Pular para o conteúdo
Publicidade

ਯੋਏਲ 2

ਟਿੱਡੀਆਂ ਦੀ ਇੱਕ ਫੌਜ

1 ਸੀਯੋਨ ਵਿੱਚ ਤੁਰ੍ਹੀ ਵਜਾਓ;

ਮੇਰੀ ਪਵਿੱਤਰ ਪਹਾੜੀ ਉੱਤੇ ਸਾਹ ਖਿੱਚ ਕੇ ਫੂਕੋ!

ਧਰਤੀ ਵਿੱਚ ਰਹਿਣ ਵਾਲੇ ਸਾਰੇ ਲੋਕ ਕੰਬਣ,

ਕਿਉਂਕਿ ਯਾਹਵੇਹ ਦੇ ਦਿਨ ਆ ਰਿਹਾ ਹੈ।

ਇਹ ਦਿਨ ਨੇੜੇ ਹੀ ਹੈ,

2 ਹਨੇਰੇ ਅਤੇ ਦੁੱਖ ਦਾ ਦਿਨ,

ਬੱਦਲਾਂ ਅਤੇ ਅੰਧਕਾਰ ਦਾ ਦਿਨ।

ਜਿਵੇਂ ਪਹਾੜਾਂ ਵਿੱਚ ਸਵੇਰਾ ਫੈਲਦਾ ਹੈ

ਇੱਕ ਵੱਡੀ ਅਤੇ ਸ਼ਕਤੀਸ਼ਾਲੀ ਸੈਨਾ ਆਉਂਦੀ ਹੈ,

ਜਿਵੇਂ ਕਿ ਪੁਰਾਣੇ ਸਮਿਆਂ ਵਿੱਚ ਕਦੇ ਨਹੀਂ ਸੀ

ਅਤੇ ਨਾ ਹੀ ਆਉਣ ਵਾਲੇ ਯੁੱਗਾਂ ਵਿੱਚ ਕਦੇ ਹੋਵੇਗਾ।

3 ਉਹਨਾਂ ਦੇ ਅੱਗੇ ਅੱਗ ਭਸਮ ਕਰਦੀ ਹੈ,

ਉਹਨਾਂ ਦੇ ਪਿੱਛੇ ਇੱਕ ਲਾਟ ਬਲਦੀ ਹੈ।

ਉਨ੍ਹਾਂ ਦੇ ਅੱਗੇ ਧਰਤੀ ਅਦਨ ਦੇ ਬਾਗ਼ ਵਰਗੀ ਹੈ,

ਉਨ੍ਹਾਂ ਦੇ ਪਿੱਛੇ ਮਾਰੂਥਲ ਹੈ।

ਉਹਨਾਂ ਤੋਂ ਕੁਝ ਵੀ ਨਹੀਂ ਬਚਿਆ।

4 ਉਹਨਾਂ ਦਾ ਰੂਪ ਘੋੜਿਆਂ ਵਰਗਾ ਹੈ;

ਉਹ ਘੋੜਸਵਾਰਾਂ ਵਾਂਗ ਦੌੜਦੇ ਹਨ।

5 ਰਥਾਂ ਦੀ ਆਵਾਜ਼ ਨਾਲ

ਉਹ ਪਹਾੜਾਂ ਦੀਆਂ ਚੋਟੀਆਂ ਉੱਤੇ ਛਾਲ ਮਾਰਦੇ ਹਨ,

ਤੂੜੀ ਨੂੰ ਭਸਮ ਕਰਨ ਵਾਲੀ ਅੱਗ ਵਾਂਗ,

ਯੁੱਧ ਲਈ ਤਿਆਰ ਕੀਤੀ ਬਲਵੰਤ ਫ਼ੌਜ ਵਾਂਗ।

6 ਉਨ੍ਹਾਂ ਨੂੰ ਵੇਖ ਕੇ ਕੌਮਾਂ ਦੁਖੀ ਹਨ;

ਸਾਰੇ ਚਿਹਰੇ ਫਿੱਕੇ ਪੈ ਜਾਂਦੇ ਹਨ।

7 ਸੂਰਮਿਆਂ ਵਾਂਗੂੰ ਦੌੜਦੇ ਹਨ,

ਉਹ ਯੋਧਿਆਂ ਵਾਂਗੂੰ ਸ਼ਹਿਰਪਨਾਹ ਉੱਤੇ ਚੜ੍ਹਦੇ ਹਨ।

ਉਹ ਆਪੋ-ਆਪਣੇ ਰਾਹ ਉੱਤੇ ਤੁਰਦੇ ਹਨ,

ਉਹਨਾਂ ਵਿੱਚੋਂ ਕੋਈ ਆਪਣੀ ਕਤਾਰ ਤੋਂ ਬਾਹਰ ਨਹੀਂ ਤੁਰਦਾ।

8 ਉਹ ਇੱਕ-ਦੂਜੇ ਨੂੰ ਧੱਕਾ ਨਹੀਂ ਮਾਰਦੇ;

ਹਰ ਇੱਕ ਸਿੱਧੇ ਰਾਹ ਉੱਤੇ ਤੁਰਦਾ ਹੈ।

ਉਹ ਸ਼ਸਤਰਾਂ ਨੂੰ ਚੀਰ ਕੇ ਲੰਘ ਜਾਂਦੇ ਹਨ,

ਅਤੇ ਉਹਨਾਂ ਦੀ ਕਤਾਰ ਨਹੀਂ ਟੁੱਟਦੀ।

9 ਉਹ ਸ਼ਹਿਰ ਉੱਤੇ ਦੌੜਦੇ ਹਨ।

ਉਹ ਕੰਧ ਦੇ ਨਾਲ-ਨਾਲ ਦੌੜਦੇ ਹਨ।

ਉਹ ਘਰਾਂ ਵਿੱਚ ਚੜ੍ਹਦੇ ਹਨ;

ਚੋਰਾਂ ਵਾਂਗ ਉਹ ਖਿੜਕੀਆਂ ਰਾਹੀਂ ਅੰਦਰ ਵੜਦੇ ਹਨ।

10 ਉਨ੍ਹਾਂ ਦੇ ਅੱਗੇ ਧਰਤੀ ਹੱਲਦੀ ਹੈ,

ਅਕਾਸ਼ ਕੰਬਦੇ ਹਨ,

ਸੂਰਜ ਤੇ ਚੰਦ ਕਾਲੇ ਹੋ ਜਾਂਦੇ ਹਨ

ਅਤੇ ਤਾਰੇ ਆਪਣੀ ਚਮਕ ਦੇਣੀ ਬੰਦ ਕਰ ਦਿੰਦੇ ਹਨ।

11 ਯਾਹਵੇਹ ਆਪਣੀ ਸੈਨਾ ਦੇ ਸਿਰ ਉੱਤੇ ਗਰਜਦਾ ਹੈ;

ਉਸ ਦੀ ਫ਼ੌਜ ਗਿਣਤੀ ਤੋਂ ਪਰੇ ਹੈ,

ਅਤੇ ਬਲਵਾਨ ਫ਼ੌਜ ਹੈ ਜੋ ਉਸ ਦੇ ਹੁਕਮ ਨੂੰ ਮੰਨਦੀ ਹੈ।

ਯਾਹਵੇਹ ਦਾ ਦਿਨ ਮਹਾਨ ਹੈ;

ਇਹ ਭਿਆਨਕ ਹੈ।

ਕੌਣ ਇਸ ਨੂੰ ਸਹਿ ਸਕਦਾ ਹੈ?

ਆਪਣੇ ਦਿਲ ਨੂੰ ਤੋੜੋ

12 ਫਿਰ ਵੀ ਹੁਣ, ਯਾਹਵੇਹ ਇਹ ਆਖਦਾ ਹੈ,

"ਵਰਤ ਰੱਖ ਕੇ ਰੋਂਦੇ ਹੋਏ ਅਤੇ ਛਾਤੀ ਪਿੱਟਦੇ ਹੋਏ

ਆਪਣੇ ਸਾਰੇ ਦਿਲ ਨਾਲ ਮੇਰੇ ਵੱਲ ਮੁੜੋ।"

13 ਆਪਣੇ ਕੱਪੜਿਆ ਨੂੰ ਨਹੀਂ

ਸਗੋਂ ਦਿਲ ਨੂੰ ਪਾੜੋ।

ਯਾਹਵੇਹ ਆਪਣੇ ਪਰਮੇਸ਼ਵਰ ਵੱਲ ਮੁੜੋ,

ਉਹ ਤਾਂ ਦਿਆਲੂ ਅਤੇ ਕਿਰਪਾਲੂ ਹੈ,

ਕ੍ਰੋਧ ਵਿੱਚ ਧੀਰਜੀ, ਭਲਿਆਈ ਨਾਲ ਭਰਪੂਰ

ਅਤੇ ਦੁੱਖ ਦੇਣ ਤੋਂ ਪਛਤਾਉਂਦਾ ਹੈ।

14 ਕੌਣ ਜਾਣਦਾ ਹੈ ਭਈ ਉਹ ਮੁੜੇ

ਅਤੇ ਪਛਤਾਵੇ ਅਤੇ ਆਪਣੇ ਪਿੱਛੇ ਬਰਕਤ ਛੱਡ ਜਾਵੇ,

ਤਾਂ ਜੋ ਮੈਦੇ ਦੀ ਭੇਟ ਅਤੇ ਪੀਣ ਦੀ ਭੇਟ

ਤੁਹਾਡੇ ਪਰਮੇਸ਼ਵਰ ਯਾਹਵੇਹ ਲਈ ਹੋਣ।

15 ਸੀਯੋਨ ਵਿੱਚ ਤੁਰ੍ਹੀ ਵਜਾਓ,

ਪਵਿੱਤਰ ਵਰਤ ਦਾ ਐਲਾਨ ਕਰੋ,

ਇੱਕ ਪਵਿੱਤਰ ਸਭਾ ਬੁਲਾਓ।

16 ਲੋਕਾਂ ਨੂੰ ਇਕੱਠਾ ਕਰੋ,

ਸਭਾ ਨੂੰ ਪਵਿੱਤਰ ਕਰੋ;

ਬਜ਼ੁਰਗਾਂ ਨੂੰ ਇਕੱਠਾ ਕਰੋ,

ਨਿਆਣਿਆਂ ਨੂੰ, ਸਗੋਂ ਦੁੱਧ ਚੁੰਘਦਿਆਂ ਬੱਚਿਆਂ ਨੂੰ ਇਕੱਠੇ ਕਰੋ,

ਲਾੜਾ ਆਪਣੀ ਕੋਠੜੀ ਵਿੱਚੋਂ,

ਲਾੜੀ ਆਪਣੇ ਕਮਰੇ ਵਿੱਚੋਂ ਬਾਹਰ ਨਿੱਕਲ ਆਵੇ।

17 ਜਾਜਕ ਜੋ ਯਾਹਵੇਹ ਦੇ ਅੱਗੇ ਸੇਵਾ ਕਰਦੇ ਹਨ,

ਦਰਬਾਨ ਅਤੇ ਜਗਵੇਦੀ ਦੇ ਵਿਚਕਾਰ ਰੋਣ।

ਉਹਨਾਂ ਨੂੰ ਆਖਣ ਦਿਓ, "ਹੇ ਯਾਹਵੇਹ, ਆਪਣੇ ਲੋਕਾਂ ਨੂੰ ਬਚਾਓ।

ਆਪਣੇ ਵਿਰਸੇ ਨੂੰ ਕੌਮਾਂ ਵਿੱਚ ਘਿਣਾਉਣੀ ਨਾ ਬਣਾਓ।

ਉਹ ਲੋਕਾਂ ਵਿੱਚ ਕਿਉਂ ਕਹਿਣ,

‘ਉਨ੍ਹਾਂ ਦਾ ਪਰਮੇਸ਼ਵਰ ਕਿੱਥੇ ਹੈ?’ "

ਯਾਹਵੇਹ ਦਾ ਉੱਤਰ

18 ਤਦ ਯਾਹਵੇਹ ਨੂੰ ਆਪਣੀ ਧਰਤੀ ਲਈ ਅਣਖੀ ਹੋਇਆ।

ਅਤੇ ਆਪਣੇ ਲੋਕਾਂ ਉੱਤੇ ਤਰਸ ਖਾਧਾ।

19 ਯਾਹਵੇਹ ਨੇ ਉਨ੍ਹਾਂ ਨੂੰ ਉੱਤਰ ਦਿੱਤਾ ਤੇ ਆਖਿਆ,

"ਮੈਂ ਤੁਹਾਡੇ ਲਈ ਅਨਾਜ, ਨਵੀਂ ਦਾਖਰਸ ਅਤੇ ਜ਼ੈਤੂਨ ਦਾ ਤੇਲ ਭੇਜ ਰਿਹਾ ਹਾਂ,

ਕਿ ਤੁਸੀਂ ਸਾਰੇ ਪੂਰੀ ਤਰ੍ਹਾਂ ਰੱਜ ਜਾਓਗੇ;

ਮੈਂ ਫ਼ੇਰ ਕਦੇ ਵੀ ਤੈਨੂੰ ਕੌਮਾਂ ਲਈ ਨਫ਼ਰਤ ਦਾ ਪਾਤਰ ਨਹੀਂ ਬਣਾਵਾਂਗਾ।

20 "ਮੈਂ ਉੱਤਰੀ ਭੀੜ ਨੂੰ ਤੁਹਾਡੇ ਤੋਂ ਦੂਰ ਭਜਾ ਦਿਆਂਗਾ,

ਉਸਨੂੰ ਸੁੱਕੀ ਅਤੇ ਬੰਜਰ ਧਰਤੀ ਵਿੱਚ ਧੱਕ ਦਿਆਂਗਾ।

ਉਹ ਦਾ ਅਗਲਾ ਹਿੱਸਾ ਪੂਰਬ ਵਿੱਚ ਸਮੁੰਦਰ ਵੱਲ

ਅਤੇ ਉਹ ਦਾ ਪਿੱਛਲਾ ਹਿੱਸਾ ਪੱਛਮ ਵੱਲ ਸਮੁੰਦਰ ਵਿੱਚ ਹੋਵੇਗਾ।

ਉਹ ਦੇ ਵਿੱਚੋਂ ਬਦਬੂ ਉੱਠੇਗੀ

ਅਤੇ ਸੜਿਆਂਧ ਆਵੇਗੀ।"

ਯਕੀਨਨ ਯਾਹਵੇਹ ਨੇ ਮਹਾਨ ਕੰਮ ਕੀਤੇ ਹਨ!

21 ਹੇ ਯਹੂਦਾਹ ਦੀ ਧਰਤੀ, ਨਾ ਡਰ!

ਖੁਸ਼ ਹੋਵੋ ਅਤੇ ਅਨੰਦ ਕਰੋ।

ਯਕੀਨਨ ਯਾਹਵੇਹ ਨੇ ਮਹਾਨ ਕੰਮ ਕੀਤੇ ਹਨ!

22 ਹੇ ਜੰਗਲੀ ਜਾਨਵਰੋ, ਨਾ ਡਰੋ,

ਕਿਉਂ ਜੋ ਉਜਾੜ ਵਿੱਚ ਚਰਾਗਾਹਾਂ ਹਰੀਆਂ ਹੋ ਰਹੀਆਂ ਹਨ।

ਰੁੱਖ ਆਪਣੇ ਫਲ ਦੇ ਰਹੇ ਹਨ;

ਹੰਜੀਰ ਦੇ ਰੁੱਖ ਅਤੇ ਅੰਗੂਰੀ ਵੇਲ ਆਪਣਾ ਧਨ ਦਿੰਦੇ ਹਨ।

23 ਹੇ ਸੀਯੋਨ ਦੇ ਲੋਕੋ, ਖੁਸ਼ ਹੋਵੋ,

ਆਪਣੇ ਯਾਹਵੇਹ ਵਿੱਚ ਅਨੰਦ ਕਰੋ,

ਉਹ ਨੇ ਤੁਹਾਡੇ ਲਈ ਪਹਿਲੀ ਅਤੇ ਪਿਛਲੀ ਵਰਖਾ ਵਰ੍ਹਾਈ ਹੈ,

ਜਿਵੇਂ ਪਹਿਲਾਂ ਹੁੰਦਾ ਸੀ।

24 ਪਿੜ ਅਨਾਜ ਨਾਲ ਭਰ ਜਾਣਗੇ;

ਚੁਬੱਚੇ ਨਵੀਂ ਦਾਖਰਸ ਅਤੇ ਤੇਲ ਨਾਲ ਭਰ ਜਾਣਗੇ।

25 "ਜੋ ਫਸਲ ਨੂੰ ਟਿੱਡੀਆਂ ਨੇ ਖਾਧਾ ਹੈ ਉਸ ਨੂੰ ਮੈਂ ਵਾਪਸ ਕਰਾਂਗਾ,

ਵੱਡੀ ਟਿੱਡੀ ਅਤੇ ਛੋਟੀ ਟਿੱਡੀ,

ਹੂੰਝਾ ਫੇਰ ਅਤੇ ਟਪੂਸੀ ਮਾਰ ਟਿੱਡੀਆਂ ਨੇ

ਅਰਥਾਤ ਮੇਰੀ ਵੱਡੀ ਫੌਜ ਨੇ ਜਿਹੜੀ ਮੈਂ ਤੁਹਾਡੇ ਉੱਤੇ ਘੱਲੀ ਸੀ, ਖਾ ਲਿਆ ਸੀ, ਉਹ ਮੈਂ ਤੁਹਾਨੂੰ ਮੋੜ ਦਿਆਂਗਾ।

26 ਤੁਹਾਡੇ ਕੋਲ ਖਾਣ ਲਈ ਬਹੁਤ ਕੁਝ ਹੋਵੇਗਾ, ਜਦੋਂ ਤੱਕ ਤੁਸੀਂ ਰੱਜ ਨਹੀਂ ਜਾਂਦੇ,

ਅਤੇ ਤੁਸੀਂ ਆਪਣੇ ਯਾਹਵੇਹ ਦੇ ਨਾਮ ਦੀ ਉਸਤਤ ਕਰੋਗੇ,

ਜਿਸ ਨੇ ਤੁਹਾਡੇ ਲਈ ਅਚਰਜ ਕੰਮ ਕੀਤੇ ਹਨ।

ਫੇਰ ਕਦੇ ਮੇਰੇ ਲੋਕ ਸ਼ਰਮਿੰਦਾ ਨਹੀਂ ਹੋਣਗੇ।

27 ਤਦ ਤੁਸੀਂ ਜਾਣ ਜਾਵੋਂਗੇ ਕਿ ਮੈਂ ਇਸਰਾਏਲ ਵਿੱਚ ਹਾਂ,

ਕਿ ਮੈਂ ਹੀ ਤੁਹਾਡਾ ਯਾਹਵੇਹ ਪਰਮੇਸ਼ਵਰ ਹਾਂ,

ਅਤੇ ਕੋਈ ਹੋਰ ਨਹੀਂ ਹੈ।

ਫੇਰ ਕਦੇ ਮੇਰੇ ਲੋਕ ਸ਼ਰਮਿੰਦਾ ਨਹੀਂ ਹੋਣਗੇ।

ਯਾਹਵੇਹ ਦਾ ਦਿਨ

28 "ਅਤੇ ਇਸ ਤੋਂ ਬਾਅਦ ਅਜਿਹਾ ਹੋਵੇਗਾ,

ਮੈਂ ਆਪਣਾ ਆਤਮਾ ਸਾਰੇ ਸਰੀਰਾਂ ਉੱਤੇ ਵਹਾ ਦਿਆਂਗਾ।

ਅਤੇ ਤੁਹਾਡੇ ਪੁੱਤਰ ਅਤੇ ਤੁਹਾਡੀਆਂ ਧੀਆਂ ਭਵਿੱਖਬਾਣੀ ਕਰਨਗੇ,

ਤੁਹਾਡੇ ਜੁਆਨ ਦਰਸ਼ਣ ਵੇਖਣਗੇ,

ਤੁਹਾਡੇ ਬਜ਼ੁਰਗ ਸੁਫ਼ਨੇ ਵੇਖਣਗੇ।

29 ਇੱਥੋਂ ਤੱਕ ਕਿ ਮੇਰੇ ਸੇਵਕਾਂ ਉੱਤੇ, ਆਦਮੀ ਅਤੇ ਔਰਤ ਦੋਹਾਂ ਤੇ

ਮੈਂ ਉਨ੍ਹਾਂ ਦਿਨਾਂ ਵਿੱਚ ਉਨ੍ਹਾਂ ਉੱਤੇ ਆਪਣਾ ਆਤਮਾ ਵਹਾ ਦਿਆਂਗਾ।

30 ਮੈਂ ਅਕਾਸ਼ ਵਿੱਚ

ਅਤੇ ਧਰਤੀ ਉੱਤੇ,

ਲਹੂ, ਅੱਗ ਅਤੇ ਧੂੰਏਂ ਦੇ ਚਮਤਕਾਰ ਵਿਖਾਵਾਂਗਾ।

31 ਸੂਰਜ ਹਨ੍ਹੇਰੇ ਵਿੱਚ ਬਦਲ ਜਾਵੇਗਾ

ਅਤੇ ਚੰਨ ਲਹੂ ਵਿੱਚ

ਯਾਹਵੇਹ ਦੇ ਮਹਾਨ ਅਤੇ ਭਿਆਨਕ ਦਿਨ ਦੇ ਆਉਣ ਤੋਂ ਪਹਿਲਾਂ।

32 ਅਤੇ ਹਰੇਕ ਜਿਹੜਾ ਵੀ

ਯਾਹਵੇਹ ਦਾ ਨਾਮ ਲੈ ਕੇ ਪੁਕਾਰਦਾ ਹੈ ਉਹ ਬਚਾਇਆ ਜਾਵੇਗਾ।

ਕਿਉਂਕਿ ਸੀਯੋਨ ਪਰਬਤ ਉੱਤੇ ਅਤੇ ਯੇਰੂਸ਼ਲੇਮ ਵਿੱਚ,

ਛੁਟਕਾਰਾ ਹੋਵੇਗਾ,

ਜਿਵੇਂ ਕਿ ਯਾਹਵੇਹ ਨੇ ਕਿਹਾ ਹੈ,

ਬਚੇ ਹੋਏ ਲੋਕਾਂ ਵਿੱਚੋਂ ਵੀ,

ਜਿਨ੍ਹਾਂ ਨੂੰ ਯਾਹਵੇਹ ਬੁਲਾਵੇਗਾ।

Estes versículos te tocaram? Ore agora!

+581 estão orando agora.

Junte-se à corrente de oração.

Joel
Ver todos os capítulos de Joel