Publicidade

Efésios 4

ਮਸੀਹ ਦੇ ਸਰੀਰ ਵਿੱਚ ਏਕਤਾ ਅਤੇ ਸਿਆਣਪੁਣਾ

1 ਪ੍ਰਭੂ ਲਈ ਕੈਦੀ ਹੋਣ ਦੇ ਨਾਤੇ, ਫਿਰ, ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਪ੍ਰਾਪਤ ਹੋਈ ਬੁਲਾਹਟ ਦੇ ਯੋਗ ਜੀਵਨ ਜੀਓ। 2 ਪੂਰੀ ਤਰ੍ਹਾਂ ਨਿਮਰ ਅਤੇ ਕੋਮਲ ਬਣੋ; ਧੀਰਜ ਰੱਖੋ, ਪਿਆਰ ਵਿੱਚ ਇੱਕ-ਦੂਜੇ ਨਾਲ ਸਹਿਣ ਕਰੋ। 3 ਸ਼ਾਂਤੀ ਦੇ ਬੰਧਨ ਦੁਆਰਾ ਆਤਮਾ ਦੀ ਏਕਤਾ ਬਣਾਈ ਰੱਖਣ ਦੀ ਹਰ ਕੋਸ਼ਿਸ਼ ਕਰੋ। 4 ਇੱਕ ਸਰੀਰ ਅਤੇ ਇੱਕ ਆਤਮਾ ਹੈ, ਇਸ ਲਈ ਜਦੋਂ ਤੁਹਾਨੂੰ ਬੁਲਾਇਆ ਗਿਆ ਸੀ ਤਾਂ ਇੱਕੋ ਆਸ ਲਈ ਬੁਲਾਇਆ ਗਿਆ ਸੀ; 5 ਇੱਕ ਪ੍ਰਭੂ, ਇੱਕ ਵਿਸ਼ਵਾਸ, ਇੱਕ ਬਪਤਿਸਮਾ; 6 ਇੱਕ ਪਰਮੇਸ਼ਵਰ ਜੋ ਸਾਰਿਆਂ ਦਾ ਪਿਤਾ, ਸਾਰਿਆਂ ਉੱਤੇ ਅਤੇ ਸਾਰਿਆਂ ਦੇ ਦੁਆਰਾ ਅਤੇ ਸਾਰਿਆਂ ਵਿੱਚ ਹੈ।

7 ਪਰ ਸਾਡੇ ਵਿੱਚੋਂ ਹਰ ਇੱਕ ਨੂੰ ਕਿਰਪਾ ਦਿੱਤੀ ਗਈ ਹੈ ਜਿਵੇਂ ਕਿ ਮਸੀਹ ਨੇ ਇਸ ਨੂੰ ਵੰਡਿਆ ਹੈ। 8 ਇਹੀ ਕਾਰਨ ਹੈ ਕਿ ਇਹ ਪਵਿੱਤਰ ਸ਼ਾਸਤਰ ਵਿੱਚ ਕਹਿ ਗਿਆ ਸੀ:

"ਜਦੋਂ ਉਹ ਉਤਾਹ ਉਠਾਇਆ ਗਿਆ,

ਉਸ ਨੇ ਬਹੁਤ ਸਾਰੇ ਬੰਦੀਆਂ ਨੂੰ ਲਿਆ ਅਤੇ

ਆਪਣੇ ਲੋਕਾਂ ਨੂੰ ਤੋਹਫ਼ੇ ਦਿੱਤੇ।"

9 "ਉਹ ਚੜ੍ਹਿਆ" ਦਾ ਕੀ ਮਤਲਬ ਹੈ, ਇਸ ਤੋਂ ਇਲਾਵਾ ਮਸੀਹ ਧਰਤੀ ਦੇ ਹੇਠਲੇ, ਥਾਵਾਂ ਵਿੱਚ ਵੀ ਉੱਤਰਿਆ ਸੀ? 10 ਉਹ, ਜੋ ਉਤਰਦਾ ਹੈ, ਉਹ ਹੈ ਜੋ ਸਾਰੀ ਸ੍ਰਿਸ਼ਟੀ ਨੂੰ ਭਰਨ ਲਈ ਅਕਾਸ਼ ਤੋਂ ਉੱਚੇ ਸਥਾਨ ਤੇ ਚੜ੍ਹਦਾ ਹੈ। 11 ਇਸ ਲਈ ਮਸੀਹ ਨੇ ਖੁਦ ਰਸੂਲ, ਨਬੀ, ਪ੍ਰਚਾਰਕ, ਪਾਦਰੀ ਅਤੇ ਅਧਿਆਪਕ ਦਿੱਤੇ, 12 ਤਾਂ ਜੋ ਆਪਣੇ ਸੰਤਾਂ ਨੂੰ ਸੇਵਾ ਦੇ ਕੰਮਾਂ ਲਈ ਤਿਆਰ ਕਰਨ, ਤਾਂ ਜੋ ਮਸੀਹ ਦਾ ਸਰੀਰ ਤਿਆਰ ਕੀਤਾ ਜਾ ਸਕੇ। 13 ਜਦੋਂ ਤੱਕ ਅਸੀਂ ਸਾਰੇ ਵਿਸ਼ਵਾਸ ਅਤੇ ਪਰਮੇਸ਼ਵਰ ਦੇ ਪੁੱਤਰ ਦੇ ਗਿਆਨ ਵਿੱਚ ਏਕਤਾ ਪ੍ਰਾਪਤ ਨਹੀਂ ਕਰਦੇ ਅਤੇ ਸਿਆਣੇ ਨਹੀਂ ਹੋ ਜਾਂਦੇ ਹਾਂ, ਮਸੀਹ ਦੀ ਸੰਪੂਰਨਤਾ ਵਿੱਚ ਪੂਰੇ ਨਾ ਹੋ ਜਾਈਏ।

14 ਕਿ ਅਸੀਂ ਅਗਾਹਾਂ ਨੂੰ ਬਾਲਕ ਨਾ ਰਹੀਏ, ਜੋ ਸਮੁੰਦਰ ਦੀ ਲਹਿਰਾਂ ਵਾਂਗ ਇੱਧਰ-ਉੱਧਰ ਉਛਾਲੇ ਜਾਣ ਅਤੇ ਮਨੁੱਖ ਦੀ ਧੋਖੇਬਾਜ਼ ਬੁੱਧੀ ਅਤੇ ਮਨੁੱਖ ਦੀ ਚਲਾਕੀ ਦੇ ਤੂਫ਼ਾਨ ਤੋਂ ਦੂਰ ਰਹਿ ਸਕੀਏ। 15 ਸਗੋਂ ਅਸੀਂ ਪ੍ਰੇਮ ਨਾਲ ਸੱਚ ਕਮਾਉਂਦਿਆਂ ਹੋਇਆ ਉਸ ਵਿੱਚ ਜੋ ਸਿਰ ਹੈ ਅਰਥਾਤ ਮਸੀਹ ਵਿੱਚ ਹਰ ਤਰ੍ਹਾਂ ਵਧਦੇ ਜਾਈਏ। 16 ਜਿਸ ਦੁਆਰਾ ਪੂਰਾ ਸਰੀਰ ਜੁੜਦਾ ਅਤੇ ਬਣਦਾ ਹੈ ਅਤੇ ਪਿਆਰ ਨਾਲ ਵਧਦਾ ਹੈ ਕਿਉਂਕਿ ਹਰੇਕ ਅੰਗ ਆਪਣਾ ਕੰਮ ਸਹੀ ਢੰਗ ਨਾਲ ਕਰਦਾ ਰਹਿੰਦਾ ਹੈ।

ਮਸੀਹ ਜੀਵਨ ਦੇ ਲਈ ਨਿਰਦੇਸ਼

17 ਇਸ ਲਈ ਮੈਂ ਤੁਹਾਨੂੰ ਇਹ ਦੱਸਦਾ ਹਾਂ ਅਤੇ ਪ੍ਰਭੂ ਵਿੱਚ ਇਸ ਉੱਤੇ ਜ਼ੋਰ ਦੇ ਕਿ ਬੇਨਤੀ ਕਰਦਾ ਹਾਂ, ਕਿ ਤੁਹਾਡਾ ਸੁਭਾਉ ਹੁਣ ਗ਼ੈਰ-ਯਹੂਦੀਆਂ ਦੀ ਤਰ੍ਹਾਂ ਨਾ ਹੋਵੇ ਜਿਨ੍ਹਾਂ ਦੀ ਸੋਚ ਵਿਅਰਥਤ ਹੈ। 18 ਉਹ ਆਪਣੀ ਸਮਝ ਵਿੱਚ ਹਨੇਰਾ ਹੋ ਗਏ ਹਨ ਅਤੇ ਉਨ੍ਹਾਂ ਦੇ ਦਿਲ ਕਠੋਰ ਹੋਣ ਕਾਰਨ, ਉਹ ਅਗਿਆਨਤਾ ਵਿੱਚ ਪਰਮੇਸ਼ਵਰ ਦੇ ਜੀਵਨ ਤੋਂ ਦੂਰ ਹੋ ਗਏ ਹਨ। 19 ਉਹਨਾਂ ਨੇ ਸੁੰਨ ਹੋ ਕੇ ਆਪਣੇ ਆਪ ਨੂੰ ਲੁੱਚ-ਪੁਣੇ ਦੇ ਹੱਥ ਸੌਂਪ ਦਿੱਤਾ ਭਈ ਹਰ ਭਾਂਤ ਦੇ ਗੰਦੇ-ਮੰਦੇ ਕੰਮ ਕਰਨ।

20 ਤੁਹਾਨੂੰ ਇਸ ਤਰ੍ਹਾਂ ਮਸੀਹ ਬਾਰੇ ਨਹੀਂ ਸਿਖਾਇਆ ਗਿਆ ਸੀ। 21 ਜੇ ਤੁਸੀਂ ਸੱਚ-ਮੁੱਚ ਉਸ ਬਾਰੇ ਸੁਣਿਆ ਹੈ ਅਤੇ ਉਸ ਦੀ ਸਿੱਖਿਆ ਨੂੰ ਪ੍ਰਾਪਤ ਕੀਤਾ ਹੈ, ਜੋ ਮਸੀਹ ਯਿਸ਼ੂ ਵਿੱਚ ਸੱਚਾਈ ਦੇ ਅਨੁਸਾਰ ਹੈ। 22 ਇਸ ਲਈ ਆਪਣੇ ਪੁਰਾਣੇ ਸੁਭਾਅ ਨੂੰ ਛੱਡ ਦਿਓ, ਜੋ ਧੋਖੇ ਦੀ ਲਾਲਸਾ ਦੁਆਰਾ ਭ੍ਰਿਸ਼ਟ ਹੋ ਰਿਹਾ ਹੈ। 23 ਆਪਣੇ ਮਨਾਂ ਦੇ ਵਰਤਾਓ ਵਿੱਚ ਨਵੇਂ ਬਣੋ; 24 ਅਤੇ ਨਵੇਂ ਸੁਭਾਓ ਨੂੰ ਪਹਿਨ ਲਵੋ, ਜੋ ਧਾਰਮਿਕਤਾ ਅਤੇ ਪਵਿੱਤਰਤਾ ਵਿੱਚ ਪਰਮੇਸ਼ਵਰ ਦੇ ਸਰੂਪ ਵਿੱਚ ਬਣਾਇਆ ਗਿਆ ਹੈ।

25 ਇਸ ਲਈ ਤੁਹਾਡੇ ਵਿੱਚੋਂ ਹਰੇਕ ਝੂਠ ਨੂੰ ਤਿਆਗੇ ਅਤੇ ਆਪਣੇ ਗੁਆਂਢੀ ਨਾਲ ਸੱਚ ਬੋਲੇ, ਕਿਉਂਕਿ ਅਸੀਂ ਸਾਰੇ ਇੱਕ ਸਰੀਰ ਦੇ ਅੰਗ ਹਾਂ। 26 "ਤੁਸੀਂ ਗੁੱਸਾ ਕਰੋ ਪਰ ਪਾਪ ਨਾ ਕਰੋ," ਅਤੇ ਸੂਰਜ ਡੁੱਬਣ ਤੋਂ ਪਹਿਲਾਂ ਉਸ ਨੂੰ ਖਤਮ ਕਰੋ, (ਸੈਪਟੁਜਿੰਟ ਦੇਖੋ) 27 ਦੁਸ਼ਟ ਨੂੰ ਕੋਈ ਮੌਕਾ ਨਾ ਦਿਓ। 28 ਜਿਹੜਾ ਵਿਅਕਤੀ ਚੋਰੀ ਕਰਦਾ ਆ ਰਿਹਾ ਹੈ, ਉਸ ਨੂੰ ਹੁਣ ਚੋਰੀ ਨਹੀਂ ਸਗੋਂ ਭਲਿਆਈ ਕਰਨੀ ਚਾਹੀਦੀ ਹੈ ਤਾਂ ਜੋ ਉਹ ਆਪਣੇ ਹੱਥਾਂ ਨਾਲ ਕੀਤੇ ਲਾਭਦਾਇਕ ਕੰਮ ਦੁਆਰਾ ਹੋਰ ਲੋੜਵੰਦ ਲੋਕਾਂ ਦੀ ਵੀ ਮਦਦ ਕਰ ਸਕੇ।

29 ਆਪਣੇ ਮੂੰਹੋਂ ਕੋਈ ਵੀ ਗੰਦੀ ਗੱਲ ਨਾ ਨਿਕਲਣ ਦਿਓ, ਸਗੋਂ ਦੂਜਿਆਂ ਨੂੰ ਉਨ੍ਹਾਂ ਦੀਆਂ ਜ਼ਰੂਰਤਾਂ ਅਨੁਸਾਰ ਕਿਰਪਾ ਦੇ ਕਾਰਨ ਉਸਾਰਨ ਵਿੱਚ ਮਦਦਗਾਰ ਬਣੋ ਤਾਂ ਜੋ ਸੁਣਨ ਵਾਲਿਆਂ ਨੂੰ ਲਾਭ ਹੋ ਸਕੇ। 30 ਪਰਮੇਸ਼ਵਰ ਦੇ ਪਵਿੱਤਰ ਆਤਮਾ ਨੂੰ ਉਦਾਸ ਨਾ ਕਰੋ, ਜਿਸ ਦੁਆਰਾ ਤੁਹਾਡੇ ਉੱਤੇ ਛੁਟਕਾਰੇ ਦੇ ਦਿਨ ਲਈ ਮੋਹਰ ਲਗਾਈ ਗਈ ਹੈ। 31 ਆਪਣੇ ਅੰਦਰੋਂ ਕੁੜੱਤਣ, ਕ੍ਰੋਧ, ਕੋਪ, ਝਗੜਾ, ਨਿੰਦਾ, ਨਰਾਜ਼ਗੀ ਅਤੇ ਦੁਸ਼ਮਣੀ ਵਰਗੀਆਂ ਸਾਰੀਆਂ ਗੱਲਾਂ ਤੋਂ ਦੂਰ ਰਹੋ। 32 ਇੱਕ-ਦੂਜੇ ਨਾਲ ਦਿਆਲੂ ਅਤੇ ਤਰਸਵਾਨ ਬਣੋ ਅਤੇ ਇੱਕ-ਦੂਜੇ ਨੂੰ ਮਾਫ਼ ਕਰੋ ਜਿਵੇਂ ਪਰਮੇਸ਼ਵਰ ਨੇ ਮਸੀਹ ਵਿੱਚ ਤੁਹਾਨੂੰ ਮਾਫ਼ ਕੀਤਾ ਹੈ।

Veja também

Publicidade
Efésios
Ver todos os capítulos de Efésios
Bíblia Online Bíblia Online

Bíblia Online • Versão: 2026-06-16_06-50-08-