Pular para o conteúdo
Publicidade

ਕਹਾਉਤਾਂ 22

ਬੁੱਧਵਾਨਾਂ ਦੀਆਂ ਤੀਹ ਕਹਾਉਤਾਂ

1 ਵੱਡੇ ਧਨ ਨਾਲੋਂ ਨੇਕਨਾਮੀ ਚੁਣਨੀ ਚਾਹੀਦੀ ਹੈ,

ਅਤੇ ਸੋਨੇ ਚਾਂਦੀ ਨਾਲੋਂ ਕਿਰਪਾ ਚੰਗੀ ਹੈ।

2 ਧਨੀ ਅਤੇ ਕੰਗਾਲ ਇੱਕ ਸਮਾਨਤਾ ਹੈ,

ਕਿ ਉਨ੍ਹਾਂ ਸਭਨਾਂ ਦਾ ਸਿਰਜਣਹਾਰ ਯਹੋਵਾਹ ਹੈ।

3 ਸਿਆਣਾ ਤਾਂ ਬਿਪਤਾ ਨੂੰ ਵੇਖ ਕੇ ਲੁੱਕ ਜਾਂਦਾ ਹੈ,

ਪਰ ਭੋਲੇ ਅਗਾਹਾਂ ਵਧ ਕੇ ਕਸ਼ਟ ਭੋਗਦੇ ਹਨ।

4 ਨਮਰਤਾ ਅਤੇ ਯਹੋਵਾਹ ਦਾ ਭੈਅ ਮੰਨਣ ਦਾ ਫਲ ਧਨ,

ਆਦਰ ਅਤੇ ਜੀਵਨ ਹੈ।

5 ਟੇਢਿਆਂ ਦੇ ਰਾਹ ਵਿੱਚ ਕੰਡੇ ਅਤੇ ਫਾਹੀਆਂ ਹੁੰਦੀਆਂ ਹਨ,

ਜਿਹੜਾ ਆਪਣੀ ਜਾਨ ਦੀ ਰੱਖਿਆ ਕਰਦਾ ਹੈ ਉਹ ਉਨ੍ਹਾਂ ਤੋਂ ਦੂਰ ਰਹਿੰਦਾ ਹੈ।

6 ਬੱਚੇ ਨੂੰ ਉਸ ਰਾਹ ਦੀ ਸਿੱਖਿਆ ਦੇ ਜਿਸ ਵਿੱਚ ਉਸ ਨੂੰ ਚੱਲਣਾ ਚਾਹੀਦਾ ਹੈ,

ਤਾਂ ਉਹ ਬੁੱਢਾ ਹੋ ਕੇ ਵੀ ਉਸ ਤੋਂ ਕਦੀ ਨਾ ਹਟੇਗਾ।

7 ਧਨਵਾਨ ਕੰਗਾਲਾਂ ਉੱਤੇ ਹੁਕਮ ਚਲਾਉਂਦਾ ਹੈ,

ਅਤੇ ਉਧਾਰ ਲੈਣ ਵਾਲਾ ਉਧਾਰ ਦੇਣ ਵਾਲੇ ਦਾ ਦਾਸ ਹੁੰਦਾ ਹੈ।

8 ਜਿਹੜਾ ਬੁਰਾਈ ਬੀਜਦਾ ਹੈ ਉਹ ਬਿਪਤਾ ਹੀ ਵੱਢੇਗਾ,

ਅਤੇ ਉਹ ਦੇ ਕਹਿਰ ਦੀ ਲਾਠੀ ਟੁੱਟ ਜਾਵੇਗੀ।

9 ਜਿਹੜਾ ਭਲਿਆਈ ਦੀ ਨਿਗਾਹ ਕਰਦਾ ਹੈ ਉਹ ਮੁਬਾਰਕ ਹੈ,

ਕਿਉਂ ਜੋ ਉਹ ਗਰੀਬ ਨੂੰ ਆਪਣੀ ਰੋਟੀ ਵਿੱਚੋਂ ਦਿੰਦਾ ਹੈ।

10 ਠੱਠਾ ਕਰਨ ਵਾਲੇ ਨੂੰ ਕੱਢ ਦੇ ਤਾਂ ਝਗੜਾ ਮੁੱਕ ਜਾਵੇਗਾ,

ਨਾਲੇ ਬਹਿਸ ਅਤੇ ਨਿਰਾਦਰ ਮਿਟ ਜਾਣਗੇ।

11 ਜਿਹੜਾ ਮਨ ਦੀ ਸ਼ੁੱਧਤਾ ਨਾਲ ਪ੍ਰੇਮ ਰੱਖਦਾ ਹੈ,

ਜਿਹ ਦੇ ਬੁੱਲ ਦਯਾਵਾਨ ਹਨ, ਰਾਜਾ ਉਹ ਦਾ ਮਿੱਤਰ ਹੋਵੇਗਾ।

12 ਯਹੋਵਾਹ ਦੀ ਨਿਗਾਹ ਗਿਆਨ ਦੀ ਰੱਖਿਆ ਕਰਦੀ ਹੈ,

ਪਰ ਧੋਖੇਬਾਜ਼ ਦੀਆਂ ਗੱਲਾਂ ਨੂੰ ਉਹ ਉਲਟ ਪੁਲਟ ਕਰ ਦਿੰਦਾ ਹੈ।

13 ਆਲਸੀ ਆਖਦਾ ਹੈ ਭਈ ਬਾਹਰ ਤਾਂ ਸ਼ੇਰ ਹੈ,

ਮੈਂ ਗਲੀਆਂ ਵਿੱਚ ਪਾੜਿਆ ਜਾਂਵਾਂਗਾ!

14 ਪਰਾਈ ਔਰਤ ਦਾ ਮੂੰਹ ਇੱਕ ਡੂੰਘਾ ਟੋਆ ਹੈ,

ਉਹ ਦੇ ਵਿੱਚ ਉਹ ਡਿੱਗਦਾ ਹੈ ਜਿਸ ਉੱਤੇ ਯਹੋਵਾਹ ਕ੍ਰੋਧਿਤ ਹੈ।

15 ਬਾਲਕ ਦੇ ਮਨ ਵਿੱਚ ਮੂਰਖਤਾਈ ਬੱਧੀ ਹੋਈ ਹੁੰਦੀ ਹੈ,

ਤਾੜਨ ਦੀ ਸੋਟੀ ਉਹ ਨੂੰ ਉਸ ਤੋਂ ਦੂਰ ਕਰ ਦਿੰਦੀ ਹੈ।

16 ਜਿਹੜਾ ਆਪਣਾ ਧਨ ਵਧਾਉਣ ਲਈ ਗਰੀਬ ਉੱਤੇ ਅਨ੍ਹੇਰ ਕਰਦਾ,

ਅਤੇ ਜੋ ਧਨਵਾਨ ਨੂੰ ਭੇਂਟ ਦਿੰਦਾ ਹੈ ਉਹਨਾਂ ਨੂੰ ਘਾਟਾ ਹੀ ਹੁੰਦਾ ਹੈ।

17 ਕੰਨ ਲਾ ਕੇ ਬੁੱਧਵਾਨਾਂ ਦੇ ਬਚਨ ਸੁਣ,

ਅਤੇ ਮੇਰੇ ਗਿਆਨ ਵੱਲ ਆਪਣਾ ਮਨ ਲਾ,

18 ਜੇ ਤੂੰ ਆਪਣੇ ਮਨ ਵਿੱਚ ਉਹਨਾਂ ਦੀ ਪਾਲਣਾ ਕਰੇਂ ਅਤੇ ਓਹ ਸਭ ਤੇਰੇ ਮੂੰਹ ਵਿੱਚੋਂ ਨਿੱਕਲਣ,

ਤਾਂ ਇਹ ਮਨ ਭਾਉਣੀ ਗੱਲ ਹੈ।

19 ਮੈਂ ਅੱਜ ਦੇ ਦਿਨ ਓਹ ਤੈਨੂੰ,

ਹਾਂ, ਤੈਨੂੰ ਹੀ ਸਿਖਾ ਦਿੱਤੀਆਂ ਹਨ,

ਭਈ ਤੇਰਾ ਭਰੋਸਾ ਯਹੋਵਾਹ ਉੱਤੇ ਹੋਵੇ।

20 ਭਲਾ, ਮੈਂ ਤੇਰੇ ਲਈ ਤੀਹ ਕਹਾਉਤਾਂ ਉਪਦੇਸ਼ ਅਤੇ ਗਿਆਨ ਲਈ ਨਹੀਂ ਲਿਖੀਆਂ,

21 ਭਈ ਮੈਂ ਤੈਨੂੰ ਸਚਿਆਈ ਦੇ ਬਚਨਾਂ ਦੀ ਖਰਿਆਈ ਸਿਖਾਵਾਂ,

ਕਿ ਤੂੰ ਸਚਿਆਈ ਦੇ ਬਚਨ ਆਪਣੇ ਘੱਲਣ ਵਾਲਿਆਂ ਕੋਲ ਲੈ ਜਾਵੇਂ?

22 ਕੰਗਾਲ ਨੂੰ ਨਾ ਲੁੱਟ ਕਿਉਂ ਜੋ ਉਹ ਗਰੀਬ ਹੈ,

ਅਤੇ ਨਾ ਦੁਖੀਏ ਉੱਤੇ ਫਾਟਕ ਵਿੱਚ ਅਨ੍ਹੇਰ ਕਰ,

23 ਕਿਉਂ ਜੋ ਯਹੋਵਾਹ ਉਨ੍ਹਾਂ ਦਾ ਮੁਕੱਦਮਾ ਲੜੇਗਾ,

ਅਤੇ ਉਹਨਾਂ ਦੇ ਲੁੱਟਣ ਵਾਲਿਆਂ ਦੀ ਜਾਨ ਨੂੰ ਲੁੱਟੇਗਾ।

24 ਕ੍ਰੋਧੀ ਦਾ ਸਾਥੀ ਨਾ ਬਣੀਂ

ਅਤੇ ਛੇਤੀ ਗੁੱਸਾ ਕਰਨ ਵਾਲੇ ਦੇ ਨਾਲ ਨਾ ਤੁਰੀਂ,

25 ਕਿਤੇ ਅਜਿਹਾ ਨਾ ਹੋਵੇ ਜੋ ਤੂੰ ਉਹ ਦੀ ਚਾਲ ਸਿੱਖ ਲਵੇਂ,

ਅਤੇ ਤੇਰੀ ਜਾਨ ਫਾਹੀ ਵਿੱਚ ਫਸ ਜਾਵੇ।

26 ਜਿਹੜੇ ਹੱਥ ਤੇ ਹੱਥ ਮਾਰਦੇ

ਅਤੇ ਕਰਜ਼ਾਈ ਦੇ ਜ਼ਮਾਨਤੀ ਬਣਦੇ ਹਨ, ਤੂੰ ਉਹਨਾਂ ਦੇ ਵਿੱਚ ਨਾ ਹੋ।

27 ਜੇ ਤੇਰੇ ਕੋਲ ਭਰਨ ਨੂੰ ਕੁਝ ਨਾ ਹੋਵੇ,

ਤਾਂ ਉਹ ਤੇਰੇ ਵਿਛਾਉਣੇ ਨੂੰ ਤੇਰੇ ਹੇਠੋਂ ਖਿੱਚ ਲੈ ਜਾਵੇਗਾ।

28 ਜਿਹੜੇ ਪੁਰਾਣੇ ਬੰਨੇ ਤੇਰੇ ਵੱਡਿਆਂ ਨੇ ਲਾਏ ਸਨ,

ਉਹਨਾਂ ਨੂੰ ਤੂੰ ਨਾ ਸਰਕਾ।

29 ਜੇ ਤੂੰ ਕਿਸੇ ਨੂੰ ਉਹ ਦੇ ਕੰਮ ਵਿੱਚ ਨਿਪੁੰਨ ਵੇਖਦਾ ਹੈਂ?

ਉਹ ਰਾਜੇ ਦੇ ਸਨਮੁਖ ਖੜ੍ਹਾ ਹੋਵੇਗਾ, ਉਹ ਛੋਟਿਆਂ ਦੇ ਅੱਗੇ ਖੜ੍ਹਾ ਨਾ ਹੋਵੇਗਾ।

Estes versículos te tocaram? Ore agora!

+581 estão orando agora.

Junte-se à corrente de oração.