Publicidade

Jó 18

ਬਿਲਦਦ ਦਾ ਕਥਨ

1 ਤਦ ਬਿਲਦਦ ਸ਼ੂਹੀ ਨੇ ਉੱਤਰ ਦੇ ਕੇ ਆਖਿਆ,

2 "ਤੁਸੀਂ ਕਦੋਂ ਤੱਕ ਗੱਲਾਂ ਲਈ ਫੰਦੇ ਲਾਓਗੇ?

ਸਮਝਦਾਰ ਬਣੋ, ਫੇਰ ਆਪਾਂ ਗੱਲ ਕਰਾਂਗੇ।

3 ਅਸੀਂ ਕਿਉਂ ਤੁਹਾਡੀ ਨਿਗਾਹ ਵਿੱਚ ਪਸ਼ੂਆਂ ਜਿਹੇ ਗਿਣੇ ਜਾਂਦੇ ਹਾਂ

ਅਤੇ ਭਰਿਸ਼ਟ ਠਹਿਰੇ ਹਾਂ?

4 ਤੂੰ ਜੇ ਆਪਣੇ ਆਪ ਨੂੰ ਆਪਣੇ ਕ੍ਰੋਧ ਵਿੱਚ ਪਾੜਦਾ ਹੈਂ,

ਕੀ ਤੇਰੇ ਲਈ ਧਰਤੀ ਤਿਆਗੀ ਜਾਵੇਗੀ,

ਜਾਂ ਚੱਟਾਨ ਆਪਣੇ ਥਾਂ ਤੋਂ ਖਿਸਕ ਜਾਵੇਗੀ?

5 "ਹਾਂ, ਦੁਸ਼ਟਾਂ ਦਾ ਦੀਵਾ ਬੁੱਝ ਜਾਵੇਗਾ

ਅਤੇ ਉਸ ਦੀ ਅੱਗ ਦੀ ਲਾਟ ਨਾ ਚਮਕੇਗੀ,

6 ਉਹ ਦੇ ਤੰਬੂ ਵਿੱਚ ਚਾਨਣ ਹਨ੍ਹੇਰਾ ਹੋ ਜਾਵੇਗਾ,

ਅਤੇ ਉਹ ਦੇ ਉੱਪਰ ਦਾ ਦੀਵਾ ਬੁੱਝ ਜਾਵੇਗਾ।

7 ਉਹ ਦੇ ਬਲਵੰਤ ਕਦਮ ਰੋਕੇ ਜਾਣਗੇ,

ਅਤੇ ਉਹ ਆਪਣੀ ਹੀ ਸਲਾਹ ਨਾਲ ਡਿੱਗ ਪਵੇਗਾ।

8 ਉਹ ਤਾਂ ਆਪਣੇ ਹੀ ਪੈਰ ਜਾਲ਼ ਵਿੱਚ ਫਸਾਵੇਗਾ,

ਅਤੇ ਉਹ ਆਪ ਫੰਦੇ ਉੱਤੇ ਚੱਲਦਾ ਹੈ।

9 ਕੜਿੱਕੀ ਉਹ ਦੀ ਅੱਡੀ ਨੂੰ ਫੜ੍ਹਦੀ,

ਅਤੇ ਲੁਟੇਰੇ ਉਹ ਨੂੰ ਫ਼ਸਾ ਲੈਂਦੇ ਹਨ l

10 ਫੰਦਾ ਉਹ ਦੇ ਲਈ ਧਰਤੀ ਵਿੱਚ ਲੁਕਾਇਆ ਜਾਂਦਾ ਹੈ,

ਅਤੇ ਉਹ ਦੇ ਰਸਤੇ ਵਿੱਚ ਜਾਲ਼।

11 ਖੌਫ਼ ਆਲੇ ਦੁਆਲਿਓਂ ਉਸ ਨੂੰ ਡਰਾਉਂਦਾ ਹੈ,

ਅਤੇ ਉਸ ਦੇ ਪਿੱਛੇ ਪੈ ਕੇ ਉਸ ਨੂੰ ਭਜਾਉਂਦਾ ਹੈ!

12 ਆਫ਼ਤ ਉਸ ਉੱਤੇ ਪੈਣ ਲਈ ਉਡੀਕਦੀ ਹੈ,

ਅਤੇ ਬਿਪਤਾ ਉਹ ਦੇ ਕੋਲ ਹੀ ਤਿਆਰ ਹੋਵੇਗੀ।

13 ਉਹ ਉਸ ਦੇ ਸਰੀਰ ਦੇ ਅੰਗ ਨੂੰ ਖਾ ਜਾਵੇਗੀ,

ਮੌਤ ਦਾ ਪਹਿਲੌਠਾ ਉਸ ਦੇ ਅੰਗਾਂ ਨੂੰ ਨਿਗਲ ਲਵੇਗਾ।

14 ਆਪਣੇ ਜਿਸ ਤੰਬੂ ਉੱਤੇ ਉਹ ਭਰੋਸਾ ਰੱਖਦਾ ਸੀ, ਉਹ ਪੁੱਟਿਆ ਜਾਵੇਗਾ,

ਅਤੇ ਉਸ ਨੂੰ ਖੌਫ਼ਨਾਕ ਰਾਜੇ ਕੋਲ ਪਹੁੰਚਾਇਆ ਜਾਵੇਗਾ!

15 ਜਿਹੜਾ ਉਹ ਦਾ ਨਹੀਂ ਉਹ ਉਸ ਦੇ ਤੰਬੂ ਵਿੱਚ ਵੱਸੇਗਾ,

ਅਤੇ ਉਹ ਦੇ ਵਸੇਬੇ ਉੱਤੇ ਗੰਧਕ ਸੁੱਟੀ ਜਾਵੇਗੀ।

16 ਹੇਠੋਂ ਉਹ ਦੀਆਂ ਜੜ੍ਹਾਂ ਸੁੱਕ ਜਾਣਗੀਆਂ,

ਉੱਪਰੋਂ ਉਹ ਦੀਆਂ ਟਹਿਣੀਆਂ ਕੁਮਲਾ ਜਾਣਗੀਆਂ

17 ਉਹ ਦੀ ਯਾਦ ਧਰਤੀ ਉੱਤੋਂ ਮਿਟ ਜਾਵੇਗੀ,

ਅਤੇ ਉਹ ਦਾ ਨਾਮ ਦੇਸ ਵਿੱਚ ਨਾ ਰਹੇਗਾ।

18 ਉਹ ਉਸ ਨੂੰ ਚਾਨਣ ਤੋਂ ਹਨੇਰੇ ਵਿੱਚ ਹੱਕ ਦੇਣਗੇ,

ਅਤੇ ਸੰਸਾਰ ਤੋਂ ਖਦੇੜ ਦੇਣਗੇ।

19 ਅਤੇ ਉਹ ਦੇ ਲੋਕਾਂ ਵਿੱਚ ਨਾ ਉਹ ਦਾ ਪੁੱਤਰ, ਨਾ ਪੋਤਾ ਹੋਵੇਗਾ,

ਨਾ ਉਹ ਦੇ ਟਿਕਾਣਿਆਂ ਵਿੱਚ ਕੋਈ ਬਾਕੀ ਰਹੇਗਾ।

20 ਪੱਛਮ ਦੇ ਲੋਕ ਉਹ ਦੇ ਦਿਨ ਉੱਤੇ ਹੈਰਾਨ ਹੋਣਗੇ

ਅਤੇ ਪੂਰਬ ਦੇ ਵਾਸੀ ਸਹਿਮ ਜਾਣਗੇ।

21 ਨਿਸੰਗ ਕੁਧਰਮੀਆਂ ਦੇ ਵਸੇਬੇ ਇਹੋ ਜਿਹੇ ਹੋ ਜਾਂਦੇ ਹਨ,

ਜੋ ਪਰਮੇਸ਼ੁਰ ਨੂੰ ਨਹੀਂ ਜਾਣਦਾ

ਉਸ ਦਾ ਸਥਾਨ ਅਜਿਹਾ ਹੀ ਹੋ ਜਾਂਦਾ ਹੈ।"

Veja também

Publicidade
Bíblia Online Bíblia Online

Bíblia Online • Versão: 2026-06-18_14-04-22-