ਪਰਮੇਸ਼ੁਰ ਹੀ ਇੱਕਮਾਤਰ ਛੁਡਾਉਣ ਵਾਲਾ
1 ਹੇ ਯਾਕੂਬ, ਤੇਰਾ ਕਰਤਾਰ, ਅਤੇ ਹੇ ਇਸਰਾਏਲ, ਤੇਰਾ ਸਿਰਜਣਹਾਰ ਯਹੋਵਾਹ ਹੁਣ ਇਹ ਆਖਦਾ ਹੈ, ਨਾ ਡਰ, ਕਿਉਂ ਜੋ ਮੈਂ ਤੈਨੂੰ ਛੁਡਾ ਲਿਆ ਹੈ, ਮੈਂ ਤੇਰਾ ਨਾਮ ਲੈ ਕੇ ਤੈਨੂੰ ਬੁਲਾਇਆ ਹੈ, ਤੂੰ ਮੇਰਾ ਹੀ ਹੈਂ। 2 ਜਦ ਤੂੰ ਪਾਣੀਆਂ ਦੇ ਵਿੱਚੋਂ ਦੀ ਲੰਘੇਂਗਾ, ਮੈਂ ਤੇਰੇ ਅੰਗ-ਸੰਗ ਹੋਵਾਂਗਾ, ਅਤੇ ਜਦ ਨਦੀਆਂ ਦੇ ਵਿੱਚੋਂ ਦੀ, ਉਹ ਤੈਨੂੰ ਨਾ ਡੋਬਣਗੀਆਂ, ਜਦ ਤੂੰ ਅੱਗ ਦੇ ਵਿੱਚੋਂ ਦੀ ਚੱਲੇਂਗਾ, ਉਹ ਤੈਨੂੰ ਨਾ ਸਾੜੇਗੀ, ਨਾ ਲਾਟ ਤੇਰੇ ਉੱਤੇ ਬਲੇਗੀ। 3 ਮੈਂ ਤਾਂ ਯਹੋਵਾਹ ਤੇਰਾ ਪਰਮੇਸ਼ੁਰ ਹਾਂ, ਇਸਰਾਏਲ ਦਾ ਪਵਿੱਤਰ ਪੁਰਖ, ਤੇਰਾ ਬਚਾਉਣ ਵਾਲਾ ਹਾਂ, ਮੈਂ ਮਿਸਰ ਨੂੰ ਤੇਰੀ ਰਿਹਾਈ ਲਈ ਅਤੇ ਕੂਸ਼ ਅਤੇ ਸ਼ਬਾ ਨੂੰ ਤੇਰੇ ਵਟਾਂਦਰੇ ਵਿੱਚ ਦਿੰਦਾ ਹਾਂ।