Publicidade

1 João 5

ਪਰਮੇਸ਼ਵਰ ਦੇ ਅਵਤਾਰ ਪੁੱਤਰ ਵਿੱਚ ਵਿਸ਼ਵਾਸ

1 ਹਰ ਕੋਈ ਜੋ ਵਿਸ਼ਵਾਸ ਕਰਦਾ ਹੈ ਕਿ ਯਿਸ਼ੂ ਹੀ ਮਸੀਹ ਹੈ ਉਹ ਪਰਮੇਸ਼ਵਰ ਤੋਂ ਪੈਦਾ ਹੋਇਆ ਹੈ, ਅਤੇ ਹਰ ਕੋਈ ਜੋ ਪਿਤਾ ਨੂੰ ਪਿਆਰ ਕਰਦਾ ਹੈ ਆਪਣੇ ਬੱਚੇ ਨੂੰ ਵੀ ਪਿਆਰ ਕਰਦਾ ਹੈ। 2 ਜਦੋਂ ਅਸੀਂ ਪਰਮੇਸ਼ਵਰ ਨੂੰ ਪਿਆਰ ਕਰਦੇ ਅਤੇ ਉਹ ਦੇ ਹੁਕਮਾਂ ਉੱਤੇ ਚੱਲਦੇ ਹਾਂ, ਤਾਂ ਇਸ ਤੋਂ ਜਾਣਦੇ ਹਾਂ ਕਿ ਅਸੀਂ ਪਰਮੇਸ਼ਵਰ ਦੇ ਬੱਚਿਆਂ ਨੂੰ ਪਿਆਰ ਕਰਦੇ ਹਾਂ। 3 ਦਰਅਸਲ, ਉਸ ਦੇ ਆਦੇਸ਼ਾਂ ਨੂੰ ਮੰਨਣਾ ਹੀ ਪਰਮੇਸ਼ਵਰ ਲਈ ਪਿਆਰ ਹੈ। ਅਤੇ ਉਸ ਦੇ ਆਦੇਸ਼ ਬੋਝ ਨਹੀਂ ਹਨ, 4 ਕਿਉਂਕਿ ਪਰਮੇਸ਼ਵਰ ਤੋਂ ਪੈਦਾ ਹੋਇਆ ਹਰ ਇੱਕ ਜਨ ਸੰਸਾਰ ਨੂੰ ਜਿੱਤ ਲੈਂਦਾ ਹੈ। ਇਹ ਉਹ ਜਿੱਤ ਹੈ ਜਿਸ ਨੇ ਸੰਸਾਰ ਉੱਤੇ ਜਿੱਤ ਪਾਈ ਅਰਥਾਤ ਸਾਡਾ ਵਿਸ਼ਵਾਸ। 5 ਕੌਣ ਹੈ ਉਹ ਜੋ ਸੰਸਾਰ ਉੱਤੇ ਜਿੱਤ ਪਾਉਂਦਾ ਹੈ? ਕੇਵਲ ਉਹੀ ਹੈ ਜੋ ਵਿਸ਼ਵਾਸ ਕਰਦਾ ਹੈ ਕਿ ਯਿਸ਼ੂ ਪਰਮੇਸ਼ਵਰ ਦਾ ਪੁੱਤਰ ਹੈ।

6 ਇਹ ਉਹੀ ਹੈ ਜੋ ਪਾਣੀ ਅਤੇ ਖੂਨ ਦੁਆਰਾ ਆਇਆ ਅਰਥਾਤ ਯਿਸ਼ੂ ਮਸੀਹ। ਉਹ ਸਿਰਫ ਪਾਣੀ ਨਾਲ ਨਹੀਂ ਆਇਆ, ਬਲਕਿ ਪਾਣੀ ਅਤੇ ਖੂਨ ਦੁਆਰਾ ਆਇਆ ਸੀ। ਅਤੇ ਇਹ ਪਵਿੱਤਰ ਆਤਮਾ ਹੈ ਜੋ ਗਵਾਹੀ ਦਿੰਦਾ ਹੈ, ਕਿਉਂਕਿ ਪਵਿੱਤਰ ਆਤਮਾ ਸੱਚ ਹੈ। 7 ਕਿਉਂਕਿ ਇੱਥੇ ਤਿੰਨ ਹਨ ਜੋ ਗਵਾਹੀ ਦਿੰਦੇ ਹਨ: 8 ਆਤਮਾ, ਪਾਣੀ ਅਤੇ ਖੂਨ; ਅਤੇ ਇਹ ਤਿੰਨੇ ਸਹਿਮਤੀ ਵਿੱਚ ਹਨ। 9 ਜਦੋਂ ਅਸੀਂ ਮਨੁੱਖ ਦੀ ਗਵਾਹੀ ਨੂੰ ਮੰਨ ਲੈਂਦੇ ਹਾਂ, ਪਰ ਪਰਮੇਸ਼ਵਰ ਦੀ ਗਵਾਹੀ ਉਸ ਨਾਲੋਂ ਵੱਡੀ ਹੈ ਕਿਉਂਕਿ ਇਹ ਪਰਮੇਸ਼ਵਰ ਦੀ ਗਵਾਹੀ ਹੈ, ਜੋ ਉਸ ਨੇ ਆਪਣੇ ਪੁੱਤਰ ਬਾਰੇ ਦਿੱਤੀ ਹੈ। 10 ਜੋ ਕੋਈ ਵੀ ਪਰਮੇਸ਼ਵਰ ਦੇ ਪੁੱਤਰ ਵਿੱਚ ਵਿਸ਼ਵਾਸ ਕਰਦਾ ਹੈ ਉਹ ਇਸ ਗਵਾਹੀ ਨੂੰ ਸਵੀਕਾਰ ਕਰਦਾ ਹੈ। ਜਿਹੜਾ ਵੀ ਪਰਮੇਸ਼ਵਰ ਨੂੰ ਨਹੀਂ ਮੰਨਦਾ ਉਸ ਨੇ ਪਰਮੇਸ਼ਵਰ ਨੂੰ ਝੂਠਾ ਬਣਾ ਦਿੱਤਾ ਹੈ, ਕਿਉਂਕਿ ਉਹਨਾਂ ਨੇ ਵਿਸ਼ਵਾਸ ਨਹੀਂ ਕੀਤਾ ਕਿ ਪਰਮੇਸ਼ਵਰ ਨੇ ਆਪਣੇ ਪੁੱਤਰ ਬਾਰੇ ਗਵਾਹੀ ਦਿੱਤੀ। 11 ਅਤੇ ਇਹ ਗਵਾਹੀ ਹੈ: ਪਰਮੇਸ਼ਵਰ ਨੇ ਸਾਨੂੰ ਸਦੀਪਕ ਜੀਵਨ ਦਿੱਤਾ ਹੈ ਅਤੇ ਇਹ ਜੀਵਨ ਉਸ ਦੇ ਪੁੱਤਰ ਵਿੱਚ ਹੈ। 12 ਜਿਸ ਕੋਲ ਪੁੱਤਰ ਹੈ ਉਸ ਕੋਲ ਜੀਵਨ ਹੈ; ਜਿਸ ਕੋਲ ਪਰਮੇਸ਼ਵਰ ਦਾ ਪੁੱਤਰ ਨਹੀਂ ਹੈ ਉਸ ਕੋਲ ਜੀਵਨ ਵੀ ਨਹੀਂ ਹੈ।

ਸਮਾਪਤੀ ਪੁਸ਼ਟੀਕਰਨ

13 ਮੈਂ ਇਹ ਗੱਲਾਂ ਤੁਹਾਡੇ ਲਈ ਇਸ ਕਰਕੇ ਲਿਖ ਰਿਹਾ ਹਾਂ ਤਾਂ ਜੋ ਤੁਸੀਂ ਜਿਹੜੇ ਪਰਮੇਸ਼ਵਰ ਦੇ ਪੁੱਤਰ ਦੇ ਨਾਮ ਤੇ ਵਿਸ਼ਵਾਸ ਕਰਦੇ ਹੋ ਜਾਣ ਸਕੋ ਕਿ ਸਦੀਪਕ ਜੀਵਨ ਤੁਹਾਨੂੰ ਮਿਲਿਆ ਹੈ। 14 ਇਹੀ ਭਰੋਸਾ ਹੈ ਕਿ ਅਸੀਂ ਪਰਮੇਸ਼ਵਰ ਦੇ ਨੇੜੇ ਆਉਂਦੇ ਹਾਂ: ਜੇ ਅਸੀਂ ਉਸ ਦੀ ਇੱਛਾ ਅਨੁਸਾਰ ਕੁਝ ਮੰਗਦੇ ਹਾਂ, ਤਾਂ ਉਹ ਸਾਡੀ ਸੁਣਦਾ ਹੈ। 15 ਅਤੇ ਜੇ ਅਸੀਂ ਜਾਣਦੇ ਹਾਂ ਕਿ ਜੋ ਕੁਝ ਅਸੀਂ ਮੰਗਦੇ ਹਾਂ ਪਰਮੇਸ਼ਵਰ ਸਾਡੀ ਸੁਣਦਾ ਹੈ, ਤਾਂ ਇਹ ਵੀ ਅਸੀਂ ਜਾਣਦੇ ਹਾਂ ਕਿ ਮੰਗੀਆਂ ਹੋਈਆਂ ਵਸਤਾਂ ਜਿਹੜੀਆਂ ਅਸੀਂ ਉਸ ਤੋਂ ਮੰਗੀਆਂ ਹਨ, ਉਹ ਸਾਨੂੰ ਪ੍ਰਾਪਤ ਹੋ ਜਾਂਦੀਆਂ ਹਨ।

16 ਜੇ ਤੁਸੀਂ ਕਿਸੇ ਭਰਾ ਜਾਂ ਭੈਣ ਨੂੰ ਅਜਿਹਾ ਪਾਪ ਕਰਦੇ ਵੇਖੋ ਜਿਸ ਨਾਲ ਮੌਤ ਨਹੀਂ ਹੁੰਦੀ, ਤਾਂ ਤੁਹਾਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ ਅਤੇ ਪਰਮੇਸ਼ਵਰ ਉਹਨਾਂ ਨੂੰ ਜੀਵਨ ਦੇਵੇਗਾ। ਮੈਂ ਉਹਨਾਂ ਦਾ ਹਵਾਲਾ ਦਿੰਦਾ ਹਾਂ ਜਿਨ੍ਹਾਂ ਦੇ ਪਾਪ ਕਾਰਨ ਮੌਤ ਨਹੀਂ ਹੁੰਦੀ। ਇੱਕ ਪਾਪ ਹੈ ਜੋ ਮੌਤ ਵੱਲ ਲੈ ਜਾਂਦਾ ਹੈ। ਮੈਂ ਇਹ ਨਹੀਂ ਕਹਿ ਰਿਹਾ ਕਿ ਤੁਹਾਨੂੰ ਇਸ ਬਾਰੇ ਪਰਮੇਸ਼ਵਰ ਤੋਂ ਪ੍ਰਾਰਥਨਾ ਕਰਨੀ ਚਾਹੀਦੀ ਹੈ। 17 ਸਾਰੇ ਗਲਤ ਕੰਮ ਪਾਪ ਹਨ, ਅਤੇ ਅਜਿਹਾ ਪਾਪ ਹੈ ਜਿਸ ਨਾਲ ਮੌਤ ਨਹੀਂ ਹੁੰਦੀ।

18 ਅਸੀਂ ਜਾਣਦੇ ਹਾਂ ਕਿ ਜਿਹੜਾ ਵੀ ਪਰਮੇਸ਼ਵਰ ਤੋਂ ਪੈਦਾ ਹੋਇਆ ਹੈ, ਉਹ ਪਾਪ ਨਹੀਂ ਕਰਦਾ; ਸਗੋਂ ਜਿਹੜਾ ਪਰਮੇਸ਼ਵਰ ਤੋਂ ਪੈਦਾ ਹੋਇਆ ਉਹ ਉਹਨਾਂ ਨੂੰ ਸੁਰੱਖਿਅਤ ਰੱਖਦਾ ਹੈ, ਅਤੇ ਦੁਸ਼ਟ ਉਹਨਾਂ ਨੂੰ ਨੁਕਸਾਨ ਨਹੀਂ ਪਹੁੰਚਾ ਸਕਦਾ। 19 ਅਸੀਂ ਜਾਣਦੇ ਹਾਂ ਕਿ ਅਸੀਂ ਪਰਮੇਸ਼ਵਰ ਦੇ ਬੱਚੇ ਹਾਂ, ਅਤੇ ਇਹ ਕਿ ਸਾਰਾ ਸੰਸਾਰ ਦੁਸ਼ਟ ਦੇ ਅਧੀਨ ਹੈ। 20 ਅਸੀਂ ਇਹ ਵੀ ਜਾਣਦੇ ਹਾਂ ਕਿ ਪਰਮੇਸ਼ਵਰ ਦਾ ਪੁੱਤਰ ਆਇਆ ਹੈ ਅਤੇ ਸਾਨੂੰ ਸਮਝ ਦਿੱਤੀ ਹੈ, ਤਾਂ ਜੋ ਅਸੀਂ ਉਸ ਨੂੰ ਜਾਣ ਸਕੀਏ ਜੋ ਸੱਚਾ ਹੈ। ਅਤੇ ਅਸੀਂ ਉਸ ਵਿੱਚ ਹਾਂ ਜੋ ਉਸ ਦੇ ਪੁੱਤਰ ਯਿਸ਼ੂ ਮਸੀਹ ਵਿੱਚ ਹੋਣ ਦੁਆਰਾ ਸੱਚਾ ਹੈ। ਉਹ ਸੱਚਾ ਪਰਮੇਸ਼ਵਰ ਅਤੇ ਸਦੀਪਕ ਜੀਵਨ ਹੈ।

21 ਹੇ ਪਿਆਰੇ ਬੱਚਿਓ, ਆਪਣੇ ਆਪ ਨੂੰ ਮੂਰਤੀਆਂ ਦੀ ਉਪਾਸਨਾ ਤੋਂ ਦੂਰ ਰੱਖੋ।

Veja também

Publicidade
1 João
Ver todos os capítulos de 1 João
Bíblia Online Bíblia Online

Bíblia Online • Versão: 2026-06-16_18-40-07-