ਪਰਮੇਸ਼ੁਰ ਦੀ ਦਯਾ: ਸਾਰੇ ਮਨੁੱਖਾਂ ਦੇ ਲਈ
1 ਆਓ, ਹਰੇਕ ਜੋ ਤਿਹਾਇਆ ਹੈ, ਤੁਸੀਂ ਪਾਣੀ ਲਈ ਆਓ, ਅਤੇ ਜਿਸ ਦੇ ਕੋਲ ਚਾਂਦੀ ਨਹੀਂ, ਤੁਸੀਂ ਵੀ ਆਓ, ਲੈ ਲਓ ਅਤੇ ਖਾਓ, ਆਓ, ਬਿਨ੍ਹਾਂ ਚਾਂਦੀ, ਬਿਨ੍ਹਾਂ ਮੁੱਲ ਮਧ ਤੇ ਦੁੱਧ ਲੈ ਲਓ! 2 ਜਿਹੜੀ ਰੋਟੀ ਨਹੀਂ, ਉਹ ਦੇ ਲਈ ਤੁਸੀਂ ਆਪਣੀ ਚਾਂਦੀ ਅਤੇ ਜਿਹੜੀ ਚੀਜ਼ ਰਜਾਉਂਦੀ ਨਹੀਂ ਉਹ ਦੇ ਲਈ ਆਪਣੀ ਮਿਹਨਤ ਕਿਉਂ ਖਰਚਦੇ ਹੋ? ਧਿਆਨ ਨਾਲ ਮੇਰੀ ਸੁਣੋ ਅਤੇ ਚੰਗਾ ਖਾਓ, ਤੁਹਾਡਾ ਜੀ ਚਿਕਨਾਈ ਨਾਲ ਤ੍ਰਿਪਤ ਹੋ ਜਾਵੇ। 3 ਕੰਨ ਲਾਓ ਅਤੇ ਮੇਰੇ ਵੱਲ ਆਓ, ਸੁਣੋ ਤਾਂ ਤੁਸੀਂ ਜੀਉਂਦੇ ਰਹੋਗੇ, ਅਤੇ ਮੈਂ ਤੁਹਾਡੇ ਨਾਲ ਇੱਕ ਸਦੀਪਕ ਨੇਮ ਬੰਨ੍ਹਾਂਗਾ, ਅਰਥਾਤ ਦਾਊਦ ਨਾਲ ਬੰਨ੍ਹੀਆਂ ਅਟੱਲ ਦਿਆਲ਼ਗੀਆਂ ਦਾ ਨੇਮ। 4 ਵੇਖ, ਮੈਂ ਉਹ ਨੂੰ ਕੌਮਾਂ ਲਈ ਗਵਾਹ ਠਹਿਰਾਇਆ ਹੈ, ਲੋਕਾਂ ਲਈ ਪ੍ਰਧਾਨ ਅਤੇ ਹਾਕਮ। 5 ਵੇਖ, ਤੂੰ ਇੱਕ ਕੌਮ ਨੂੰ ਸੱਦੇਂਗਾ ਜਿਸ ਨੂੰ ਤੂੰ ਨਹੀਂ ਜਾਣਦਾ, ਅਤੇ ਅਜਿਹੀਆਂ ਕੌਮਾਂ ਨੂੰ ਜੋ ਤੈਨੂੰ ਨਹੀਂ ਜਾਣਦੀਆਂ, ਤੇਰੇ ਕੋਲ ਭੱਜੀਆਂ ਆਉਣਗੀਆਂ, ਇਹ ਯਹੋਵਾਹ ਤੇਰੇ ਪਰਮੇਸ਼ੁਰ ਅਤੇ ਇਸਰਾਏਲ ਦੇ ਪਵਿੱਤਰ ਪੁਰਖ ਦੇ ਕਾਰਨ ਹੋਵੇਗਾ, ਜਿਸ ਨੇ ਤੈਨੂੰ ਸ਼ੋਭਾਮਾਨ ਕੀਤਾ ਹੈ।
6 ਯਹੋਵਾਹ ਨੂੰ ਭਾਲੋ ਜਦ ਤੱਕ ਉਹ ਲੱਭ ਸਕੇ, ਉਹ ਨੂੰ ਪੁਕਾਰੋ ਜਦ ਤੱਕ ਉਹ ਨੇੜੇ ਹੈ।