10 ਜਦ ਅੱਯੂਬ ਆਪਣੇ ਮਿੱਤਰਾਂ ਲਈ ਪ੍ਰਾਰਥਨਾ ਕਰ ਚੁੱਕਿਆ, ਤਦ ਯਹੋਵਾਹ ਨੇ ਅੱਯੂਬ ਦੇ ਦੁੱਖਾਂ ਨੂੰ ਦੂਰ ਕਰ ਦਿੱਤਾ ਅਤੇ ਜੋ ਕੁਝ ਅੱਯੂਬ ਦੇ ਕੋਲ ਸੀ, ਉਸ ਦਾ ਦੁੱਗਣਾ ਯਹੋਵਾਹ ਨੇ ਉਸ ਨੂੰ ਦੇ ਦਿੱਤਾ। 11 ਤਦ ਉਸ ਦੇ ਸਾਰੇ ਭਰਾ, ਸਾਰੀਆਂ ਭੈਣਾਂ ਅਤੇ ਉਹ ਦੇ ਸਾਰੇ ਜਾਣ-ਪਹਿਚਾਣ ਵਾਲੇ ਉਸ ਦੇ ਕੋਲ ਆਏ ਅਤੇ ਉਹਨਾਂ ਨੇ ਉਸ ਦੇ ਨਾਲ ਉਸ ਦੇ ਘਰ ਵਿੱਚ ਭੋਜਨ ਕੀਤਾ ਅਤੇ ਉਸ ਸਾਰੀ ਬੁਰਿਆਈ ਦੇ ਕਾਰਨ ਜਿਹੜੀ ਯਹੋਵਾਹ ਨੇ ਉਸ ਦੇ ਉੱਤੇ ਆਉਣ ਦਿੱਤੀ ਸੀ, ਅਫ਼ਸੋਸ ਕੀਤਾ ਅਤੇ ਉਸ ਨੂੰ ਤਸੱਲੀ ਦਿੱਤੀ ਅਤੇ ਹਰੇਕ ਨੇ ਉਹ ਨੂੰ ਇੱਕ-ਇੱਕ ਚਾਂਦੀ ਦਾ ਸਿੱਕਾ ਅਤੇ ਇੱਕ-ਇੱਕ ਸੋਨੇ ਦੀ ਅੰਗੂਠੀ ਦਿੱਤੀ। 12 ਯਹੋਵਾਹ ਨੇ ਅੱਯੂਬ ਦੀ ਪਿਛਲੇ ਦਿਨਾਂ ਵਿੱਚ ਉਸ ਦੇ ਪਹਿਲੇ ਦਿਨਾਂ ਨਾਲੋਂ ਵੱਧ ਬਰਕਤ ਦਿੱਤੀ, ਅਤੇ ਉਹ ਦੇ ਕੋਲ ਚੌਦਾਂ ਹਜ਼ਾਰ ਇੱਜੜ, ਛੇ ਹਜ਼ਾਰ ਊਠ, ਇੱਕ ਹਜ਼ਾਰ ਜੋੜੀ ਬਲ਼ਦ ਅਤੇ ਇੱਕ ਹਜ਼ਾਰ ਗਧੀਆਂ ਹੋ ਗਈਆਂ। 13 ਅਤੇ ਉਹ ਦੇ ਸੱਤ ਪੁੱਤਰ ਅਤੇ ਤਿੰਨ ਧੀਆਂ ਪੈਦਾ ਹੋਈਆਂ। 14 ਉਸ ਨੇ ਪਹਿਲੀ ਧੀ ਦਾ ਨਾਮ ਯਮੀਮਾਹ, ਦੂਜੀ ਦਾ ਨਾਮ ਕਸੀਆਹ ਅਤੇ ਤੀਜੀ ਦਾ ਨਾਮ ਕਰਨ-ਹਪੂਕ ਰੱਖਿਆ, 15 ਅਤੇ ਸਾਰੇ ਦੇਸ ਵਿੱਚ ਅਜਿਹੀਆਂ ਇਸਤਰੀਆਂ ਨਹੀਂ ਸਨ, ਜੋ ਅੱਯੂਬ ਦੀਆਂ ਧੀਆਂ ਨਾਲੋਂ ਰੂਪਵੰਤ ਹੋਣ, ਅਤੇ ਉਹਨਾਂ ਦੇ ਪਿਤਾ ਨੇ ਉਹਨਾਂ ਨੂੰ ਉਹਨਾਂ ਦੇ ਭਰਾਵਾਂ ਨਾਲ ਹਿੱਸਾ ਦਿੱਤਾ। 16 ਇਸ ਤੋਂ ਬਾਅਦ ਅੱਯੂਬ ਇੱਕ ਸੌ ਚਾਲ੍ਹੀ ਸਾਲ ਤੱਕ ਜੀਉਂਦਾ ਰਿਹਾ ਅਤੇ ਉਸ ਨੇ ਆਪਣੇ ਪੁੱਤਰ ਅਤੇ ਆਪਣੇ ਪੋਤਰੇ ਚੌਥੀ ਪੀੜ੍ਹੀ ਤੱਕ ਵੇਖੇ। 17 ਤਦ ਅੱਯੂਬ ਬਜ਼ੁਰਗ ਅਤੇ ਪੂਰੀ ਉਮਰ ਦਾ ਹੋ ਕੇ ਮਰ ਗਿਆ।