Publicidade

Ezequiel 36

ਇਸਰਾਏਲ ਉੱਤੇ ਪਰਮੇਸ਼ੁਰ ਦੀ ਅਸੀਸ

1 ਹੇ ਮਨੁੱਖ ਦੇ ਪੁੱਤਰ, ਇਸਰਾਏਲ ਦੇ ਪਹਾੜਾਂ ਲਈ ਭਵਿੱਖਬਾਣੀ ਕਰ ਅਤੇ ਤੂੰ ਆਖ ਕਿ ਇਸਰਾਏਲ ਦੇ ਪਰਬਤੋਂ, ਯਹੋਵਾਹ ਦਾ ਬਚਨ ਸੁਣੋ! 2 ਪ੍ਰਭੂ ਯਹੋਵਾਹ ਇਹ ਆਖਦਾ ਹੈ, ਵੈਰੀ ਨੇ ਤੁਹਾਡੇ ਵਿਰੁੱਧ ਆਖਿਆ ਹੈ, ਆਹਾ! ਉੱਚੇ-ਉੱਚੇ ਪੁਰਾਣੇ ਸਥਾਨ ਸਾਡੇ ਕਬਜ਼ੇ ਲਈ ਹੋ ਗਏ ਹਨ। 3 ਇਸ ਲਈ ਭਵਿੱਖਬਾਣੀ ਕਰ ਅਤੇ ਤੂੰ ਆਖ ਕਿ ਪ੍ਰਭੂ ਯਹੋਵਾਹ ਇਹ ਆਖਦਾ ਹੈ, ਇਸ ਕਰਕੇ, ਹਾਂ, ਇਸੇ ਕਾਰਨ, ਕਿ ਉਹਨਾਂ ਨੇ ਤੁਹਾਨੂੰ ਉਜਾੜਿਆ, ਹਰੇਕ ਪਾਸਿਓਂ ਤੁਹਾਨੂੰ ਹੜੱਪ ਲਿਆ ਅਤੇ ਚਰਚਾ ਕਰਨ ਵਾਲਿਆਂ ਦੇ ਬੁੱਲ੍ਹਾਂ ਵਿੱਚ ਤੁਸੀਂ ਆ ਗਏ ਹੋ ਅਤੇ ਤੁਸੀਂ ਲੋਕਾਂ ਲਈ ਝੂਠੀ ਖ਼ਬਰ ਹੋ। 4 ਇਸ ਲਈ ਹੇ ਇਸਰਾਏਲ ਦੇ ਪਰਬਤੋਂ, ਪ੍ਰਭੂ ਯਹੋਵਾਹ ਦਾ ਬਚਨ ਸੁਣੋ! ਪ੍ਰਭੂ ਯਹੋਵਾਹ ਪਹਾੜਾਂ ਅਤੇ ਟਿੱਲਿਆਂ, ਨਦੀਆਂ ਅਤੇ ਵਾਦੀਆਂ, ਉੱਜੜੀਆਂ ਵਿਰਾਨੀਆਂ ਅਤੇ ਛੱਡੇ ਹੋਏ ਸ਼ਹਿਰਾਂ ਨੂੰ ਜਿਹੜੇ ਆਲੇ-ਦੁਆਲੇ ਦੀਆਂ ਬਾਕੀ ਕੌਮਾਂ ਦੇ ਲਈ ਲੁੱਟ ਅਤੇ ਮਖ਼ੌਲ ਹੋਏ ਹਨ, ਇਹ ਆਖਦਾ ਹੈ। 5 ਇਸ ਲਈ ਪ੍ਰਭੂ ਯਹੋਵਾਹ ਇਹ ਆਖਦਾ ਹੈ, ਜ਼ਰੂਰ ਮੈਂ ਆਪਣੀ ਅਣਖ ਦੀ ਅੱਗ ਵਿੱਚ ਕੌਮਾਂ ਦੇ ਬਚੇ ਹੋਏ ਲੋਕਾਂ ਦੇ ਅਤੇ ਸਾਰੇ ਅਦੋਮ ਦੇ ਵਿਰੁੱਧ ਬੋਲਿਆ ਹਾਂ, ਜਿਹਨਾਂ ਨੇ ਆਪਣੇ ਸਾਰੇ ਦਿਲ ਦੇ ਅਨੰਦ ਨਾਲ ਅਤੇ ਜਾਨ ਦੇ ਵੈਰ ਨਾਲ ਆਪਣੇ ਆਪ ਨੂੰ ਮੇਰੀ ਧਰਤੀ ਦੇ ਕਬਜ਼ੇ ਲਈ ਠਹਿਰਾਇਆ, ਭਈ ਉਹ ਨੂੰ ਲੁੱਟ ਦੇ ਸ਼ਿਕਾਰ ਲਈ ਕੱਢਣ। 6 ਇਸ ਲਈ ਤੂੰ ਇਸਰਾਏਲ ਦੀ ਭੂਮੀ ਦੇ ਵਿਰੁੱਧ ਭਵਿੱਖਬਾਣੀ ਕਰ ਅਤੇ ਤੂੰ ਪਹਾੜਾਂ, ਟਿੱਲਿਆਂ, ਨਦੀਆਂ ਅਤੇ ਵਾਦੀਆਂ ਨੂੰ ਆਖ ਕਿ ਪ੍ਰਭੂ ਯਹੋਵਾਹ ਇਹ ਆਖਦਾ ਹੈ, ਵੇਖੋ, ਮੈਂ ਆਪਣੀ ਅਣਖ ਅਤੇ ਆਪਣੇ ਕ੍ਰੋਧ ਵਿੱਚ ਬਚਨ ਕੀਤਾ, ਇਸ ਲਈ ਕਿ ਤੁਸੀਂ ਕੌਮਾਂ ਦੀ ਨਮੋਸ਼ੀ ਚੁੱਕੀ ਹੈ। 7 ਇਸ ਲਈ ਪ੍ਰਭੂ ਯਹੋਵਾਹ ਇਹ ਆਖਦਾ ਹੈ, ਮੈਂ ਸਹੁੰ ਖਾਧੀ ਹੈ ਕਿ ਜ਼ਰੂਰ ਤੁਹਾਡੇ ਆਲੇ-ਦੁਆਲੇ ਦੀਆਂ ਕੌਮਾਂ ਆਪ ਹੀ ਸ਼ਰਮਿੰਦਗੀ ਉਠਾਉਣਗੀਆਂ। 8 ਪਰ ਤੁਸੀਂ ਹੇ ਇਸਰਾਏਲ ਦੇ ਪਰਬਤੋਂ, ਤੁਸੀਂ ਆਪਣੀਆਂ ਟਹਿਣੀਆਂ ਕੱਢੋਗੇ ਅਤੇ ਮੇਰੀ ਪਰਜਾ ਇਸਰਾਏਲ ਦੇ ਲਈ ਫਲ ਦੇਵੋਗੇ, ਕਿਉਂ ਜੋ ਉਹ ਛੇਤੀ ਆਉਣ ਵਾਲੇ ਹਨ। 9 ਇਸ ਲਈ ਵੇਖੋ, ਮੈਂ ਤੁਹਾਡੇ ਵੱਲ ਹਾਂ, ਮੈਂ ਆਪਣਾ ਮੂੰਹ ਤੁਹਾਡੇ ਵੱਲ ਕਰਾਂਗਾ ਅਤੇ ਤੁਸੀਂ ਵਾਹੇ ਜਾਓਗੇ ਅਤੇ ਤੁਹਾਡੇ ਉੱਤੇ ਬੀਜਿਆ ਜਾਵੇਗਾ। 10 ਮੈਂ ਆਦਮੀਆਂ ਨੂੰ ਹਾਂ, ਇਸਰਾਏਲ ਦੇ ਸਾਰੇ ਘਰਾਣੇ ਨੂੰ ਤੁਹਾਡੇ ਉੱਤੇ ਬਹੁਤ ਵਧਾ ਦਿਆਂਗਾ। ਸ਼ਹਿਰ ਵਸਾਏ ਜਾਣਗੇ ਅਤੇ ਉਜਾੜ ਸਥਾਨ ਫੇਰ ਬਣਾਏ ਜਾਣਗੇ। 11 ਮੈਂ ਤੁਹਾਡੇ ਉੱਤੇ ਆਦਮੀਆਂ ਅਤੇ ਪਸ਼ੂਆਂ ਨੂੰ ਵਧਾਵਾਂਗਾ। ਉਹ ਬਹੁਤ ਹੋਣਗੇ ਅਤੇ ਫਲਣਗੇ ਅਤੇ ਮੈਂ ਤੁਹਾਨੂੰ ਅਜਿਹਾ ਵਸਾਵਾਂਗਾ ਜਿਹੋ ਜਿਹੇ ਤੁਸੀਂ ਪਹਿਲਾਂ ਸੀ। ਤੁਹਾਡੇ ਉੱਤੇ ਤੁਹਾਡੇ ਸ਼ੁਰੂ ਦੇ ਦਿਨਾਂ ਤੋਂ ਵਧੇਰੇ ਉਪਕਾਰ ਕਰਾਂਗਾ ਅਤੇ ਤੁਸੀਂ ਜਾਣੋਗੇ ਕਿ ਮੈਂ ਯਹੋਵਾਹ ਹਾਂ! 12 ਹਾਂ, ਮੈਂ ਅਜਿਹਾ ਕਰਾਂਗਾ ਕਿ ਮਨੁੱਖ ਅਰਥਾਤ ਮੇਰੀ ਇਸਰਾਏਲ ਦੀ ਪਰਜਾ ਤੁਹਾਡੇ ਉੱਤੇ ਤੁਰੇ-ਫਿਰੇਗੀ ਅਤੇ ਉਹ ਤੁਹਾਡੇ ਉੱਤੇ ਕਬਜ਼ਾ ਕਰਨਗੇ। ਤੁਸੀਂ ਉਹਨਾਂ ਦੀ ਵਿਰਾਸਤ ਹੋਵੋਗੇ ਅਤੇ ਫੇਰ ਉਹਨਾਂ ਨੂੰ ਤੁਸੀਂ ਬੇ-ਔਲਾਦ ਨਾ ਕਰੋਗੇ। 13 ਪ੍ਰਭੂ ਯਹੋਵਾਹ ਇਹ ਆਖਦਾ ਹੈ, ਉਹ ਤੁਹਾਨੂੰ ਆਖਦੇ ਹਨ ਕਿ ਤੁਸੀਂ ਆਦਮੀਆਂ ਨੂੰ ਹੜੱਪ ਕਰਦੇ ਹੋ ਅਤੇ ਤੁਸੀਂ ਆਪਣੀ ਕੌਮ ਨੂੰ ਬੇ-ਔਲਾਦ ਕੀਤਾ। 14 ਇਸ ਲਈ ਅੱਗੇ ਨੂੰ ਤੁਸੀਂ ਨਾ ਆਦਮੀਆਂ ਨੂੰ ਹੜੱਪ ਕਰੋਗੇ, ਨਾ ਅੱਗੇ ਨੂੰ ਆਪਣੀ ਕੌਮ ਨੂੰ ਬੇ-ਔਲਾਦ ਕਰੋਗੇ, ਪ੍ਰਭੂ ਯਹੋਵਾਹ ਦਾ ਵਾਕ ਹੈ। 15 ਮੈਂ ਤੁਹਾਨੂੰ ਕੌਮਾਂ ਦੇ ਮਿਹਣੇ ਸੁਣਨ ਨਾ ਦਿਆਂਗਾ, ਨਾ ਤੁਸੀਂ ਕੌਮਾਂ ਦੀ ਸ਼ਰਮਿੰਦਗੀ ਫੇਰ ਅੱਗੇ ਨੂੰ ਚੁੱਕੋਗੇ ਅਤੇ ਨਾ ਤੁਸੀਂ ਆਪਣੀ ਕੌਮ ਨੂੰ ਠੋਕਰ ਖਿਲਾਓਗੇ, ਪ੍ਰਭੂ ਯਹੋਵਾਹ ਦਾ ਵਾਕ ਹੈ।

ਇਸਰਾਏਲ ਦਾ ਨਵਾਂ ਜੀਵਨ

16 ਫੇਰ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਅਤੇ ਆਖਿਆ ਕਿ 17 ਹੇ ਮਨੁੱਖ ਦੇ ਪੁੱਤਰ, ਜਦੋਂ ਇਸਰਾਏਲ ਦਾ ਘਰਾਣਾ ਆਪਣੀ ਭੂਮੀ ਉੱਤੇ ਵੱਸਦਾ ਸੀ, ਉਹਨਾਂ ਨੇ ਉਹ ਨੂੰ ਆਪਣੇ ਚਾਲ-ਚੱਲਣ ਨਾਲ ਅਤੇ ਆਪਣੇ ਕੰਮਾਂ ਨਾਲ ਭਰਿਸ਼ਟ ਕੀਤਾ, ਉਹਨਾਂ ਦਾ ਚਾਲ-ਚੱਲਣ ਮੇਰੇ ਅੱਗੇ ਅਲੱਗ ਕੀਤੀ ਹੋਈ ਭਰਿਸ਼ਟ ਔਰਤ ਵਰਗਾ ਸੀ। 18 ਇਸ ਲਈ ਮੈਂ ਉਸ ਲਹੂ ਦੇ ਕਾਰਨ ਜੋ ਉਹਨਾਂ ਉਸ ਦੇਸ ਵਿੱਚ ਵਹਾਇਆ ਅਤੇ ਉਹਨਾਂ ਮੂਰਤੀਆਂ ਦੇ ਕਾਰਨ ਜਿਹਨਾਂ ਨਾਲ ਉਹਨਾਂ ਉਸ ਨੂੰ ਭਰਿਸ਼ਟ ਕੀਤਾ ਸੀ, ਆਪਣਾ ਕਹਿਰ ਉਹਨਾਂ ਤੇ ਵਹਾਇਆ। 19 ਮੈਂ ਉਹਨਾਂ ਨੂੰ ਕੌਮਾਂ ਵਿੱਚ ਖਿਲਾਰ ਦਿੱਤਾ ਅਤੇ ਉਹ ਦੇਸਾਂ ਵਿੱਚ ਖਿੱਲਰ ਗਏ। ਉਹਨਾਂ ਦੇ ਚਾਲ-ਚੱਲਣ ਅਤੇ ਉਹਨਾਂ ਦੇ ਕੰਮਾਂ ਅਨੁਸਾਰ, ਮੈਂ ਉਹਨਾਂ ਦਾ ਨਿਆਂ ਕੀਤਾ। 20 ਜਦੋਂ ਉਹ ਕੌਮਾਂ ਦੇ ਵਿੱਚ ਜਿੱਥੇ-ਜਿੱਥੇ ਉਹ ਗਏ ਸਨ ਪਹੁੰਚੇ, ਤਾਂ ਉਹਨਾਂ ਮੇਰੇ ਪਵਿੱਤਰ ਨਾਮ ਨੂੰ ਪਲੀਤ ਕੀਤਾ, ਜਦੋਂ ਉਹ ਉਹਨਾਂ ਦੇ ਬਾਰੇ ਆਖਦੇ ਸਨ ਕਿ ਇਹ ਯਹੋਵਾਹ ਦੀ ਪਰਜਾ ਹੈ ਅਤੇ ਉਹ ਦੇ ਦੇਸ ਵਿੱਚੋਂ ਨਿੱਕਲ ਕੇ ਆਏ ਹਨ। 21 ਪਰ ਮੈਨੂੰ ਆਪਣੇ ਪਵਿੱਤਰ ਨਾਮ ਦੇ ਕਾਰਨ ਚਿੰਤਾ ਹੋਈ, ਜਿਹ ਨੂੰ ਇਸਰਾਏਲ ਦੇ ਘਰਾਣੇ ਨੇ ਕੌਮਾਂ ਵਿੱਚ ਜਿੱਥੇ ਉਹ ਗਏ ਪਲੀਤ ਕੀਤਾ। 22 ਇਸ ਲਈ ਤੂੰ ਇਸਰਾਏਲ ਦੇ ਘਰਾਣੇ ਨੂੰ ਆਖ ਕਿ ਪ੍ਰਭੂ ਯਹੋਵਾਹ ਇਹ ਆਖਦਾ ਹੈ, ਹੇ ਇਸਰਾਏਲ ਦੇ ਘਰਾਣੇ, ਮੈਂ ਤੁਹਾਡੀ ਲਈ ਨਹੀਂ ਸਗੋਂ ਆਪਣੇ ਪਵਿੱਤਰ ਨਾਮ ਦੇ ਲਈ, ਜਿਸ ਨੂੰ ਤੁਸੀਂ ਉਹਨਾਂ ਕੌਮਾਂ ਦੇ ਵਿੱਚ ਜਿੱਥੇ ਤੁਸੀਂ ਗਏ ਸੀ, ਪਲੀਤ ਕੀਤਾ ਇਹ ਕਰਦਾ ਹਾਂ। 23 ਮੈਂ ਆਪਣੇ ਵੱਡੇ ਨਾਮ ਨੂੰ ਜਿਹੜਾ ਕੌਮਾਂ ਦੇ ਵਿੱਚ ਪਲੀਤ ਕੀਤਾ ਗਿਆ, ਜਿਹ ਨੂੰ ਤੁਸੀਂ ਉਹਨਾਂ ਦੇ ਵਿੱਚ ਪਲੀਤ ਕੀਤਾ, ਪਵਿੱਤਰ ਕਰਾਂਗਾ ਅਤੇ ਜਦੋਂ ਮੈਂ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਤੁਹਾਡੇ ਵਿੱਚ ਪਵਿੱਤਰ ਹੋਵਾਂਗਾ, ਤਦ ਉਹ ਕੌਮਾਂ ਜਾਣਨਗੀਆਂ ਕਿ ਮੈਂ ਯਹੋਵਾਹ ਹਾਂ, ਪ੍ਰਭੂ ਯਹੋਵਾਹ ਦਾ ਵਾਕ ਹੈ। 24 ਕਿਉਂ ਜੋ ਮੈਂ ਤੁਹਾਨੂੰ ਕੌਮਾਂ ਵਿੱਚੋਂ ਲਵਾਂਗਾ, ਸਾਰੇ ਦੇਸਾਂ ਵਿੱਚੋਂ ਤੁਹਾਨੂੰ ਇਕੱਠੇ ਕਰਾਂਗਾ ਅਤੇ ਤੁਹਾਨੂੰ ਤੁਹਾਡੀ ਭੂਮੀ ਵਿੱਚ ਲਿਆਵਾਂਗਾ। 25 ਤਦ ਤੁਹਾਡੇ ਉੱਤੇ ਨਿਰਮਲ ਜਲ ਛਿੜਕਾਂਗਾ, ਤੁਸੀਂ ਸ਼ੁੱਧ ਹੋਵੋਗੇ ਅਤੇ ਮੈਂ ਤੁਹਾਨੂੰ ਤੁਹਾਡੀ ਸਾਰੀ ਅਸ਼ੁੱਧਤਾਈ ਤੋਂ ਅਤੇ ਤੁਹਾਡੀਆਂ ਸਾਰੀਆਂ ਮੂਰਤੀਆਂ ਤੋਂ ਤੁਹਾਨੂੰ ਸ਼ੁੱਧ ਕਰਾਂਗਾ। 26 ਮੈਂ ਤੁਹਾਨੂੰ ਨਵਾਂ ਦਿਲ ਦਿਆਂਗਾ ਅਤੇ ਨਵਾਂ ਆਤਮਾ ਤੁਹਾਡੇ ਵਿੱਚ ਪਾਵਾਂਗਾ। ਤੁਹਾਡੇ ਮਾਸ ਵਿੱਚੋਂ ਪੱਥਰ ਦਾ ਦਿਲ ਕੱਢ ਲਵਾਂਗਾ ਅਤੇ ਮਾਸ ਦਾ ਦਿਲ ਤੁਹਾਨੂੰ ਬਖ਼ਸ਼ਾਂਗਾ। 27 ਮੈਂ ਆਤਮਾ ਤੁਹਾਡੇ ਵਿੱਚ ਦਿਆਂਗਾ ਅਤੇ ਤੁਹਾਨੂੰ ਆਪਣੀਆਂ ਬਿਧੀਆਂ ਉੱਤੇ ਚਲਾਵਾਂਗਾ। ਤੁਸੀਂ ਮੇਰੇ ਨਿਆਂਵਾਂ ਦੀ ਪਾਲਣਾ ਕਰੋਗੇ ਅਤੇ ਉਹਨਾਂ ਤੇ ਅਮਲ ਕਰੋਗੇ। 28 ਤੁਸੀਂ ਉਸ ਦੇਸ ਵਿੱਚ ਜਿਹੜਾ ਮੈਂ ਤੁਹਾਡੇ ਪੁਰਖਿਆਂ ਨੂੰ ਦਿੱਤਾ ਵੱਸੋਗੇ, ਤੁਸੀਂ ਮੇਰੀ ਪਰਜਾ ਹੋਵੋਗੇ ਅਤੇ ਮੈਂ ਤੁਹਾਡਾ ਪਰਮੇਸ਼ੁਰ ਹੋਵਾਂਗਾ। 29 ਮੈਂ ਤੁਹਾਨੂੰ ਤੁਹਾਡੀ ਸਾਰੀ ਅਸ਼ੁੱਧਤਾਈ ਤੋਂ ਬਚਾਵਾਂਗਾ ਅਤੇ ਮੈਂ ਅੰਨ ਮੰਗਾਵਾਂਗਾ। ਮੈਂ ਉਹ ਨੂੰ ਵਧਾਵਾਂਗਾ ਅਤੇ ਤੁਹਾਡੇ ਉੱਤੇ ਕਾਲ ਨਾ ਪਾਵਾਂਗਾ। 30 ਮੈਂ ਰੁੱਖਾਂ ਦੇ ਫਲਾਂ ਨੂੰ ਅਤੇ ਖੇਤ ਦੀ ਪੈਦਾਵਾਰ ਨੂੰ ਵਾਧਾ ਬਖ਼ਸ਼ਾਂਗਾ, ਇੱਥੋਂ ਤੱਕ ਕਿ ਤੁਸੀਂ ਅੱਗੇ ਲਈ ਕੌਮਾਂ ਦੇ ਵਿੱਚ ਕਾਲ ਦੇ ਕਾਰਨ ਨਮੋਸ਼ੀ ਨਾ ਉਠਾਵੋਗੇ। 31 ਤਦ ਤੁਸੀਂ ਆਪਣਿਆਂ ਬੁਰਿਆਂ ਰਾਹਾਂ ਨੂੰ ਅਤੇ ਆਪਣਿਆਂ ਕੰਮਾਂ ਨੂੰ ਚੇਤੇ ਕਰੋਗੇ, ਭਈ ਉਹ ਚੰਗੇ ਨਹੀਂ ਸਨ ਅਤੇ ਤੁਸੀਂ ਆਪਣੇ ਪਾਪਾਂ ਉੱਤੇ ਅਤੇ ਆਪਣੇ ਘਿਣਾਉਣੇ ਕੰਮਾਂ ਕਾਰਨ, ਆਪਣੀ ਨਜ਼ਰ ਵਿੱਚ ਆਪਣੇ ਆਪ ਤੋਂ ਘਿਣ ਕਰੋਗੇ। 32 ਪ੍ਰਭੂ ਯਹੋਵਾਹ ਦਾ ਵਾਕ ਹੈ, ਤੁਸੀਂ ਜਾਣ ਲਓ ਕਿ ਮੈਂ ਤੁਹਾਡੇ ਲਈ ਨਹੀਂ ਕਰਦਾ ਹਾਂ, ਹੇ ਇਸਰਾਏਲ ਦੇ ਘਰਾਣੇ, ਤੁਸੀਂ ਆਪਣੇ ਰਾਹਾਂ ਦੇ ਕਾਰਨ ਸ਼ਰਮਿੰਦੇ ਹੋਵੋ ਅਤੇ ਲੱਜਿਆਵਾਨ ਹੋਵੋ। 33 ਪ੍ਰਭੂ ਯਹੋਵਾਹ ਇਹ ਆਖਦਾ ਹੈ, ਜਿਸ ਦਿਨ ਮੈਂ ਤੁਹਾਨੂੰ ਤੁਹਾਡੇ ਸਾਰੇ ਪਾਪਾਂ ਤੋਂ ਸ਼ੁੱਧ ਕਰਾਂਗਾ, ਉਸੇ ਦਿਨ ਮੈਂ ਤੁਹਾਨੂੰ ਤੁਹਾਡੇ ਸ਼ਹਿਰਾਂ ਵਿੱਚ ਵਸਾਵਾਂਗਾ ਅਤੇ ਤੁਹਾਡੇ ਵਿਰਾਨ ਥਾਂ ਬਣਾਏ ਜਾਣਗੇ। 34 ਉਹ ਵਿਰਾਨ ਧਰਤੀ ਜੋ ਸਾਰੇ ਰਾਹ ਲੰਘਦਿਆਂ ਦੀ ਨਜ਼ਰ ਵਿੱਚ ਵਿਰਾਨ ਪਈ ਸੀ, ਵਾਹੀ ਜਾਵੇਗੀ। 35 ਉਹ ਆਖਣਗੇ ਕਿ ਇਹ ਧਰਤੀ ਜਿਹੜੀ ਵਿਰਾਨ ਪਈ ਹੋਈ ਸੀ ਅਦਨ ਦੇ ਬਾਗ਼ ਵਾਂਗੂੰ ਹੋ ਗਈ। ਬਰਬਾਦ, ਉੱਜੜੇ ਅਤੇ ਢਾਹੇ ਹੋਏ ਸ਼ਹਿਰ ਗੜ੍ਹਾਂ ਵਾਲੇ ਅਤੇ ਵੱਸਦੇ ਹੋ ਗਏ। 36 ਤਦ ਕੌਮਾਂ ਜਿਹੜੀਆਂ ਤੁਹਾਡੇ ਆਲੇ-ਦੁਆਲੇ ਬਚੀਆਂ ਹੋਈਆਂ ਹਨ, ਜਾਣਨਗੀਆਂ ਕਿ ਮੈਂ ਯਹੋਵਾਹ ਨੇ ਢਾਹਿਆਂ ਥਾਵਾਂ ਨੂੰ ਬਣਾਇਆ ਹੈ ਅਤੇ ਉੱਜੜਿਆਂ ਵਿਰਾਨਾਂ ਨੂੰ ਫੇਰ ਲਗਾਇਆ ਹੈ। ਮੈਂ ਯਹੋਵਾਹ ਨੇ ਫ਼ਰਮਾਇਆ ਹੈ ਅਤੇ ਮੈਂ ਹੀ ਕਰਾਂਗਾ। 37 ਪ੍ਰਭੂ ਯਹੋਵਾਹ ਇਹ ਆਖਦਾ ਹੈ, ਇਸਰਾਏਲ ਦਾ ਘਰਾਣਾ ਮੇਰੇ ਕੋਲੋਂ ਫੇਰ ਇਹ ਪੁੱਛੇਗਾ ਭਈ ਮੈਂ ਉਹਨਾਂ ਲਈ ਇਹ ਕਰਾਂ ਕਿ ਉਹਨਾਂ ਦੇ ਆਦਮੀਆਂ ਨੂੰ ਇੱਜੜ ਵਾਂਗੂੰ ਵਾਧਾ ਦੇਵਾਂ। 38 ਪਵਿੱਤਰ ਇੱਜੜ ਵਾਂਗੂੰ ਜਿਵੇਂ ਯਰੂਸ਼ਲਮ ਦਾ ਇੱਜੜ ਉਹ ਦੇ ਠਹਿਰਾਏ ਹੋਏ ਪਰਬਾਂ ਵਿੱਚ ਸੀ, ਉਸੇ ਤਰ੍ਹਾਂ ਹੀ ਉੱਜੜੇ ਸ਼ਹਿਰ ਆਦਮੀਆਂ ਦੇ ਜੱਥਿਆਂ ਨਾਲ ਭਰੇ ਹੋਣਗੇ ਅਤੇ ਉਹ ਜਾਣਨਗੇ ਕਿ ਮੈਂ ਯਹੋਵਾਹ ਹਾਂ!

Veja também

Publicidade
Bíblia Online Bíblia Online

Bíblia Online • Versão: 2026-06-18_14-04-22-