4 "ਜਦ ਮੈਂ ਧਰਤੀ ਦੀ ਨੀਂਹ ਰੱਖੀ ਤਾਂ ਤੂੰ ਕਿੱਥੇ ਸੀ?
ਜੇ ਤੂੰ ਸਮਝ ਰੱਖਦਾ ਹੈ ਤਾਂ ਜਵਾਬ ਦੇ!
5 ਕਿਸ ਨੇ ਉਹ ਦਾ ਨਾਪ ਠਹਿਰਾਇਆ, ਤੂੰ ਤਾਂ ਜ਼ਰੂਰ ਹੀ ਜਾਣਦਾ ਹੋਵੇਂਗਾ,
ਜਾਂ ਕਿਸ ਨੇ ਉਹ ਦੇ ਉੱਤੇ ਜ਼ਰੀਬ ਖਿੱਚੀ?
6 ਕਿਸ ਦੇ ਉੱਤੇ ਉਹ ਦੀਆਂ ਟੇਕਾਂ ਰੱਖੀਆਂ ਗਈਆਂ,
ਜਾਂ ਕਿਸ ਨੇ ਉਹ ਦੇ ਸਿਰੇ ਦਾ ਪੱਥਰ ਧਰਿਆ,
7 ਜਦ ਸਵੇਰ ਦੇ ਤਾਰੇ ਮਿਲ ਕੇ ਜੈਕਾਰੇ ਗਜਾਉਂਦੇ ਸਨ,
ਅਤੇ ਪਰਮੇਸ਼ੁਰ ਦੇ ਸਾਰੇ ਪੁੱਤਰ ਨਾਰੇ ਮਾਰਦੇ ਸਨ?"
8 "ਜਾਂ ਕਿਸ ਨੇ ਸਮੁੰਦਰ ਨੂੰ ਦਰਵਾਜ਼ਿਆਂ ਦੇ ਪਿੱਛੇ ਬੰਦ ਕੀਤਾ,
ਜਦ ਉਹ ਕੁੱਖੋਂ ਫੁੱਟ ਨਿੱਕਲਿਆ?
9 ਜਦ ਮੈਂ ਬੱਦਲ ਨੂੰ ਉਹ ਦਾ ਲਿਬਾਸ ਪਹਿਨਾਇਆ,
ਅਤੇ ਘੁੱਪ ਹਨੇਰੇ ਵਿੱਚ ਉਸ ਨੂੰ ਲਪੇਟ ਦਿੱਤਾ,
10 ਅਤੇ ਉਹ ਦੀਆਂ ਹੱਦਾਂ ਠਹਿਰਾਈਆਂ,
ਅਤੇ ਅਰਲ ਤੇ ਕਵਾੜ ਲਾਏ?
11 ਅਤੇ ਆਖਿਆ, ਐਥੇ ਤੱਕ ਹੀ ਆਈਂ, ਅੱਗੇ ਨਾ ਵਧੀਂ,
ਅਤੇ ਐਥੇ ਹੀ ਤੇਰੀਆਂ ਠਾਠਾਂ ਮਾਰਦੀਆਂ ਲਹਿਰਾਂ ਰੁੱਕ ਜਾਣ!"