਰ ਜ਼ਕਰਯਾਹ ਅਤੇ ਉਸਦੇ ਨਾਲ 28 ਆਦਮੀ;
12 ਅਜ਼ਗਾਦ ਦੀ ਵੰਸ਼ਾਵਲੀ ਵਿੱਚੋਂ:
ਹਕਾਤਨ ਦਾ ਪੁੱਤਰ ਯੋਹਾਨਾਨ ਅਤੇ ਉਸਦੇ ਨਾਲ 110 ਆਦਮੀ;
13 ਅਦੋਨੀਕਾਮ ਦੀ ਵੰਸ਼ਾਵਲੀ ਵਿੱਚੋਂ:
ਆਖਰੀ ਲੋਕ ਜਿਨ੍ਹਾਂ ਦੇ ਨਾਮ ਅਲੀਫ਼ਲੇਟ, ਯੂਏਲ ਅਤੇ ਸ਼ਮਅਯਾਹ ਸਨ ਅਤੇ ਉਹਨਾਂ ਦੇ ਨਾਲ 60 ਆਦਮੀ ਸਨ।
14 ਬਿਗਵਈ ਦੀ ਵੰਸ਼ਾਵਲੀ ਵਿੱਚੋਂ:
ਊਥਈ ਅਤੇ ਜ਼ੱਕੂਰ ਅਤੇ ਉਹਨਾਂ ਦੇ ਨਾਲ 70 ਆਦਮੀ।
15 ਮੈਂ ਉਹਨਾਂ ਨੂੰ ਅਹਵਾ ਵੱਲ ਵਗਦੀ ਨਹਿਰ ਕੋਲ ਇਕੱਠਾ ਕੀਤਾ ਅਤੇ ਅਸੀਂ ਉੱਥੇ ਤਿੰਨ ਦਿਨ ਡੇਰਾ ਲਾਇਆ। ਜਦੋਂ ਮੈਂ ਲੋਕਾਂ ਅਤੇ ਜਾਜਕਾਂ ਵਿੱਚ ਜਾਂਚ ਕੀਤੀ ਤਾਂ ਮੈਨੂੰ ਉੱਥੇ ਕੋਈ ਲੇਵੀ ਨਹੀਂ ਮਿਲਿਆ। 16 ਤਦ ਮੈਂ ਅਲੀਅਜ਼ਰ, ਅਰੀਏਲ, ਸ਼ਮਅਯਾਹ, ਅਲਨਾਥਾਨ, ਯਾਰੀਬ, ਅਲਨਾਥਾਨ, ਨਾਥਾਨ, ਜ਼ਕਰਯਾਹ, ਮਸ਼ੁੱਲਾਮ ਨੂੰ ਜੋ ਆਗੂ ਸਨ ਅਤੇ ਯੋਯਾਰੀਬ ਤੇ ਅਲਨਾਥਾਨ ਨੂੰ ਜੋ ਬੁੱਧਵਾਨ ਮਨੁੱਖ ਸਨ ਸੱਦਾ ਭੇਜਿਆ, 17 ਅਤੇ ਮੈਂ ਉਹਨਾਂ ਨੂੰ ਇੱਦੋ ਕੋਲ ਜਾਣ ਦਾ ਹੁਕਮ ਦਿੱਤਾ, ਜੋ ਕਾਸਿਫ਼ਯਾ ਨਾਮਕ ਸਥਾਨ ਦਾ ਆਗੂਆਂ ਸੀ। ਮੈਂ ਉਹਨਾਂ ਨੂੰ ਈਦੋ ਅਤੇ ਉਸ ਦੇ ਸਾਥੀ ਲੇਵੀਆਂ ਨੂੰ ਜੋ ਕਾਸਿਫ਼ਯਾ ਵਿੱਚ ਭਵਨ ਦੇ ਸੇਵਕ ਸਨ ਦੱਸਿਆ, ਤਾਂ ਜੋ ਉਹ ਸਾਡੇ ਪਰਮੇਸ਼ਵਰ ਦੇ ਘਰ ਲਈ ਸੇਵਾਦਾਰਾਂ ਨੂੰ ਸਾਡੇ ਕੋਲ ਲਿਆਉਣ। 18 ਕਿਉਂਕਿ ਸਾਡੇ ਪਰਮੇਸ਼ਵਰ ਦੀ ਕਿਰਪਾ ਦਾ ਹੱਥ ਸਾਡੇ ਉੱਤੇ ਸੀ, ਉਹ ਸਾਡੇ ਲਈ ਸ਼ੇਰੇਬਯਾਹ, ਇੱਕ ਯੋਗ ਮਨੁੱਖ ਲੇਵੀ ਦੇ ਪੁੱਤਰ ਮਹਲੀ ਦੀ ਵੰਸ਼ ਵਿੱਚੋਂ, ਇਸਰਾਏਲ ਦੇ ਪੁੱਤਰ ਅਤੇ ਸ਼ੇਰੇਬਯਾਹ ਦੇ ਪੁੱਤਰਾਂ ਅਤੇ ਭਰਾਵਾਂ ਨੂੰ ਸਾਡੇ ਕੋਲ ਲਿਆਏ ਜੋ ਕੁੱਲ ਮਿਲਾ ਕੇ 18 ਸਨ। 19 ਅਤੇ ਹਸ਼ਬਯਾਹ ਅਤੇ ਮੇਰਾਰੀ ਦੇ ਵੰਸ਼ਾਵਲੀ ਵਿੱਚੋਂ ਯਸ਼ਯਾਹ ਅਤੇ ਉਹ ਦੇ ਭਰਾ ਅਤੇ ਭਤੀਜੇ ਕੁੱਲ 20 ਸਨ। 20 ਉਹ ਭਵਨ ਦੇ 220 ਸੇਵਕਾਂ ਨੂੰ ਵੀ ਲਿਆਏ, ਇੱਕ ਸੰਸਥਾ ਜਿਸ ਨੂੰ ਦਾਵੀਦ ਅਤੇ ਅਧਿਕਾਰੀਆਂ ਨੇ ਲੇਵੀਆਂ ਦੀ ਸਹਾਇਤਾ ਲਈ ਸਥਾਪਿਤ ਕੀਤਾ ਸੀ। ਸਾਰਿਆਂ ਦੇ ਨਾਮ ਦਰਜ ਕੀਤੇ ਗਏ ਸਨ।
21 ਉੱਥੇ ਅਹਵਾ ਨਹਿਰ ਦੇ ਕੱਢੇ ਉੱਤੇ, ਮੈਂ ਵਰਤ ਰੱਖਣ ਦਾ ਐਲਾਨ ਕੀਤਾ, ਤਾਂ ਜੋ ਅਸੀਂ ਆਪਣੇ ਪਰਮੇਸ਼ਵਰ ਦੇ ਅੱਗੇ ਨਿਮਰ ਹੋ ਕੇ ਉਸ ਤੋਂ ਸਾਡੇ ਅਤੇ ਸਾਡੇ ਬੱਚਿਆਂ ਲਈ, ਸਾਡੀਆਂ ਸਾਰੀਆਂ ਚੀਜ਼ਾਂ ਸਮੇਤ ਇੱਕ ਸੁਰੱਖਿਅਤ ਯਾਤਰਾ ਲਈ ਬੇਨਤੀ ਕਰੀਏ। 22 ਮੈਂ ਰਾਜੇ ਤੋਂ ਸਿਪਾਹੀਆਂ ਅਤੇ ਘੋੜਸਵਾਰਾਂ ਦੀ ਮੰਗ ਕਰਦਿਆਂ ਸ਼ਰਮਿੰਦਾ ਸਾਂ ਜੋ ਰਾਹ ਵਿੱਚ ਦੁਸ਼ਮਣਾਂ ਤੋਂ ਸਾਡੀ ਸੁਰੱਖਿਆ ਕਰੇ ਕਿਉਂ ਜੋ ਅਸੀਂ ਰਾਜੇ ਨੂੰ ਕਿਹਾ ਸੀ, "ਸਾਡੇ ਪਰਮੇਸ਼ਵਰ ਦਾ ਮਿਹਰ ਭਰਿਆ ਹੱਥ ਹਰ ਉਸ ਉੱਤੇ ਹੈ ਜੋ ਉਸ ਵੱਲ ਵੇਖਦਾ ਹੈ, ਪਰ ਉਸ ਦਾ ਬਹੁਤ ਕ੍ਰੋਧ ਉਹਨਾਂ ਸਾਰਿਆਂ ਦੇ ਵਿਰੁੱਧ ਹੈ ਜੋ ਉਸਨੂੰ ਤਿਆਗ ਦਿੰਦੇ ਹਨ।" 23 ਇਸ ਲਈ ਅਸੀਂ ਵਰਤ ਰੱਖਿਆ ਅਤੇ ਇਸ ਬਾਰੇ ਆਪਣੇ ਪਰਮੇਸ਼ਵਰ ਨੂੰ ਬੇਨਤੀ ਕੀਤੀ ਅਤੇ ਉਸ ਨੇ ਸਾਡੀ ਪ੍ਰਾਰਥਨਾ ਸੁਣੀ।
24 ਤਦ ਮੈਂ ਪ੍ਰਧਾਨ ਜਾਜਕਾਂ ਵਿੱਚੋਂ ਬਾਰਾਂ ਨੂੰ, ਅਰਥਾਤ ਸ਼ੇਰੇਬਯਾਹ, ਹਸ਼ਬਯਾਹ ਅਤੇ ਉਹਨਾਂ ਦੇ ਦਸ ਭਰਾਵਾਂ ਨੂੰ ਵੱਖਰਾ ਕੀਤਾ, 25 ਅਤੇ ਉਨ੍ਹਾਂ ਨੂੰ ਉਹ ਚਾਂਦੀ, ਸੋਨਾ ਤੇ ਭਾਂਡੇ ਜੋ ਪਰਮੇਸ਼ਵਰ ਦੇ ਭਵਨ ਲਈ ਰਾਜਾ ਅਤੇ ਉਸ ਦੇ ਮੰਤਰੀਆਂ, ਹਾਕਮਾਂ ਅਤੇ ਸਾਰੇ ਇਸਰਾਏਲ ਨੇ ਜੋ ਉੱਥੇ ਹਾਜ਼ਰ ਸਨ ਭੇਟ ਕੀਤੇ ਸਨ, ਮੈਂ ਤੋਲ ਕੇ ਉਨ੍ਹਾਂ ਨੂੰ ਦੇ ਦਿੱਤੇ। 26 ਮੈਂ ਉਹਨਾਂ ਨੂੰ 650 ਤੋਲੇ ਚਾਂਦੀ, 100 ਤੋਲੇ ਚਾਂਦੀ ਦੀਆਂ ਵਸਤੂਆਂ, 100 ਤੋਲੇ ਸੋਨਾ, 27 ਨਾਲੇ ਸੋਨੇ ਦੇ 20 ਕਟੋਰਦਾਨ, ਅੱਠ ਕਿੱਲੋ ਦੇ ਸਨ ਅਤੇ ਚਮਕਦੇ ਖ਼ਾਲਸ ਪਿੱਤਲ ਦੇ ਦੋ ਭਾਂਡੇ ਜੋ ਸੋਨੇ ਵਰਗੇ ਬਹੁਮੁੱਲੇ ਸਨ, ਤੋਲ ਕੇ ਦਿੱਤੇ।
28 ਮੈਂ ਉਹਨਾਂ ਨੂੰ ਕਿਹਾ, "ਤੁਸੀਂ ਅਤੇ ਇਹ ਵਸਤੂਆਂ ਵੀ ਯਾਹਵੇਹ ਨੂੰ ਅਰਪਣ ਕੀਤੀਆਂ ਗਈਆਂ ਹਨ। ਚਾਂਦੀ ਅਤੇ ਸੋਨਾ ਤੁਹਾਡੇ ਪੁਰਖਿਆਂ ਦੇ ਪਰਮੇਸ਼ਵਰ, ਯਾਹਵੇਹ ਲਈ ਇੱਕ ਸੁਤੰਤਰ ਭੇਟ ਹੈ। 29 ਜਦੋਂ ਤੱਕ ਤੁਸੀਂ ਉਹਨਾਂ ਨੂੰ ਯੇਰੂਸ਼ਲੇਮ ਵਿੱਚ ਯਾਹਵੇਹ ਦੇ ਭਵਨ ਦੇ ਕੋਠੜੀਆਂ ਵਿੱਚ ਪ੍ਰਧਾਨ ਜਾਜਕਾਂ, ਲੇਵੀਆਂ ਅਤੇ ਇਸਰਾਏਲ ਦੇ ਘਰਾਣਿਆਂ ਦੇ ਮੁਖੀਆਂ ਦੇ ਸਾਹਮਣੇ ਨਹੀਂ ਤੋਲਦੇ ਤਦ ਤੱਕ ਉਹਨਾਂ ਦੀ ਸਾਵਧਾਨੀ ਨਾਲ ਰਾਖੀ ਕਰੋ।" 30 ਤਦ ਜਾਜਕਾਂ ਅਤੇ ਲੇਵੀਆਂ ਨੇ ਉਹ ਚਾਂਦੀ, ਸੋਨਾ ਅਤੇ ਪਵਿੱਤਰ ਵਸਤੂਆਂ ਜੋ ਯੇਰੂਸ਼ਲੇਮ ਵਿੱਚ ਸਾਡੇ ਪਰਮੇਸ਼ਵਰ ਦੇ ਭਵਨ ਵਿੱਚ ਲਿਜਾਣ ਲਈ ਤੋਲੀਆਂ ਗਈਆਂ ਸਨ ਪ੍ਰਾਪਤ ਕੀਤੀਆਂ।
31 ਪਹਿਲੇ ਮਹੀਨੇ ਦੇ ਬਾਰ੍ਹਵੇਂ ਦਿਨ ਅਸੀਂ ਅਹਵਾ ਨਹਿਰ ਤੋਂ ਯੇਰੂਸ਼ਲੇਮ ਨੂੰ ਜਾਣ ਲਈ ਤੁਰ ਪਏ। ਸਾਡੇ ਪਰਮੇਸ਼ਵਰ ਦਾ ਹੱਥ ਸਾਡੇ ਉੱਤੇ ਸੀ, ਅਤੇ ਉਸ ਨੇ ਰਾਹ ਵਿੱਚ ਦੁਸ਼ਮਣਾਂ ਅਤੇ ਡਾਕੂਆਂ ਤੋਂ ਸਾਡੀ ਰੱਖਿਆ ਕੀਤੀ। 32 ਫਿਰ ਅਸੀਂ ਯੇਰੂਸ਼ਲੇਮ ਵਿੱਚ ਪਹੁੰਚੇ ਜਿੱਥੇ ਅਸੀਂ ਤਿੰਨ ਦਿਨ ਆਰਾਮ ਕੀਤਾ।
33 ਚੌਥੇ ਦਿਨ ਅਸੀਂ ਆਪਣੇ ਪਰਮੇਸ਼ਵਰ ਦੇ ਭਵਨ ਵਿੱਚ ਚਾਂਦੀ ਅਤੇ ਸੋਨਾ ਅਤੇ ਪਵਿੱਤਰ ਵਸਤੂਆਂ ਨੂੰ ਊਰੀਯਾਹ ਦੇ ਪੁੱਤਰ ਮਰੇਮੋਥ ਜਾਜਕ ਦੇ ਹੱਥਾਂ ਵਿੱਚ ਤੋਲਿਆ। ਫੀਨਹਾਸ ਦਾ ਪੁੱਤਰ ਅਲਆਜ਼ਾਰ ਉਸ ਦੇ ਨਾਲ ਸੀ ਅਤੇ ਯੇਸ਼ੂਆ ਦਾ ਪੁੱਤਰ ਯੋਜ਼ਾਬਾਦ ਅਤੇ ਬਿੰਨੂਈ ਦਾ ਪੁੱਤਰ ਨੋਆਦਯਾਹ ਲੇਵੀ ਵੀ ਸਨ। 34 ਉਹਨਾਂ ਸਾਰੀਆਂ ਵਸਤੂਆਂ ਨੂੰ ਗਿਣ ਕੇ ਅਤੇ ਤੋਲ ਕੇ, ਉਨ੍ਹਾਂ ਦਾ ਪੂਰਾ ਤੋਲ ਉਸੇ ਸਮੇਂ ਲਿਖ ਲਿਆ ਗਿਆ।
35 ਤਦ ਉਹ ਜਿਹੜੇ ਗ਼ੁਲਾਮੀ ਤੋਂ ਮੁੜੇ ਸਨ ਇਸਰਾਏਲ ਦੇ ਪਰਮੇਸ਼ਵਰ ਨੂੰ ਹੋਮ ਦੀਆਂ ਭੇਟਾਂ ਚੜ੍ਹਾਈਆਂ: ਸਾਰੇ ਇਸਰਾਏਲ ਲਈ ਬਾਰਾਂ ਬਲਦ, ਛਿਆਨਵੇਂ ਭੇਡੂ, ਸੱਤਰ ਲੇਲੇ ਅਤੇ ਪਾਪ ਦੀ ਭੇਟ ਵਜੋਂ ਬਾਰਾਂ ਬੱਕਰੇ। ਇਹ ਸਭ ਕੁਝ ਯਾਹਵੇਹ ਲਈ ਹੋਮ ਦੀ ਭੇਟ ਸੀ। 36 ਉਹਨਾਂ ਨੇ ਰਾਜੇ ਦੇ ਹੁਕਮ ਸ਼ਾਹੀ ਸ਼ਾਸਕਾਂ ਅਤੇ ਫ਼ਰਾਤ ਦੇ ਪਾਰ ਦੇ ਰਾਜਪਾਲਾਂ ਨੂੰ ਵੀ ਦਿੱਤੇ, ਜਿਨ੍ਹਾਂ ਨੇ ਫਿਰ ਲੋਕਾਂ ਅਤੇ ਪਰਮੇਸ਼ਵਰ ਦੇ ਭਵਨ ਦੀ ਸਹਾਇਤਾ ਕੀਤੀ।