Publicidade

Hebreus 2

ਮਹਾਨ ਮੁਕਤੀ

1 ਇਸ ਕਾਰਨ ਸਾਡੇ ਲਈ ਜ਼ਰੂਰੀ ਹੈ ਕਿ ਅਸੀਂ ਉਨ੍ਹਾਂ ਗੱਲਾਂ ਦਾ ਹੋਰ ਵੀ ਧਿਆਨ ਰੱਖੀਏ ਜਿਹੜੀਆਂ ਅਸੀਂ ਸੁਣੀਆਂ ਹਨ, ਇਸ ਤਰ੍ਹਾਂ ਨਾ ਹੋਵੇ ਕਿ ਕਿਤੇ ਅਸੀਂ ਉਨ੍ਹਾਂ ਤੋਂ ਭਟਕ ਜਾਈਏ। 2 ਜਦੋਂ ਉਹ ਬਚਨ ਜਿਹੜਾ ਦੂਤਾਂ ਦੇ ਦੁਆਰਾ ਕਿਹਾ ਗਿਆ ਸੀ ਅਟੱਲ ਸਿੱਧ ਹੋਇਆ ਅਤੇ ਹਰੇਕ ਅਪਰਾਧ ਅਤੇ ਅਣ-ਆਗਿਆਕਾਰੀ ਦਾ ਠੀਕ ਬਦਲਾ ਮਿਲਿਆ। 3 ਜੇਕਰ ਇਸ ਵੱਡੀ ਮੁਕਤੀ ਦੀ ਪਰਵਾਹ ਨਾ ਕਰੀਏ ਤਾਂ ਅਸੀਂ ਕਿਵੇਂ ਬਚ ਸਕਦੇ ਹਾਂ? ਜੋ ਪਹਿਲਾਂ ਪ੍ਰਭੂ ਦੇ ਦੁਆਰਾ ਆਖੀ ਗਈ ਸੀ ਅਤੇ ਸੁਣਨ ਵਾਲਿਆਂ ਦੁਆਰਾ ਸਾਡੇ ਲਈ ਸਾਬਤ ਕੀਤੀ ਗਈ ਹੈ 4 ਪਰਮੇਸ਼ੁਰ ਵੀ ਨਿਸ਼ਾਨੀਆਂ, ਅਚਰਜ਼ ਕੰਮਾਂ, ਕਈ ਪ੍ਰਕਾਰ ਦੀਆਂ ਕਰਾਮਾਤਾਂ ਅਤੇ ਪਵਿੱਤਰ ਆਤਮਾ ਦੇ ਵਰਦਾਨਾਂ ਦੇ ਦੁਆਰਾ ਆਪਣੀ ਮਰਜ਼ੀ ਦੇ ਅਨੁਸਾਰ ਉਨ੍ਹਾਂ ਦੇ ਨਾਲ ਗਵਾਹੀ ਦਿੰਦਾ ਰਿਹਾ।

ਸਾਡਾ ਮੁਕਤੀਦਾਤਾ

5 ਉਹ ਨੇ ਤਾਂ ਆਉਣ ਵਾਲੇ ਸੰਸਾਰ ਨੂੰ ਜਿਸ ਦੀ ਅਸੀਂ ਗੱਲ ਕਰਦੇ ਹਾਂ, ਸਵਰਗ ਦੂਤਾਂ ਦੇ ਅਧੀਨ ਨਹੀਂ ਕੀਤਾ। 6 ਪਰ ਕਿਸੇ ਨੇ ਇਹ ਕਹਿ ਕੇ ਗਵਾਹੀ ਦਿੱਤੀ ਹੈ ਕਿ ਇਨਸਾਨ ਕੀ ਹੈ ਜੋ ਤੂੰ ਉਹ ਨੂੰ ਚੇਤੇ ਕਰੇਂ ਜਾਂ ਮਨੁੱਖ ਦਾ ਪੁੱਤਰ ਕੀ ਹੈ ਕਿ ਤੂੰ ਉਸ ਦੀ ਚਿੰਤਾ ਕਰੇਂ? 7 ਤੂੰ ਉਸ ਨੂੰ ਸਵਰਗ ਦੂਤਾਂ ਨਾਲੋਂ ਥੋੜ੍ਹੇ ਸਮੇਂ ਲਈ ਨੀਵਾਂ ਕੀਤਾ, ਤੂੰ ਮਹਿਮਾ ਅਤੇ ਆਦਰ ਦਾ ਮੁਕਟ ਉਸ ਦੇ ਸਿਰ ਉੱਤੇ ਰੱਖਿਆ ਹੈ। ਤੂੰ ਆਪਣੇ ਹੱਥਾਂ ਦੇ ਕੰਮਾਂ ਉੱਤੇ ਉਸ ਨੂੰ ਅਧਿਕਾਰ ਦਿੱਤਾ, 8 ਤੂੰ ਸਾਰਾ ਕੁਝ ਉਹ ਦੇ ਪੈਰਾਂ ਹੇਠ ਅਧੀਨ ਕਰ ਦਿੱਤਾ ਹੈ। ਕਿਉਂਕਿ ਉਸ ਨੇ ਸਾਰਾ ਕੁਝ ਉਹ ਦੇ ਅਧੀਨ ਕਰ ਦਿੱਤਾ ਅਤੇ ਕੁਝ ਨਹੀਂ ਛੱਡਿਆ ਜੋ ਉਹ ਦੇ ਅਧੀਨ ਨਾ ਕੀਤਾ ਹੋਵੇ। ਪਰ ਹੁਣ ਤੱਕ ਅਸੀਂ ਸਾਰਾ ਕੁਝ ਉਹ ਦੇ ਅਧੀਨ ਕੀਤਾ ਹੋਇਆ ਨਹੀਂ ਵੇਖਦੇ। 9 ਪਰ ਅਸੀਂ ਉਹ ਨੂੰ ਜਿਹੜਾ ਦੂਤਾਂ ਨਾਲੋਂ ਥੋੜ੍ਹੇ ਸਮੇਂ ਲਈ ਨੀਵਾਂ ਕੀਤਾ ਗਿਆ ਹੈ ਅਰਥਾਤ ਯਿਸੂ ਨੂੰ ਮੌਤ ਦਾ ਦੁੱਖ ਝੱਲਣ ਦੇ ਕਾਰਨ ਮਹਿਮਾ ਅਤੇ ਆਦਰ ਦਾ ਮੁਕਟ ਪਹਿਨੇ ਹੋਏ ਵੇਖਦੇ ਹਾਂ, ਤਾਂ ਜੋ ਉਹ ਪਰਮੇਸ਼ੁਰ ਦੀ ਕਿਰਪਾ ਨਾਲ ਹਰੇਕ ਮਨੁੱਖ ਲਈ ਮੌਤ ਦਾ ਸੁਆਦ ਚੱਖੇ। 10 ਜਿਸ ਦੇ ਲਈ ਅਤੇ ਜਿਸ ਦੇ ਦੁਆਰਾ ਸੱਭੋ ਕੁਝ ਹੋਇਆ, ਉਸ ਦੇ ਲਈ ਉੱਚਿਤ ਸੀ ਕਿ ਬਹੁਤਿਆਂ ਪੁੱਤਰਾਂ ਨੂੰ ਮਹਿਮਾ ਵਿੱਚ ਲਿਆਉਣ ਲਈ ਉਨ੍ਹਾਂ ਦੇ ਮੁਕਤੀ ਦੇਣ ਵਾਲੇ ਆਗੂ ਨੂੰ ਦੁੱਖਾਂ ਦੇ ਦੁਆਰਾ ਸੰਪੂਰਨ ਕਰੇ। 11 ਕਿਉਂਕਿ ਉਹ ਜਿਹੜਾ ਪਵਿੱਤਰ ਕਰਦਾ ਹੈ ਅਤੇ ਉਹ ਜਿਹੜੇ ਪਵਿੱਤਰ ਕੀਤੇ ਜਾਂਦੇ ਹਨ, ਸਾਰੇ ਇੱਕ ਤੋਂ ਹੀ ਹਨ। ਇਸ ਕਰਕੇ ਉਹ ਉਨ੍ਹਾਂ ਨੂੰ ਭਰਾ ਆਖਣ ਤੋਂ ਨਹੀਂ ਸ਼ਰਮਾਉਂਦਾ। 12 ਪਰ ਇਹ ਕਹਿੰਦਾ ਹੈ ਕਿ ਮੈਂ ਆਪਣਿਆਂ ਭਰਾਵਾਂ ਨੂੰ ਤੇਰਾ ਨਾਮ ਸੁਣਾਵਾਂਗਾ ਅਤੇ ਸਭਾ ਵਿੱਚ ਤੇਰੀ ਉਸਤਤ ਕਰਾਂਗਾ। 13 ਅਤੇ ਫਿਰ ਇਹ ਕਹਿੰਦਾ ਹੈ ਕਿ ਮੈਂ ਉਸ ਉੱਤੇ ਭਰੋਸਾ ਰੱਖਾਂਗਾ। ਅਤੇ ਫਿਰ, ਮੈਂ ਅਤੇ ਉਹ ਬੱਚੇ ਜਿਹੜੇ ਪਰਮੇਸ਼ੁਰ ਨੇ ਮੈਨੂੰ ਬਖਸ਼ੇ ਹਨ। 14 ਸੋ ਜਿਵੇਂ ਬੱਚੇ ਲਹੂ ਅਤੇ ਮਾਸ ਵਿੱਚ ਸਾਂਝੀ ਹੁੰਦੇ ਹਨ, ਤਾਂ ਉਨ੍ਹਾਂ ਵਾਂਗੂੰ ਉਹ ਆਪ ਵੀ ਇਨ੍ਹਾਂ ਹੀ ਵਿੱਚ ਸਾਂਝੀ ਬਣਿਆ ਤਾਂ ਜੋ ਮੌਤ ਦੇ ਰਾਹੀਂ ਉਹ ਉਸ ਨੂੰ ਜਿਸ ਦੇ ਵੱਸ ਵਿੱਚ ਮੌਤ ਹੈ, ਅਰਥਾਤ ਸ਼ੈਤਾਨ ਨੂੰ ਨਾਸ ਕਰੇ। 15 ਅਤੇ ਉਨ੍ਹਾਂ ਨੂੰ ਛੁਡਾਵੇ ਜਿਹੜੇ ਮੌਤ ਦੇ ਡਰ ਕਾਰਨ ਸਾਰੀ ਉਮਰ ਗੁਲਾਮੀ ਵਿੱਚ ਫਸੇ ਹੋਏ ਸਨ। 16 ਕਿਉਂ ਜੋ ਉਹ ਦੂਤਾਂ ਦੀ ਤਾਂ ਸਹਾਇਤਾ ਨਹੀਂ ਸਗੋਂ ਅਬਰਾਹਾਮ ਦੇ ਅੰਸ ਦੀ ਸਹਾਇਤਾ ਕਰਦਾ ਹੈ। 17 ਇਸ ਕਾਰਨ ਚਾਹੀਦਾ ਸੀ ਭਈ ਉਹ ਸਭ ਗੱਲਾਂ ਵਿੱਚ ਆਪਣੇ ਭਾਈਆਂ ਵਰਗਾ ਬਣੇ, ਤਾਂ ਜੋ ਉਹ ਉਨ੍ਹਾਂ ਗੱਲਾਂ ਦੇ ਬਾਰੇ ਜਿਹੜੀਆਂ ਪਰਮੇਸ਼ੁਰ ਨਾਲ ਸੰਬੰਧ ਰੱਖਦੀਆਂ ਹਨ ਲੋਕਾਂ ਦੇ ਪਾਪਾਂ ਦਾ ਪ੍ਰਾਸਚਿੱਤ ਕਰਨ ਨੂੰ ਦਿਆਲੂ ਅਤੇ ਵਫ਼ਾਦਾਰ ਪ੍ਰਧਾਨ ਜਾਜਕ ਹੋਵੇ। 18 ਕਿਉਂਕਿ ਜਦੋਂ ਉਸ ਨੇ ਆਪ ਹੀ ਪਰਤਾਵੇ ਵਿੱਚ ਪੈ ਕੇ ਦੁੱਖ ਝੱਲਿਆ ਤਾਂ ਉਹ ਉਹਨਾਂ ਦੀ ਜਿਹੜੇ ਪਰਤਾਵੇ ਵਿੱਚ ਪੈਂਦੇ ਹਨ, ਸਹਾਇਤਾ ਕਰ ਸਕਦਾ ਹੈ।

Veja também

Publicidade
Hebreus
Ver todos os capítulos de Hebreus
Bíblia Online Bíblia Online

Bíblia Online • Versão: 2026-06-18_14-04-22-