Publicidade

Jó 31

1 "ਮੈਂ ਆਪਣੀਆਂ ਅੱਖਾਂ ਨਾਲ ਨੇਮ ਕੀਤਾ ਹੈ,

ਤਦ ਮੈਂ ਕੁਆਰੀ ਉੱਤੇ ਕਿਸ ਤਰ੍ਹਾਂ ਅੱਖ ਮਟਕਾਵਾਂ?

2 ਕਿਹੜਾ ਭਾਗ ਉੱਪਰੋਂ ਪਰਮੇਸ਼ੁਰ ਵੱਲੋਂ,

ਅਤੇ ਕਿਹੜੀ ਮਿਰਾਸ ਉਚਿਆਈ ਤੋਂ ਸਰਬ ਸ਼ਕਤੀਮਾਨ ਵੱਲੋਂ ਹੁੰਦੀ ਹੈ?

3 ਕੀ ਇਹ ਕੁਧਰਮੀਆਂ ਦੇ ਲਈ ਬਿਪਤਾ ਨਹੀਂ,

ਅਤੇ ਕੁਕਰਮੀਆਂ ਦੇ ਲਈ ਨਾਸ ਦਾ ਕਾਰਨ ਨਹੀਂ?

4 ਕੀ ਉਹ ਮੇਰਾ ਰਾਹ ਨਹੀਂ ਵੇਖਦਾ,

ਅਤੇ ਮੇਰੇ ਸਭ ਕਦਮ ਨਹੀਂ ਗਿਣਦਾ?

5 "ਜੇ ਮੈਂ ਵਿਅਰਥ ਨਾਲ ਚੱਲਿਆ ਹੋਵਾਂ,

ਅਤੇ ਮੇਰਾ ਪੈਰ ਧੋਖੇ ਵੱਲ ਦੌੜਿਆ ਹੋਵੇ, -

6 (ਤਾਂ ਉਹ ਮੈਨੂੰ ਧਰਮ ਤੁਲਾ ਉੱਤੇ ਤੋਲੇ,

ਅਤੇ ਪਰਮੇਸ਼ੁਰ ਮੇਰੀ ਖਰਿਆਈ ਨੂੰ ਜਾਣੇ)

7 ਜੇ ਮੇਰੇ ਕਦਮ ਕੁਰਾਹੇ ਪੈ ਗਏ ਹੋਣ

ਅਤੇ ਮੇਰਾ ਦਿਲ ਮੇਰੀਆਂ ਅੱਖਾਂ ਦੇ ਮਗਰ ਚੱਲਿਆ ਹੋਵੇ,

ਅਤੇ ਮੇਰੇ ਹੱਥਾਂ ਤੇ ਕੋਈ ਦਾਗ਼ ਲੱਗਾ ਹੋਵੇ,

8 ਤਦ ਮੈਂ ਬੀਜਾਂ ਪਰ ਦੂਜਾ ਖਾਵੇ, ਅਤੇ ਮੇਰੀ ਪੈਦਾਵਾਰ ਪੁੱਟੀ ਜਾਵੇ!

9 "ਜੇ ਮੇਰਾ ਦਿਲ ਕਿਸੇ ਔਰਤ ਤੇ ਮੋਹਿਤ ਹੋ ਗਿਆ ਹੋਵੇ,

ਅਤੇ ਮੈਂ ਆਪਣੇ ਗੁਆਂਢੀ ਦੇ ਬੂਹੇ ਉੱਤੇ ਘਾਤ ਲਾ ਕੇ ਬੈਠਾ ਹੋਵਾਂ,

10 ਤਦ ਮੇਰੀ ਪਤਨੀ ਦੂਜੇ ਲਈ ਪੀਹੇ,

ਅਤੇ ਪਰਾਏ ਪੁਰਖ ਉਸ ਨੂੰ ਭਰਿਸ਼ਟ ਕਰਨ!

11 ਕਿਉਂ ਜੋ ਉਹ ਅੱਤ ਬੁਰਾ ਦੋਸ਼ ਹੁੰਦਾ,

ਅਤੇ ਉਹ ਨਿਆਂਈਆਂ ਦੁਆਰਾ ਸਜ਼ਾ ਦੇਣ ਯੋਗ ਬਦੀ ਹੁੰਦੀ!

12 ਉਹ ਤਾਂ ਇੱਕ ਅੱਗ ਹੈ ਜਿਹੜੀ ਸੜਨ ਤੱਕ ਭਸਮ ਕਰਦੀ ਹੈ,

ਸਗੋਂ ਮੇਰੀ ਪੈਦਾਵਾਰ ਨੂੰ ਜੜ੍ਹਾਂ ਤੋਂ ਸਾੜ ਦਿੰਦੀ ਹੈ!

13 "ਜਦ ਮੇਰੇ ਦਾਸ ਜਾਂ ਦਾਸੀ ਨੇ ਮੇਰੇ ਵਿਰੁੱਧ ਸ਼ਿਕਾਇਤ ਕੀਤੀ ਹੋਵੇ,

ਤਾਂ ਜੇਕਰ ਮੈਂ ਉਹਨਾਂ ਦਾ ਹੱਕ ਮਾਰਿਆ ਹੋਵੇ,

14 ਤਾਂ ਜਦ ਪਰਮੇਸ਼ੁਰ ਉੱਠੇ ਤਦ ਮੈਂ ਕੀ ਕਰਾਂਗਾ,

ਅਤੇ ਜਦ ਉਹ ਖ਼ਬਰ ਲਵੇ ਤਦ ਮੈਂ ਕੀ ਉੱਤਰ ਦੇਵਾਂਗਾ?

15 ਜਿਸ ਨੇ ਮੈਨੂੰ ਕੁੱਖ ਵਿੱਚ ਬਣਾਇਆ, ਕੀ ਉਹ ਨੇ ਉਸ ਨੂੰ ਵੀ ਨਹੀਂ ਬਣਾਇਆ?

ਅਤੇ ਇੱਕੋ ਹੀ ਨੇ ਸਾਨੂੰ ਗਰਭ ਵਿੱਚ ਨਹੀਂ ਰਚਿਆ?

16 "ਜੇ ਮੈਂ ਗ਼ਰੀਬਾਂ ਦੀ ਇੱਛਿਆ ਨੂੰ ਪੂਰਾ ਨਾ ਕੀਤਾ ਹੋਵੇ,

ਅਤੇ ਵਿਧਵਾ ਦੀਆਂ ਅੱਖਾਂ ਮੇਰੇ ਕਾਰਨ ਨਿਰਾਸ਼ ਹੋ ਗਈਆਂ ਹੋਣ,

17 ਜਾਂ ਮੈਂ ਆਪਣੀ ਬੁਰਕੀ ਇਕੱਲਿਆਂ ਹੀ ਖਾਧੀ ਹੋਵੇ,

ਅਤੇ ਯਤੀਮ ਨੇ ਉਸ ਤੋਂ ਨਾ ਖਾਧਾ ਹੋਵੇ, -

18 ਕਿਉਂ ਜੋ ਮੇਰੀ ਜੁਆਨੀ ਤੋਂ ਉਹ ਮੇਰੇ ਨਾਲ ਪਲਿਆ ਜਿਵੇਂ ਪਿਤਾ ਨਾਲ,

ਅਤੇ ਮੈਂ ਆਪਣੀ ਮਾਂ ਦੀ ਕੁੱਖ ਤੋਂ ਹੀ ਵਿਧਵਾ ਦੀ ਦੇਖਭਾਲ ਕੀਤੀ ਹੈ।

19 ਜੇ ਮੈਂ ਕਿਸੇ ਨੂੰ ਬਿਨ੍ਹਾਂ ਕੱਪੜੇ ਦੇ ਮਰਦੇ,

ਜਾਂ ਕੰਗਾਲ ਨੂੰ ਬਿਨ੍ਹਾਂ ਓੜਨੇ ਦੇ ਵੇਖਿਆ ਹੋਵੇ,

20 ਜੇਕਰ ਮੈਂ ਆਪਣੀਆਂ ਭੇਡਾਂ ਦੀ ਉੱਨ ਦੇ ਕੱਪੜੇ ਉਨ੍ਹਾਂ ਨੂੰ ਨਾ ਦਿੱਤੇ ਹੋਣ,

ਅਤੇ ਉਸ ਦੇ ਦਿਲ ਨੇ ਮੈਨੂੰ ਬਰਕਤ ਨਾ ਦਿੱਤੀ ਹੋਵੇ ਜਦ ਉਹ ਗਰਮ ਹੋਇਆ,

21 ਜੇ ਮੈਂ ਆਪਣਾ ਹੱਥ ਯਤੀਮ ਉੱਤੇ ਚੁੱਕਿਆ ਹੋਵੇ,

ਇਸ ਕਾਰਨ ਕਿ ਮੈਂ ਫਾਟਕ ਵਿੱਚ ਆਪਣੇ ਸਹਾਇਕਾਂ ਨੂੰ ਵੇਖਿਆ,

22 ਤਦ ਮੇਰਾ ਮੌਰ ਮੋਢੇ ਤੋਂ ਡਿੱਗ ਜਾਵੇ,

ਅਤੇ ਮੇਰੀ ਬਾਂਹ ਜੋੜ ਤੋਂ ਟੁੱਟ ਜਾਵੇ!

23 ਕਿਉਂ ਜੋ ਪਰਮੇਸ਼ੁਰ ਵੱਲੋਂ ਬਿਪਤਾ ਮੈਨੂੰ ਡਰਾਉਂਦੀ ਸੀ,

ਅਤੇ ਉਹ ਦੇ ਪਰਤਾਪ ਦੇ ਕਾਰਨ ਮੈਂ ਕੁਝ ਨਹੀਂ ਕਰ ਸਕਦਾ ਸੀ।

24 "ਜੇ ਮੈਂ ਸੋਨੇ ਉੱਤੇ ਆਪਣੀ ਆਸ ਰੱਖੀ ਹੁੰਦੀ,

ਜਾਂ ਆਖਿਆ ਹੁੰਦਾ ਕਿ ਕੁੰਦਨ ਸੋਨੇ ਤੇ ਮੇਰਾ ਭਰੋਸਾ ਹੈ, -

25 ਜੇ ਮੈਂ ਖੁਸ਼ੀ ਮਨਾਈ ਹੁੰਦੀ ਕਿ ਮੇਰਾ ਧਨ ਬਹੁਤ ਹੈ,

ਅਤੇ ਮੇਰੇ ਹੱਥ ਨੇ ਬਥੇਰਾ ਕਮਾਇਆ! -

26 ਜੇ ਮੈਂ ਸੂਰਜ ਨੂੰ ਵੇਖਿਆ ਹੁੰਦਾ ਜਦ ਉਹ ਚਮਕਦਾ ਸੀ,

ਜਾਂ ਚੰਦ ਨੂੰ ਜਦ ਉਹ ਸ਼ਾਨ ਨਾਲ ਚੱਲਦਾ ਸੀ,

27 ਅਤੇ ਮੇਰਾ ਦਿਲ ਚੁੱਪਕੇ ਮੋਹਿਤ ਹੋ ਗਿਆ ਹੁੰਦਾ,

ਅਤੇ ਉਹਨਾਂ ਨੂੰ ਸਨਮਾਨ ਦੇ ਕੇ ਮੈਂ ਆਪਣੇ ਹੱਥਾਂ ਨੂੰ ਚੁੰਮ ਲਿਆ ਹੁੰਦਾ,

28 ਤਦ ਇਹ ਨਿਆਂਈਆਂ ਦੁਆਰਾ ਸਜ਼ਾ ਦੇਣ ਜੋਗ ਬਦੀ ਹੁੰਦੀ,

ਕਿਉਂਕਿ ਅਜਿਹਾ ਕਰਕੇ ਮੈਂ ਸਵਰਗੀ ਪਰਮੇਸ਼ੁਰ ਦਾ ਇਨਕਾਰ ਕੀਤਾ ਹੁੰਦਾ।

29 "ਜੇ ਮੈਂ ਆਪਣੇ ਵੈਰੀ ਦੇ ਨਾਸ ਤੋਂ ਅਨੰਦ ਹੋਇਆ ਹੁੰਦਾ,

ਅਤੇ ਜਦ ਮੁਸੀਬਤ ਉਸ ਉੱਤੇ ਪਈ ਤਾਂ ਮੈਂ ਖੁਸ਼ੀ ਮਨਾਈ ਹੁੰਦੀ,

30 (ਸਗੋਂ ਮੈਂ ਤਾਂ ਆਪਣੇ ਮੂੰਹ ਨੂੰ ਪਾਪ ਕਰਨ ਨਾ ਦਿੱਤਾ

ਕਿ ਸਰਾਪ ਦੇ ਕੇ ਉਹ ਦੀ ਜਾਨ ਮੰਗਾਂ)

31 ਜੇ ਮੇਰੇ ਤੰਬੂਆਂ ਵਿੱਚ ਰਹਿਣ ਵਾਲਿਆਂ ਨੇ ਨਾ ਆਖਿਆ ਹੋਵੇ,

ਕਿ ਕੌਣ ਹੈ ਜਿਹੜਾ ਉਸ ਦੇ ਘਰ ਦੇ ਮਾਸ ਤੋਂ ਨਾ ਰੱਜਿਆ ਹੋਵੇ?

32 (ਪਰਦੇਸੀ ਨੂੰ ਸੜਕ ਵਿੱਚ ਰਾਤ ਕੱਟਣੀ ਨਾ ਪਈ,

ਪਰ ਮੈਂ ਆਪਣੇ ਦਰਵਾਜ਼ੇ ਰਾਹੀ ਲਈ ਖੋਲ੍ਹਦਾ ਸੀ) -

33 ਜੇ ਮੈਂ ਆਦਮ ਵਾਂਗੂੰ ਆਪਣਾ ਅਪਰਾਧ ਲੁਕਾਇਆ ਹੋਵੇ,

ਅਤੇ ਆਪਣੀ ਬਦੀ ਆਪਣੇ ਸੀਨੇ ਵਿੱਚ ਲੁਕਾਈ ਹੋਵੇ,

34 ਇਸ ਕਾਰਨ ਕਿ ਮੈਂ ਵੱਡੀ ਭੀੜ ਤੋਂ ਭੈਅ ਖਾਂਦਾ ਸੀ,

ਅਤੇ ਘਰਾਣਿਆਂ ਦੀ ਨਫ਼ਰਤ ਨੇ ਮੈਨੂੰ ਅਜਿਹਾ ਡਰਾਇਆ

ਕਿ ਮੈਂ ਚੁੱਪ ਵੱਟ ਲਈ ਅਤੇ ਦਰਵਾਜ਼ੇ ਤੋਂ ਬਾਹਰ ਨਾ ਨਿੱਕਲਿਆ,

35 "ਕਾਸ਼ ਕਿ ਕੋਈ ਮੇਰੀ ਸੁਣਦਾ! ਵੇਖੋ, ਮੈਂ ਆਪਣੀ ਸਫ਼ਾਈ ਪੇਸ਼ ਕੀਤੀ ਹੈ,

ਹੁਣ ਸਰਬ ਸ਼ਕਤੀਮਾਨ ਪਰਮੇਸ਼ੁਰ ਮੈਨੂੰ ਉੱਤਰ ਦੇਵੇ!

ਕਾਸ਼ ਕਿ ਮੇਰੇ ਉੱਤੇ ਦੋਸ਼ ਲਾਉਣ ਵਾਲੇ ਦੇ ਸ਼ਿਕਾਇਤ-ਨਾਮੇ ਦੀ ਲਿਖਤ ਮੇਰੇ ਕੋਲ ਹੁੰਦੀ!

36 ਨਿਸੰਗ ਮੈਂ ਉਹ ਨੂੰ ਆਪਣੇ ਮੋਢੇ ਉੱਤੇ ਚੁੱਕਦਾ,

ਮੈਂ ਉਹ ਨੂੰ ਆਪਣੇ ਸਿਰ ਉੱਤੇ ਪਗੜੀ ਵਾਂਗੂੰ ਬੰਨ੍ਹਦਾ,

37 ਮੈਂ ਉਹ ਨੂੰ ਆਪਣੇ ਕਦਮਾਂ ਦਾ ਹਿਸਾਬ ਦਿੰਦਾ,

ਮੈਂ ਉਹ ਦੇ ਅੱਗੇ ਇਸ ਤਰ੍ਹਾਂ ਪੇਸ਼ ਹੁੰਦਾ ਜਿਵੇਂ ਸ਼ਾਸਕ ਦੇ ਅੱਗੇ।

38 "ਜੇ ਮੇਰੀ ਜ਼ਮੀਨ ਨੇ ਮੇਰੇ ਵਿਰੁੱਧ ਦੁਹਾਈ ਦਿੱਤੀ ਹੋਵੇ,

ਅਤੇ ਉਹ ਦੇ ਸਿਆੜ ਇਕੱਠੇ ਰੋਏ ਹੋਣ,

39 ਜੇ ਮੈਂ ਆਪਣੀ ਜ਼ਮੀਨ ਦੀ ਉਪਜ ਨੂੰ ਬਿਨ੍ਹਾਂ ਮਜ਼ਦੂਰੀ ਦਿੱਤੇ ਖਾਧਾ ਹੋਵੇ,

ਜਾਂ ਉਹ ਦੇ ਮਾਲਕਾਂ ਦੀ ਜਾਨ ਲਈ ਹੋਵੇ,

40 ਤਦ ਕਣਕ ਦੀ ਥਾਂ ਝਾੜੀਆਂ,

ਅਤੇ ਜੌਂ ਦੀ ਥਾਂ ਜੰਗਲੀ ਘਾਹ ਉੱਗੇ।"

ਅੱਯੂਬ ਦੀਆਂ ਗੱਲਾਂ ਸਮਾਪਤ ਹੋਈਆਂ।

Veja também

Publicidade
Bíblia Online Bíblia Online

Bíblia Online • Versão: 2026-06-19_11-20-24-