1 ਉਹ ਜੋ ਰਚਨਾ ਦੇ ਮੁੱਢ ਤੋਂ ਸੀ, ਜਿਸ ਨੂੰ ਅਸੀਂ ਸੁਣਿਆ ਹੈ, ਜਿਸ ਨੂੰ ਅਸੀਂ ਆਪਣੀਆਂ ਅੱਖਾਂ ਨਾਲ ਵੇਖਿਆ ਹੈ, ਜਿਸ ਨੂੰ ਅਸੀਂ ਤੱਕਿਆ ਅਤੇ ਆਪਣਿਆਂ ਹੱਥਾਂ ਨਾਲ ਛੂਹਿਆ ਇਹ ਅਸੀਂ ਜੀਵਨ ਦੇ ਬਚਨ ਦੇ ਬਾਰੇ ਐਲਾਨ ਕਰਦੇ ਹਾਂ। 2 ਜੀਵਨ ਪ੍ਰਗਟ ਹੋਇਆ; ਅਸੀਂ ਉਸ ਨੂੰ ਵੇਖਿਆ ਹੈ ਅਤੇ ਇਸ ਦੀ ਗਵਾਹੀ ਦਿੰਦੇ ਹਾਂ ਅਤੇ ਅਸੀਂ ਤੁਹਾਨੂੰ ਸਦੀਵੀ ਜੀਵਨ ਦੀ ਘੋਸ਼ਣਾ ਕਰਦੇ ਹਾਂ, ਜੋ ਪਿਤਾ ਦੇ ਨਾਲ ਸੀ ਅਤੇ ਸਾਨੂੰ ਪ੍ਰਗਟ ਹੋਇਆ ਹੈ। 3 ਅਸੀਂ ਤੁਹਾਨੂੰ ਉਹ ਕੁਝ ਦੱਸਦੇ ਹਾਂ ਜੋ ਅਸੀਂ ਵੇਖਿਆ ਅਤੇ ਸੁਣਿਆ ਹੈ, ਤਾਂ ਜੋ ਤੁਸੀਂ ਵੀ ਸਾਡੇ ਨਾਲ ਸੰਗਤੀ ਕਰ ਸਕੋ ਅਤੇ ਸਾਡੀ ਸੰਗਤੀ ਪਿਤਾ ਅਤੇ ਉਸ ਦੇ ਪੁੱਤਰ, ਯਿਸ਼ੂ ਮਸੀਹ ਦੇ ਨਾਲ ਹੈ। 4 ਅਸੀਂ ਇੰਨ੍ਹਾਂ ਗੱਲਾਂ ਨੂੰ ਸਾਡੀ ਖੁਸ਼ੀ ਸੰਪੂਰਨ ਬਣਾਉਣ ਲਈ ਲਿਖਦੇ ਹਾਂ।
5 ਇਹ ਉਹ ਸੰਦੇਸ਼ ਹੈ ਜੋ ਅਸੀਂ ਪਰਮੇਸ਼ਵਰ ਦੇ ਪੁੱਤਰ ਯਿਸ਼ੂ ਮਸੀਹ ਤੋਂ ਸੁਣਿਆ ਹੈ ਅਤੇ ਤੁਹਾਨੂੰ ਦੱਸਦੇ ਹਾਂ: ਪਰਮੇਸ਼ਵਰ ਚਾਨਣ ਹੈ; ਉਸ ਵਿੱਚ ਬਿਲਕੁਲ ਹਨ੍ਹੇਰਾ ਨਹੀਂ ਹੈ। 6 ਜੇ ਅਸੀਂ ਉਸ ਨਾਲ ਸੰਗਤੀ ਰੱਖਣ ਦਾ ਦਾਅਵਾ ਕਰੀਏ ਅਤੇ ਫਿਰ ਵੀ ਹਨੇਰੇ ਵਿੱਚ ਚੱਲਦੇ ਹਾਂ, ਤਾਂ ਅਸੀਂ ਝੂਠ ਬੋਲਦੇ ਹਾਂ ਅਤੇ ਸੱਚਾਈ ਉੱਤੇ ਨਹੀਂ ਚੱਲਦੇ। 7 ਪਰ ਜੇ ਅਸੀਂ ਚਾਨਣ ਵਿੱਚ ਚੱਲਦੇ ਹਾਂ, ਜਿਵੇਂ ਉਹ ਚਾਨਣ ਵਿੱਚ ਹੈ, ਸਾਡੀ ਇੱਕ-ਦੂਜੇ ਨਾਲ ਸੰਗਤੀ ਹੈ, ਅਤੇ ਯਿਸ਼ੂ, ਉਸ ਦੇ ਪੁੱਤਰ ਦਾ ਲਹੂ ਸਾਨੂੰ ਸਾਰੇ ਪਾਪਾਂ ਤੋਂ ਸ਼ੁੱਧ ਕਰਦਾ ਹੈ।
8 ਜੇ ਅਸੀਂ ਆਖੀਏ ਕਿ ਅਸੀਂ ਪਾਪੀ ਨਹੀਂ ਹਾਂ, ਤਾਂ ਅਸੀਂ ਆਪਣੇ ਆਪ ਨੂੰ ਧੋਖਾ ਦਿੰਦੇ ਹਾਂ ਅਤੇ ਸੱਚਾਈ ਸਾਡੇ ਵਿੱਚ ਨਹੀਂ ਹੈ। 9 ਜੇ ਅਸੀਂ ਆਪਣੇ ਪਾਪਾਂ ਦਾ ਪਰਮੇਸ਼ਵਰ ਅੱਗੇ ਇਕਰਾਰ ਕਰਦੇ ਹਾਂ, ਉਹ ਵਫ਼ਾਦਾਰ ਅਤੇ ਧਰਮੀ ਹੈ ਅਤੇ ਸਾਡੇ ਪਾਪਾਂ ਨੂੰ ਮਾਫ਼ ਕਰ ਦੇਵੇਗਾ ਅਤੇ ਸਾਨੂੰ ਸਾਰੇ ਅਧਾਰਮਿਕਤਾ ਤੋਂ ਸ਼ੁੱਧ ਕਰੇਗਾ। 10 ਜੇ ਅਸੀਂ ਦਾਅਵਾ ਕਰਦੇ ਹਾਂ ਕਿ ਅਸੀਂ ਕੋਈ ਪਾਪ ਨਹੀਂ ਕੀਤਾ ਹੈ, ਤਾਂ ਅਸੀਂ ਪਰਮੇਸ਼ਵਰ ਨੂੰ ਝੂਠਾ ਬਣਾਉਂਦੇ ਹਾਂ ਅਤੇ ਉਸ ਦਾ ਬਚਨ ਸਾਡੇ ਵਿੱਚ ਨਹੀਂ ਹੈ।