Pular para o conteúdo
Publicidade

ਯਸਾਯਾਹ 17

ਪਰਮੇਸ਼ੁਰ ਦੰਮਿਸ਼ਕ ਅਤੇ ਇਸਰਾਏਲ ਨੂੰ ਸਜ਼ਾ ਦੇਵੇਗਾ

1 ਦੰਮਿਸ਼ਕ ਸ਼ਹਿਰ ਦੇ ਵਿਖੇ ਅਗੰਮ ਵਾਕ l ਵੇਖੋ ਦੰਮਿਸ਼ਕ ਸ਼ਹਿਰ ਹੋਣ ਤੋਂ ਰਹਿ ਜਾਵੇਗਾ, ਸਗੋਂ ਉੱਜੜਿਆ ਹੋਇਆ ਖੰਡਰ ਹੋ ਜਾਵੇਗਾ। 2 ਅਰੋਏਰ ਦੇ ਸ਼ਹਿਰ ਤਿਆਗੇ ਜਾਣਗੇ, ਉਹ ਇੱਜੜਾਂ ਲਈ ਹੋਣਗੇ, ਅਤੇ ਉਹ ਉੱਥੇ ਬੈਠਣਗੇ ਅਤੇ ਕੋਈ ਉਨ੍ਹਾਂ ਨੂੰ ਨਹੀਂ ਡਰਾਵੇਗਾ। 3 ਇਫ਼ਰਾਈਮ ਵਿੱਚੋਂ ਗੜ੍ਹ ਵਾਲੇ ਨਗਰ, ਦੰਮਿਸ਼ਕ ਵਿੱਚੋਂ ਰਾਜ, ਅਤੇ ਅਰਾਮ ਦੇ ਬਚੇ ਹੋਏ ਮੁੱਕ ਜਾਣਗੇ, ਅਤੇ ਜੋ ਹਾਲ ਇਸਰਾਏਲੀਆਂ ਦੇ ਪਰਤਾਪ ਦਾ ਹੋਇਆ, ਉਹੋ ਉਨ੍ਹਾਂ ਦਾ ਹਾਲ ਹੋਵੇਗਾ, ਸੈਨਾਂ ਦੇ ਯਹੋਵਾਹ ਦਾ ਵਾਕ ਹੈ।

4 ਉਸ ਦਿਨ ਅਜਿਹਾ ਹੋਵੇਗਾ, ਕਿ ਯਾਕੂਬ ਦਾ ਪਰਤਾਪ ਘਟਾਇਆ ਜਾਵੇਗਾ, ਅਤੇ ਉਹ ਦਾ ਮੋਟਾ ਸਰੀਰ ਪਤਲਾ ਪੈ ਜਾਵੇਗਾ, 5 ਅਤੇ ਅਜਿਹਾ ਹੋਵੇਗਾ ਕਿ ਜਿਵੇਂ ਕੋਈ ਵਾਢਾ ਆਪਣੀ ਖੜ੍ਹੀ ਫ਼ਸਲ ਇਕੱਠੀ ਕਰਦਾ ਹੋਵੇ, ਅਤੇ ਉਹ ਦਾ ਹੱਥ ਸਿੱਟੇ ਤੋੜਦਾ ਹੋਵੇ, ਅਤੇ ਜਿਵੇਂ ਕੋਈ ਰਫ਼ਾਈਮ ਦੀ ਘਾਟੀ ਵਿੱਚ ਸਿਲਾ ਚੁਗਦਾ ਹੋਵੇ। 6 ਤਾਂ ਉਹ ਦੇ ਵਿੱਚ ਕੁਝ ਲੱਗ ਲਬੇੜ ਰਹਿ ਜਾਵੇਗੀ, ਜਿਵੇਂ ਜ਼ੈਤੂਨ ਦੇ ਹਲੂਣੇ ਨਾਲ, ਦੋ-ਤਿੰਨ ਦਾਣੇ ਉੱਪਰਲੇ ਟਹਿਣੇ ਦੇ ਸਿਰੇ ਤੇ, ਚਾਰ-ਪੰਜ ਫਲਦਾਰ ਰੁੱਖ ਦੇ ਬਾਹਰਲੇ ਟਹਿਣਿਆਂ ਉੱਤੇ, ਇਸਰਾਏਲ ਦੇ ਪਰਮੇਸ਼ੁਰ ਯਹੋਵਾਹ ਦਾ ਵਾਕ ਹੈ।

7 ਉਸ ਦਿਨ ਮਨੁੱਖ ਆਪਣੇ ਸਿਰਜਣਹਾਰ ਵੱਲ ਗੌਰ ਕਰਨਗੇ, ਅਤੇ ਉਨ੍ਹਾਂ ਦੀਆਂ ਅੱਖਾਂ ਇਸਰਾਏਲ ਦੇ ਪਵਿੱਤਰ ਪਰਮੇਸ਼ੁਰ ਵੱਲ ਵੇਖਣਗੀਆਂ। 8 ਉਹ ਜਗਵੇਦੀਆਂ ਵੱਲ ਆਪਣੀ ਦਸਤਕਾਰੀ ਉੱਤੇ ਗੌਰ ਨਾ ਕਰਨਗੇ, ਨਾ ਆਪਣੀਆਂ ਉਂਗਲੀਆਂ ਦੀ ਕਿਰਤ ਵੱਲ, ਨਾ ਅਸ਼ੇਰਾਹ ਦੀਆਂ ਮੂਰਤਾਂ ਵੱਲ ਨਾ ਸੂਰਜ ਥੰਮ੍ਹਾਂ ਵੱਲ ਵੇਖਣਗੇ। 9 ਉਸ ਦਿਨ ਉਨ੍ਹਾਂ ਦੇ ਤਕੜੇ ਸ਼ਹਿਰ ਉਸ ਜੰਗਲ ਦੇ ਅਤੇ ਉਸ ਟੀਸੀ ਦੇ ਛੱਡੇ ਹੋਏ ਥਾਵਾਂ ਵਾਂਗੂੰ ਹੋਣਗੇ, ਜਿਹੜੇ ਇਸਰਾਏਲੀਆਂ ਦੇ ਡਰ ਦੇ ਕਾਰਨ ਛੱਡੇ ਗਏ, ਉਹ ਵਿਰਾਨ ਹੋਣਗੇ।

10 ਤੂੰ ਤਾਂ ਆਪਣੀ ਮੁਕਤੀ ਦੇ ਪਰਮੇਸ਼ੁਰ ਨੂੰ ਵਿਸਾਰ ਦਿੱਤਾ, ਅਤੇ ਆਪਣੀ ਤਕੜੀ ਚੱਟਾਨ ਨੂੰ ਯਾਦ ਨਾ ਰੱਖਿਆ, ਇਸ ਲਈ ਭਾਵੇਂ ਤੂੰ ਸੋਹਣੇ ਬੂਟੇ ਲਾਵੇਂ, ਅਤੇ ਵਿਦੇਸ਼ੀ ਦਾਬ ਨੂੰ ਦੱਬੇਂ, 11 ਭਾਵੇਂ ਤੂੰ ਉਸ ਨੂੰ ਲਾਉਣ ਦੇ ਦਿਨ ਉਹ ਦੀ ਵਾੜ ਕਰੇਂ, ਅਤੇ ਸਵੇਰ ਨੂੰ ਆਪਣੇ ਬੀਜ ਤੋਂ ਕਲੀਆਂ ਫੁਟਵਾ ਲਵੇਂ, ਪਰ ਫ਼ਸਲ ਸੋਗ ਅਤੇ ਡਾਢੀ ਪੀੜ ਦੇ ਦਿਨ ਵਿੱਚ ਉੱਡ ਜਾਵੇਗੀ।

ਦੁਸ਼ਮਣ ਦੇਸਾਂ ਦੀ ਹਾਰ

12 ਹਾਏ! ਦੇਸ਼-ਦੇਸ਼ ਦੇ ਲੋਕਾਂ ਦੀ ਗੱਜ, ਉਹ ਸਮੁੰਦਰਾਂ ਦੀਆਂ ਲਹਿਰਾਂ ਵਾਂਗੂੰ ਉਹ ਗੱਜਦੇ ਹਨ! ਅਤੇ ਉੱਮਤਾਂ ਦਾ ਰੌਲ਼ਾ! ਉਹ ਹੜ੍ਹਾਂ ਦੇ ਰੌਲ਼ੇ ਵਾਂਗੂੰ ਰੌਲ਼ਾ ਪਾਉਂਦੇ ਹਨ। 13 ਉੱਮਤਾਂ ਬਹੁਤੇ ਪਾਣੀਆਂ ਦੇ ਰੌਲ਼ੇ ਵਾਂਗੂੰ ਰੌਲ਼ਾ ਪਾਉਂਦੀਆਂ ਹਨ, ਪਰ ਉਹ ਉਨ੍ਹਾਂ ਨੂੰ ਝਿੜਕੇਗਾ ਅਤੇ ਉਹ ਦੂਰ-ਦੂਰ ਨੱਠ ਜਾਣਗੀਆਂ। ਉਹ ਇਸ ਤਰ੍ਹਾਂ ਭਜਾਏ ਜਾਣਗੇ, ਜਿਵੇਂ ਪਹਾੜਾਂ ਦਾ ਕੱਖ ਪੌਣ ਅੱਗੋਂ, ਅਤੇ ਜਿਵੇਂ ਵਾਵਰੋਲੇ ਦੀ ਧੂੜ ਝੱਖੜ-ਝੋਲੇ ਅੱਗੋਂ ਉੱਡ ਜਾਂਦਾ ਹੈ। 14 ਸ਼ਾਮ ਦੇ ਵੇਲੇ, ਵੇਖੋ ਖੌਫ਼ ਹੈ! ਸਵੇਰ ਤੋਂ ਪਹਿਲਾਂ ਉਹ ਹਨ ਹੀ ਨਹੀਂ, - ਇਹ ਸਾਨੂੰ ਨਾਸ ਕਰਨ ਵਾਲਿਆਂ ਦਾ ਹਿੱਸਾ, ਅਤੇ ਸਾਨੂੰ ਲੁੱਟਣ ਵਾਲਿਆਂ ਦਾ ਭਾਗ ਹੈ।

Estes versículos te tocaram? Ore agora!

+581 estão orando agora.

Junte-se à corrente de oração.